ਬਾਬੂਸ਼ਾਹੀ · ਲੜੀਵਾਰ ਨਾਵਲ
ਆਪੇ ਦੀ ਭਾਲ਼
Aape Di Bhaal ਰਛਪਾਲ ਸਹੋਤਾ
ਕਿਸ਼ਤ 7 — ਵਧਦੇ ਕਦਮ
ਵੀਰਵਾਰ, 26 ਨਵੰਬਰ 2026
← ਪਿਛਲੀ ਕਿਸ਼ਤ · ਸਾਰੀਆਂ ਕਿਸ਼ਤਾਂ · ਅਗਲੀ ਕਿਸ਼ਤ →
ਅਗਲੀਆਂ ਕਿਸ਼ਤਾਂ ਹਰ ਸੋਮਵਾਰ ਅਤੇ ਵੀਰਵਾਰ
ਪਿਛਲੀ ਕਿਸ਼ਤ ਵਿੱਚ
ਜੱਗੀ ਦਾ ਇਕੱਲਾਪਣ ਕੁੱਝ ਦੇਰ ਚੱਲਿਆ, ਪਰ ਹੌਲੀ ਹੌਲੀ ਜਦੋਂ ਉਹਦੇ ਜਮਾਤੀਆਂ ਨੇ ਵੇਖਿਆ ਜੱਗੀ ਕਿੰਨਾ ਹੁਸ਼ਿਆਰ ਸੀ, ਉਹਨਾਂ ਦੀ ਰੰਜਸ਼ ਘਟਦੀ ਗਈ ਤੇ ਉਹ ਉਹਨੂੰ ਸਵੀਕਾਰਨ ਲੱਗੇ।
ਕਾਂਡ 6
ਹਰ ਰੋਜ਼ ਸ਼ਾਮੀ ਚਾਰ ਵਜੇ ਜੱਗੀ ਸਕੂਲੋਂ ਪਰਤਦਾ। ਉਹਨੂੰ ਦੁੱਧ ਦਾ ਗਲਾਸ ਦੇਣ ਤੋਂ ਬਾਅਦ ਬਿੰਦੋ ਤੇਜੇ ਲਈ ਚਾਹ ਬਣਾਉਂਦੀ ਤੇ ਦੋਵੇਂ ਖੇਤਾਂ ਨੂੰ ਚਲੇ ਜਾਂਦੇ। ਚਾਹ ਦੀ ਗੜਵੀ ਤੇਜੇ ਨੂੰ ਫੜਾ ਉਹ ਦਾਤਰੀ ਚੁੱਕਦੀ ਤੇ ਡੰਗਰਾਂ ਲਈ ਚਾਰਾ ਲੈਣ, ਜਵਾਰ ਦੇ ਖੇਤ ਵੱਲ ਤੁਰ ਜਾਂਦੀ। ਖੇਤ ਦੇ ਨਾਲ ਨਾਲ ਇੱਕ ਪਾਸੇ ਇੱਕ ਨਿੱਕੀ ਪਹਾੜੀ ਸੀ, ਜਿੱਥੇ ਕਿੰਨੀਆਂ ਹੀ ਬੇਰਾਂ ਨਾਲ ਭਰੀਆਂ, ਕੰਡਿਆਲੀਆਂ ਝਾੜੀਆਂ ਸਨ। ਬੱਚੇ ਕੰਡੇ ਵੱਜਣ ਦੇ ਬਾਵਜੂਦ ਵੀ ਬੇਰ ਤੋੜਨ ਤੋਂ ਨਹੀਂ ਸਨ ਹਟਦੇ। ਜੱਗੀ ਵੀ ਬੇਰ ਤੋੜਨ ਉੱਧਰ ਭੱਜ ਜਾਂਦਾ। “ਜੱਗੀ ਕੰਡਿਆਂ ਤੋਂ ਬਚ ਕੇ,” ਬਿੰਦੋ ਪਿੱਛੋਂ ਵਾਜ ਮਾਰਦੀ।
“ਇਹਨੂੰ ਖੇਡ ਲੈਣ ਦੇ, ਤੇਜਾ ਟੋਕਦਾ, ਮੁੰਡੇ ਐਦਾਂ ਹੀ ਜਵਾਨ ਹੋਇਆ ਕਰਦੇ ਨੇ।“
ਬਿੰਦੋ ਅੱਧੇ ਕੁ ਘੰਟੇ ਵਿੱਚ ਪੱਠੇ ਵੱਢ, ਗੱਡੇ ਤੇ ਰੱਖ ਦਿੰਦੀ ਤੇ ਮੁੜ ਘਰੇ ਆਕੇ ਆਪਣੇ ਸਿਲਾਈ ਦੇ ਕੰਮ ਵਿੱਚ ਜੁਟ ਜਾਂਦੀ। ਜੱਗੀ ਆਪਣੀ ਖੇਡ ਵਿੱਚ ਮਸਤ ਉੱਥੇ ਹੀ ਰਹਿ ਜਾਂਦਾ। ਕਦੀ ਕਦੀ ਉਹ ਆਪਣੇ ਪਿਤਾ ਦੇ ਲਾਗੇ ਖੇਡਦਾ, ਜਿਵੇਂ ਕੰਮ ਵਿੱਚ ਉਹਦੀ ਮਦਦ ਕਰ ਰਿਹਾ ਹੋਵੇ।
“ਬਾਪੂ ਜੀ, ਬਲਦ ਦੇ ਫਾਲਾ ਕਿਉਂ ਨੀਂ ਵੱਜਦਾ, ਜਦੋਂ ਇਹ ਫਾਲੇ ਤੇ ਪੈਰ ਧਰਦਾ ਏ?” ਤੇਜੇ ਦੇ ਹਲ਼ ਪਿੱਛੇ ਸਿਆੜ ਵਿੱਚ ਤੁਰਿਆ ਆਉਂਦਾ ਜੱਗੀ ਪੁੱਛਦਾ।
“ਜੇ ਹਲ਼ ਨੂੰ ਸਿੱਧਾ ਫੜਕੇ ਰੱਖੋ ਤਾਂ ਬਲਦ ਦਾ ਪੈਰ ਫਾਲੇ ਤੇ ਨਹੀਂ ਵੱਜਦਾ,” ਤੇਜਾ ਜਵਾਬ ਦੇਂਦਾ, “ਵੱਜ ਸਕਦਾ ਏ ਜੇ ਤੁਸੀਂ ਧਿਆਨ ਨਾ ਰੱਖੋ ਤਾਂ।“
ਜੇਕਰ ਤੇਜਾ ਸੁਹਾਗਾ ਜਾਂ ਦੰਦਰਾਲ਼ ਦੇ ਰਿਹਾ ਹੁੰਦਾ ਤਾਂ ਜੱਗੀ ਭੱਜ ਕੇ ਉਹਦੀਆਂ ਦੀਆਂ ਲੱਤਾਂ ਵਿੱਚ ਜਾ ਬੈਠਦਾ। ਉਹਦੀ ਲੱਤ ਨੂੰ ਇੱਕ ਬਾਂਹ ਨਾਲ ਘੁੱਟ ਕੇ ਫੜਦਾ ਤੇ ਦੂਜੇ ਹੱਥ ਨਾਲ ਫੰੜ੍ਹਗਿਆਂ ਤੇ ਡੱਕਿਆਂ ਨੂੰ, ਚਲਦੇ ਸੁਹਾਗੇ ਥੱਲੇ ਜਾਂ ਦੰਦਰਾਲ਼ ਦੇ ਦੰਦਿਆਂ ਵਿੱਚ ਜਾਣ ਤੋਂ ਪਹਿਲਾਂ ਫੜਨ ਦੀ ਕੋਸ਼ਿਸ਼ ਕਰਦਾ।
“ਧਿਆਨ ਨਾਲ ਜੱਗੀ, ਮੇਰੀ ਲੱਤ ਨਾ ਛੱਡ ਦੇਵੀਂ,” ਤੇਜਾ ਸਾਵਧਾਨ ਕਰਦਾ।
ਅਕਸਰ ਹੀ ਜੱਗੀ ਨਾਲ ਖੇਡਣ ਲਈ, ਹਿੰਮਤ ਤੇ ਕਈ ਵਾਰ ਰਾਣੀ ਵੀ ਉੱਥੇ ਆ ਜਾਂਦੇ, ਤੇ ਉਹ ਖੇਤਾਂ ਵਿੱਚ ਜਾਂ ਟਿੱਬੀ ਤੇ ਝਾੜੀਆਂ ਦੁਆਲ਼ੇ ਖੇਡਦੇ ਰਹਿੰਦੇ, ਭੱਜਦੇ ਰਹਿੰਦੇ।
ਵਾਢੀਆਂ ਜਾਂ ਜੀਰੀ ਦੀ ਲੁਆਈ ਦੇ ਰੁਝੇਵਿਆਂ ਵਾਲੇ ਦਿਨਾਂ ਵਿੱਚ, ਤੇਜਾ ਬਸਤੀ ਚੋਂ ਦਿਹਾੜੀਦਾਰ ਰੱਖ ਲੈਂਦਾ ਸੀ। ਤੇਜਾ ਆਪ ਐਨਾ ਮਿਹਨਤੀ ਸੀ ਕਿ ਆਮ ਦਿਨਾਂ ਵਿੱਚ ਜੱਗੀ ਨੇ ਉਹਦੇ ਨਾਲ ਕਦੇ ਹੀ ਕੋਈ ਕਾਮਾ ਵੇਖਿਆ ਹੋਊ—ਛੱਜੂ ਤੋਂ ਇਲਾਵਾ।
ਛੱਜੂ ਕੋਈ ਚਾਲੀ ਕੁ ਸਾਲਾਂ ਦਾ, ਪਤਲੇ ਸਰੀਰ ਵਾਲਾ ਆਦਮੀ ਸੀ। ਉਹਦੀ ਖੱਬੀ ਲੱਤ ਸੱਜੀ ਨਾਲ਼ੋਂ ਛੋਟੀ ਸੀ, ਜਿਸ ਕਰਕੇ ਉਹਦੀ ਚਾਲ ਵਿੱਚ ਅਜੀਬ ਜਿਹੀ ਢੀਂਗਰ ਸੀ। ਉਹ ਹਮੇਸ਼ਾ ਆਪਣੇ ਮੋਢੇ ਤੇ ਇੱਕ ਸਲ਼ੰਘ ਰੱਖਦਾ ਸੀ। ਲੋਕੀ ਉਹਨੂੰ ਲੰਗੜਾ ਕਰਕੇ ਜਾਣਦੇ ਸਨ ਤੇ ਕਦੀ ਕਦਾਈਂ ਸਲ਼ੰਘ-ਵਾਲਾ-ਲੰਗੜਾ ਵੀ। ਕਈ ਉਹਨੂੰ ਸਲ਼ੰਘ-ਵਾਲਾ-ਚੂਹਾ ਵੀ ਕਹਿੰਦੇ ਸਨ, ਕਿਉਂਕਿ ਉਹ ਕਦੀ, ਕਿਸੇ ਦੇ ਸਿਰ ਨਹੀਂ ਸੀ ਆਉਂਦਾ, ਤੇ ਜੇ ਉਹਨੂੰ ਕਿਤੋਂ ਲੜਾਈ ਦੀ ਮੁਸ਼ਕ ਵੀ ਆ ਜਾਂਦੀ, ਉਹ ਪਰੇ ਖਿਸਕ ਜਾਂਦਾ।
ਕੰਮ ਕਰਵਾਉਣ ਲਈ ਛੱਜੂ ਨੂੰ ਬੁਲਾਉਣ ਦੀ ਲੋੜ ਨਹੀਂ ਸੀ ਪੈਂਦੀ, ਜਦੋਂ ਉਹਦਾ ਜੀ ਕਰਦਾ ਆ ਜਾਂਦਾ, ਤੇ ਜੋ ਵੀ ਤੇਜਾ ਕਰ ਰਿਹਾ ਹੁੰਦਾ, ਨਾਲ ਕਰਵਾਉਣ ਲੱਗ ਪੈਂਦਾ। ਛੱਜੂ ਹੋਰ ਕਿਸਾਨਾਂ ਨਾਲ ਵੀ, ਜਿਨ੍ਹਾਂ ਨੂੰ ਉਹ ਪਸੰਦ ਕਰਦਾ ਸੀ, ਐਦਾਂ ਹੀ ਕਰਦਾ ਸੀ। ਉਹ ਕੁੱਝ ਘੰਟੇ ਕੰਮ ਕਰਦਾ ਤੇ ਜੋ ਵੀ ਭੱਤਾ ਉਹਨੂੰ ਮਿਲਦਾ, ਭਾਵੇਂ ਉਹ ਰੁੱਖੀ ਸੁੱਖੀ ਰੋਟੀ ਹੀ ਕਿਉਂ ਨਾ ਹੁੰਦੀ, ਲੈ ਕੇ ਤੁਰ ਜਾਂਦਾ। ਪਰ ਬਿਨਾਂ ਕੰਮ ਕੀਤਿਆਂ ਉਹ ਕਿਸੇ ਤੋਂ ਖਾਣਾ ਵੀ ਨਹੀਂ ਸੀ ਲੈਂਦਾ।
ਛੱਜੂ ਦਾ ਕੋਈ ਪਰਿਵਾਰ ਨਹੀਂ ਸੀ ਤੇ ਉਹ ਇਕੱਲਾ ਹੀ ਰਹਿੰਦਾ ਸੀ। ਉਹ ਨੀਵੀਂ ਜਾਤ ਦਾ ਸੀ, ਪਰ ਅਛੂਤ ਨਹੀਂ ਸੀ, ਅਤੇ ਜੇ ਚਾਹੁੰਦਾ ਤਾਂ ਸੜਕ ਦੇ ਜੱਟਾਂ ਵਾਲੇ ਪਾਸੇ ਪਿੰਡ ਵਿੱਚ ਰਹਿ ਸਕਦਾ ਸੀ। ਪਰ ਉਹਨੇ ਗੁਰਦਵਾਰੇ ਵੱਲ, ਪਿੰਡ ਤੋਂ ਦੂਰ, ਇੱਕ ਬੋਹੜ ਥੱਲੇ ਆਪਣੀ ਝੁੱਗੀ ਪਾਈ ਸੀ, ਜਿਸ ਵਿੱਚ ਉਸ ਨੇ ਆਪਣੀ ਸਾਰੀ ਜਾਇਦਾਦ—ਉਹਦੀ ਸਲ਼ੰਘ, ਜਿਸ ਬਿਨਾਂ ਉਹ ਕਦਮ ਨਹੀਂ ਸੀ ਪੁੱਟਦਾ, ਇੱਕ ਬੋਰੀਆਂ ਕੱਜੀ ਮੰਜੀ, ਦੋ ਕੁ ਕੰਬਲ, ਪਾਣੀ ਦਾ ਘੜਾ ਤੇ ਖਾਣਾ ਬਣਾਉਣ ਅਤੇ ਖਾਣ ਵਾਲੇ ਕੁੱਝ ਬਰਤਨ—ਸਾਂਭੀ ਸੀ। ਉਹ ਖਾਣ ਦਾ ਬਹੁਤਾ ਸ਼ੌਕੀਨ ਨਹੀਂ ਸੀ ਤੇ ਕਦੇ ਕਿਸੇ ਨੇ ਉਹਨੂੰ ਬਿਮਾਰ ਨਹੀਂ ਸੀ ਵੇਖਿਆ।
ਛੱਜੂ ਬਹੁਤਾ ਬੋਲਦਾ ਨਹੀਂ ਸੀ, ਪਰ ਜਦੋਂ ਵੀ ਬੋਲਦਾ ਸੀ, ਮੂੰਹ ਨੂੰ ਉਤਾਂਹ ਵੱਲ ਝਟਕਾ ਮਾਰਕੇ ਗੱਲ ਕਰਦਾ ਸੀ, ਜਿਵੇਂ ਉਹਦੇ ਬੋਲ ਧੱਕਾ ਮਾਰਦੇ ਹੋਣ। ਜੇ ਕੋਈ ਉਹਦਾ ਮਖ਼ੌਲ ਉਡਾਉਂਦਾ ਤਾਂ ਉਹ ਨਜ਼ਰ ਅੰਦਾਜ਼ ਕਰ ਦਿੰਦਾ, ਤੇ ਜੇਕਰ ਉਹਨੇ ਕਿਸੇ ਦੀ ਗੱਲ ਦਾ ਜਵਾਬ ਨਾ ਦੇਣਾ ਹੁੰਦਾ ਤਾਂ ਅਸਮਾਨ ਵੱਲ ਇੱਕ ਹੂੰ ਸੁੱਟ ਕੇ ਸਿਰ ਹਿਲਾਉਂਦਾ ਅਤੇ ਪਰੇ ਚਲਾ ਜਾਂਦਾ।
ਜੱਗੀ ਛੱਜੂ ਨੂੰ ਹਮੇਸ਼ਾ ਛੱਜੂ-ਚਾਚਾ ਕਹਿ ਕੇ ਬੁਲਾਉਂਦਾ ਸੀ, ਉਸੇ ਇੱਜ਼ਤ ਨਾਲ ਜਿਹੜੀ ਉਹਦੇ ਹੋਰਨਾਂ ਵੱਡਿਆਂ ਦੀ ਕਰਨੀ ਸਿੱਖੀ ਸੀ। ਜੱਗੀ ਨੇ ਕਦੀ ਵੀ ਉਹ ਭੈੜੇ ਸ਼ਬਦ, ਜੋ ਬਾਕੀ ਲੋਕੀ ਛੱਜੂ ਲਈ ਵਰਤ ਲੈਂਦੇ ਸਨ, ਨਹੀਂ ਸਨ ਬੋਲੇ; ਉਹ ਛੱਜੂ ਨੂੰ ਆਪਣਾ ਦੋਸਤ ਸਮਝਦਾ ਸੀ।
“ਛੱ... ਛੱਜੂ ਚ... ਚਾਚਾ, ਤੂੰ ਆਪਣੇ ਕੋਲ ਹਮੇਸ਼ਾ ਸ... ਸਲ਼ੰ... ਸਲ਼ੰਘ ਕਿਉਂ ਰੱ.. ਰੱਖਦਾ ਏਂ?” ਉਹਨੇ ਇੱਕ ਦਿਨ ਪੁੱਛਿਆ।
“ਤਿਆਰੀ ਰੱਖਣੀ ਜਰੂਰੀ,” ਛੱਜੂ ਬੋਲਿਆ। ਛੱਜੂ ਦੇ ਜਵਾਬ ਅਕਸਰ ਹੀ ਇਸ ਤਰਾਂ ਦੇ ਸੰਖੇਪ ਅਤੇ ਹਸਾਉਣੇ ਹੁੰਦੇ ਸਨ।
“ਤਿਆਰੀ ਕਾ... ਕਾ... ਕਾਹਦੇ ਲਈ ਚਾਚਾ?”
“ਹੂੰ,” ਛੱਜੂ ਨੇ ਠੋਡੀ ਉੱਤੇ ਸੁੱਟਦਿਆਂ ਜਵਾਬ ਦਿੱਤਾ।
ਜੱਗੀ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਛੱਜੂ ਨੂੰ ਕਾਸ ਲਈ ਤਿਆਰ ਰਹਿਣ ਦੀ ਲੋੜ ਹੈ।
ਛੱਜੂ ਦੀਆਂ ਬੇਤੁਕੀਆਂ ਬਾਰੇ ਸੋਚ ਬਿੰਦੋ ਹੱਸ ਪਈ। “ਆਪਣੇ ਆਪ ਨੂੰ ਬਚਾਉਣ ਲਈ, ਜੇ ਕਦੀ ਕੋਈ ਉਹਦੇ ਤੇ ਹਮਲਾ ਕਰੇ,” ਉਹਨੇ ਹੱਸ ਕੇ ਜਵਾਬ ਦਿੱਤਾ।
ਜੱਗੀ ਨੇ ਕਲਪਨਾ ਕੀਤੀ ਜਿਵੇਂ ਬੰਤੇ ਨੇ ਛੱਜੂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੋਵੇ ਤੇ ਛੱਜੂ ਸਲ਼ੰਘ ਲੈ ਕੇ, ਉਹਦੇ ਪਿੱਛੇ ਦੌੜ ਰਿਹਾ ਹੋਵੇ। ਫਿਰ ਜੱਗੀ ਨੇ, ਸੱਜੀ ਲੱਤ ਨੂੰ ਘੁਮਾ ਕੇ ਖੱਬੀ ਮੂਹਰੇ ਰੱਖਦਿਆਂ, ਛੱਜੂ ਵਾਂਗ ਭੱਜਣ ਦੀ ਕੋਸ਼ਿਸ਼ ਕੀਤੀ। ਉਹਨੂੰ ਛੱਜੂ ਵਾਂਗ ਭੱਜਣਾ ਸਿੱਖਣ ਦਾ ਝੱਲ ਚੜ ਗਿਆ ਤੇ ਉਹ ਆਪਣੀ ਛੱਜੂ-ਚਾਲ ਦੀ ਹਰ ਰੋਜ਼ ਪ੍ਰੈਕਟਿਸ ਕਰਨ ਲੱਗਾ। ਇੱਕ ਦਿਨ ਬਿੰਦੋ ਨੇ ਉਹਨੂੰ ਇੱਦਾਂ ਕਰਦਿਆਂ ਵੇਖ ਲਿਆ ਤੇ ਘੂਰਿਆ।
“ਇੱਕ ਅਪਾਹਜ ਬੰਦੇ ਦੀ ਨਕਲ ਲਾਉਣੀ ਕੋਈ ਵਧੀਆ ਗੱਲ ਨਹੀਂ ਹੁੰਦੀ,” ਉਹ ਗ਼ੁੱਸੇ ਨਾਲ ਬੋਲੀ, “ਉਸ ਵਿਚਾਰੇ ਦਾ ਕੀ ਕਸੂਰ ਹੈ ਜੇ ਉਹ ਬਾਕੀ ਸਾਰਿਆਂ ਵਾਂਗ ਨਹੀਂ ਤੁਰ ਸਕਦਾ।”
ਉਸ ਤੋਂ ਬਾਅਦ ਜੱਗੀ ਨੇ ਭਾਵੇਂ ਆਪਣੀ ਛੱਜੂ-ਚਾਲ ਦੀ ਪ੍ਰੈਕਟਿਸ ਛੱਡ ਦਿੱਤੀ, ਪਰ ਉਸ ਦੇ ਮਨ ਤੇ ਛੱਜੂ ਦੀ ਸਖਸ਼ੀਅਤ ਦਾ ਇੱਕ ਖ਼ਾਸ ਪ੍ਰਤੀਬਿੰਬ ਬਣ ਗਿਆ, ਜਿਸ ਵਿੱਚੋਂ ਉਹਨੂੰ ਇੱਕ ਜਾਦੂ ਦੀ ਝਲਕ ਪੈਣ ਲੱਗ ਗਈ ਸੀ।
ਜਦੋਂ ਜੱਗੀ ਅਗਲੇ ਸਾਲ ਚੌਥੀ ਜਮਾਤ ਵਿੱਚ ਹੋਇਆ ਤਾਂ ਉਹਨੂੰ ਛੱਜੂ ਦੇ ਅਕਸ ਨਾਲ ਕਲੋਲ ਕਰਨ ਦਾ ਮੌਕਾ ਮਿਲਿਆ। ਹਰੇਕ ਮਹੀਨੇ, ਆਪਣੀਆਂ ਘੜੀਆਂ ਕਹਾਣੀਆਂ ਸੁਣਾਉਣ ਲਈ, ਉਹਨਾਂ ਦਾ ਇੱਕ ਦਿਨ ਰਾਖਵਾਂ ਸੀ। ਜਦੋਂ ਜੱਗੀ ਦੀ ਕਹਾਣੀ ਸੁਣਾਉਣ ਦੀ ਵਾਰੀ ਆਈ ਤਾਂ ਉਹਨੇ ਛੱਜੂ ਤੇ ਕਹਾਣੀ ਲਿਖਣ ਦਾ ਨਿਰਨਾ ਕਰ ਲਿਆ। ਤਿੰਨ ਸਫ਼ਿਆਂ ਦੀ ਕਹਾਣੀ ਵਿੱਚ ਇੱਕ ਬੁੱਢੀ ਔਰਤ ਦੇ ਘਰ ਨੂੰ ਡਾਕਾ ਪੈਣ ਦਾ ਜ਼ਿਕਰ ਸੀ ਅਤੇ ਡਾਕਾ ਪੈਣ ਵੇਲੇ ਸਾਰਾ ਪਿੰਡ ਸੁੱਤੇ ਹੋਣ ਦਾ ਬਹਾਨਾ ਕਰਕੇ ਟਿਕਿਆ ਪਿਆ ਸੀ, ਤਾਂ ਜੋ ਡਾਕੂਆਂ ਨਾਲ ਮੱਥਾ ਨਾ ਲੱਗੇ। ਪਰ ਕਹਾਣੀ ਦੇ ਲੰਗੜੇ ਹੀਰੋ ਨੇ, ਇਕੱਲਿਆਂ, ਆਪਣੀ ਸਲ਼ੰਘ ਨਾਲ ਡਾਕੂਆਂ ਨੂੰ ਡਰਾ ਕੇ ਭਜਾ ਦਿੱਤਾ।
ਵਾਰੀ ਆਉਣ ਤੇ ਜੱਗੀ, ਸੁਚੱਜੀ ਲਿਖਾਈ ਵਿੱਚ ਲਿਖੇ ਤਿੰਨ ਵਰਕੇ ਲੈ ਕੇ, ਖੜ੍ਹਾ ਹੋ ਗਿਆ।
“ਤੇਰੀ ਕਹਾਣੀ ਮੈਂ ਪੜ੍ਹ ਦਿਆਂ?” ਸੁਰਜੀਤ ਸਿੰਘ ਨੇ ਪੇਸ਼ਕਸ਼ ਕੀਤੀ।
“ਨਹੀਂ, ਜੱਗੀ ਬੋਲਿਆ, ਮੈਂ ਪ... ਪੜ੍ਹਾਂਗਾ।”
“ਠੀਕ ਹੈ, ਸੁਣਾ ਫੇਰ,” ਸੁਰਜੀਤ ਸਿੰਘ ਨੇ ਕਿਹਾ।
ਸਾਰੇ ਉਤਸੁਕਤਾ ਨਾਲ ਜੱਗੀ ਵੱਲ ਵੇਖ ਰਹੇ ਸਨ। ਜਿਉਂ ਹੀ ਜੱਗੀ ਨੇ ਹਕਲ਼ਾਉਂਦੀ ਆਵਾਜ਼ ਵਿੱਚ ਪੜ੍ਹਨਾ ਸ਼ੁਰੂ ਕੀਤਾ, ਉਹਦੇ ਮੱਥੇ ਤੇ ਤਰੇਲੀ ਆ ਗਈ। ਹਕਲ਼ਾਉਂਦੀ ਆਵਾਜ਼ ਕਰਕੇ ਉਹਨੂੰ ਕਹਾਣੀ ਸੁਣਾਉਣ ਵਿੱਚ ਲੋੜ ਤੋਂ ਵੱਧ ਦੇਰ ਲੱਗ ਰਹੀ ਸੀ, ਪਰ ਬੱਚਿਆਂ ਦੇ ਸਬਰ ਨੇ ਜੱਗੀ ਨੂੰ ਬਹੁਤ ਤਸੱਲੀ ਦਿੱਤੀ। ਜਿਉਂ ਜਿਉਂ ਉਹ ਕਹਾਣੀ ਵਿੱਚ ਖੁੱਭਦਾ ਗਿਆ, ਉਹਦਾ ਮਨ ਤੇ ਸਰੀਰ ਸੁਖਾਵੇਂ ਹੁੰਦੇ ਗਏ। ਉਹਨੂੰ ਪਤਾ ਹੀ ਨਾ ਲੱਗਾ, ਕਿਵੇਂ ਉਹਨੇ ਆਪਣੀ ਛੱਜੂ-ਚਾਲ ਕਹਾਣੀ ਵਿੱਚ ਰਲਾ ਦਿੱਤੀ, ਜਿਸ ਨਾਲ ਬੱਚੇ ਖੂਬ ਹੱਸੇ। ਕਹਾਣੀ ਦੇ ਅਖੀਰ ਵਿੱਚ ਉਹਨਾਂ ਨੇ ਬਹੁਤ ਤਾੜੀਆਂ ਮਾਰੀਆਂ।
ਇਹ ਜੱਗੀ ਦੀ ਜ਼ਿੰਦਗੀ ਵਿੱਚ ਇਕ ਵੱਡਾ ਮੋੜ ਸੀ, ਤੇ ਇਹਦੇ ਨਾਲ ਉਹਦਾ ਬੱਚਿਆਂ ਸਾਹਮਣੇ, ਜਮਾਤ ਵਿੱਚ ਬੋਲਣ ਦਾ ਹੌਸਲਾ ਵਧਣ ਲੱਗ ਪਿਆ। ਭਾਵੇਂ ਉਹ ਸਾਰਿਆਂ ਦਾ ਦਿਲ ਤਾਂ ਨਾ ਜਿੱਤ ਸਕਿਆ, ਪਰ ਬੱਚਿਆਂ ਵਿੱਚ ਉਹਦੇ ਹਕਲ਼ੇਪਣ ਦਾ ਓਪਰੇਵਾਂ ਘਟ ਗਿਆ। ਜਿਵੇਂ ਲੋਕੀ ਕਿਸੇ ਇਨਸਾਨ ਦੇ ਮੋਟਾਪੇ ਜਾਂ ਜ਼ਿਆਦਾ ਲੰਮੇ-ਛੋਟੇ ਕੱਦ ਨੂੰ ਉਸ ਦੀ ਸਖਸ਼ੀਅਤ ਦਾ ਹਿੱਸਾ ਮੰਨ ਲੈਂਦੇ ਨੇ, ਬੱਚੇ ਜੱਗੀ ਦੇ ਹਕਲ਼ੇਪਣ ਨੂੰ ਉਹਦੇ ਕਿਰਦਾਰ ਦਾ ਹਿੱਸਾ ਸਮਝਣ ਲੱਗ ਪਏ। ਸਭ ਤੋਂ ਵੱਡੀ ਗੱਲ ਤੇ ਇਹ ਕਿ ਜਿਉਂ ਜਿਉਂ ਬੱਚਿਆਂ ਨਾਲ ਜੱਗੀ ਦੀ ਦੋਸਤੀ ਵਧਣ ਲੱਗੀ, ਨਾ ਸਿਰਫ ਉਹਦਾ ਹਕਲ਼ਾਪਣ ਘਟਣ ਲੱਗਾ, ਸਗੋਂ ਉਹਦਾ ਆਪਣੀ ਆਵਾਜ਼ ਨੂੰ ਲਕੋ ਕੇ ਰੱਖਣ ਦਾ ਬੋਝ ਵੀ ਘਟ ਗਿਆ।
ਚੌਥੀ ਜਮਾਤ ਦੇ ਅਖੀਰ ਵਿੱਚ ਜੱਗੀ ਨੇ ਜ਼ਿਲ੍ਹਾ ਪੱਧਰ ਦਾ ਵਜ਼ੀਫ਼ਾ ਜਿੱਤ ਲਿਆ। ਇਹ ਕਾਮਯਾਬੀ ਸਿਰਫ ਜੱਗੀ ਲਈ ਹੀ ਨਹੀਂ ਸੁਰਜੀਤ ਸਿੰਘ ਲਈ ਵੀ ਬਹੁਤ ਮਾਣ ਵਾਲੀ ਗੱਲ ਸੀ। ਹੁਣ ਸੁਰਜੀਤ ਸਿੰਘ ਕੋਲ ਜੱਗੀ ਨੂੰ ਇੱਕ ਜਮਾਤ ਦਾ ਛੜੱਪਾ ਮਰਵਾਉਣ ਦਾ ਪੁਸ਼ਟੀਕਰਨ ਸੀ; ਉਹ ਆਪਣੇ ਤੇ ਲੱਗੇ ਪੱਖਪਾਤ ਦੇ ਦੋਸ਼ ਚੋਂ ਬਰੀ ਸੀ।
ਬਿੰਦੋ ਅਤੇ ਤੇਜੇ ਨੇ ਜੱਗੀ ਦੀ ਕਾਮਯਾਬੀ ਮਨਾਉਣ ਲਈ ਉਹਦੇ ਲਈ ਇੱਕ ਸਪੈਸ਼ਲ ਤੋਹਫ਼ੇ ਦਾ ਪ੍ਰਬੰਧ ਕੀਤਾ ਹੋਇਆ ਸੀ। ਜੱਗੀ ਕਾਫ਼ੀ ਦੇਰ ਤੋਂ ਇੱਕ ਕੁੱਤੇ ਦੀ ਮੰਗ ਕਰ ਰਿਹਾ ਸੀ, ਤੇ ਉਹਨਾਂ ਨੇ ਨਾਲ ਦੇ ਪਿੰਡੋਂ, ਬਿਨਾਂ ਜੱਗੀ ਨੂੰ ਦੱਸੇ, ਉਹਦੇ ਲਈ ਇੱਕ ਅਲਸੇਸ਼ਨ ਕਤੂਰਾ ਲਿਆਉਣ ਦਾ ਪ੍ਰਬੰਧ ਕੀਤਾ ਹੋਇਆ ਸੀ। ਤੇਜਾ ਕਤੂਰਾ ਲੈਣ ਲਈ ਜੱਗੀ ਨੂੰ ਨਾਲ ਲੈ ਗਿਆ। ਜਦੋਂ ਜੱਗੀ ਨੂੰ ਅਹਿਸਾਸ ਹੋਇਆ ਕਿ ਉਹਦਾ ਤੋਹਫਾ ਕੀ ਹੈ ਤਾਂ ਉਹਦੇ ਚਿਹਰੇ ਦੇ ਹਾਵ ਭਾਵਾਂ ਨੇ, ਤੇਜੇ ਦੀਆਂ ਅੱਖਾਂ ਵਿੱਚ ਵੀ ਅੱਥਰੂ ਲੈ ਆਂਦੇ। ਹੱਸਣ ਦੀ ਥਾਂ ਜੱਗੀ ਰੋਣ ਲੱਗ ਪਿਆ ਸੀ। ਉਹਦੀਆਂ ਅੱਖਾਂ ਚੋਂ ਹੰਝੂਆਂ ਦੀ ਝੜੀ ਲੱਗੀ ਸੀ, ਅਤੇ ਉਹ ਕਤੂਰੇ ਨੂੰ ਬਾਰ ਬਾਰ ਬਾਂਹਾਂ ਵਿੱਚ ਘੁੱਟ ਗਲ ਨੂੰ ਲਾ ਰਿਹਾ ਸੀ। ਜੱਗੀ ਨੇ ਕੁੱਤੇ ਦਾ ਨਾਂ ਟੀਪੂ ਰੱਖਿਆ। ਉਹ ਆਰਾਮ ਨਾਲ, ਬਿਨਾਂ ਥਥਲਾਇਆਂ ਟੀਪੂ ਕਹਿ ਸਕਦਾ ਸੀ। ਇਹਦੇ ਨਾਲ ਜੱਗੀ ਦਾ ਆਤਮ ਵਿਸ਼ਵਾਸ ਬਹੁਤ ਵੱਧ ਗਿਆ; ਉਹਦੀ ਆਵਾਜ਼ ਡਾਕਟਰ ਦੇ ਅਨੁਮਾਨ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਠੀਕ ਹੋਣ ਲੱਗੀ ਸੀ। ਅਗਲੀ ਵਾਰ ਜਦੋਂ ਡਾਕਟਰ ਨੇ ਜੱਗੀ ਨੂੰ ਵੇਖਿਆ ਤਾਂ ਕਿਹਾ ਕਿ ਉਹਦੀ ਆਵਾਜ਼, ਕਾਲਜ ਜਾਣ ਤੀਕਰ ਬਿਲਕੁਲ ਠੀਕ ਹੋ ਜਾਵੇਗੀ।
ਡਾਕਟਰ ਦੀ ਗੱਲ ਸੁਣ ਬਿੰਦੋ ਮਦਹੋਸ਼ ਹੋ ਗਈ। ਉਹ ਜੱਗੀ ਨੂੰ ਕਿਤਾਬ ਫੜੀ ਕਾਲਜ ਦੀਆਂ ਗੈਲਰੀਆਂ ਵਿੱਚ ਘੁੰਮਦਿਆਂ ਵੇਖਣ ਲੱਗੀ। ‘ਮੇਰੇ ਪੁੱਤਰ ਵਿੱਚ ਕੋਈ ਬੱਜ ਨਹੀਂ ਹੋਵੇਗਾ,’ ਉਹਦੀ ਕਲਪਨਾ ਚ ਲੋਕੀ ਜੱਗੀ ਲਈ ਆਪਣੀਆਂ ਖ਼ੂਬਸੂਰਤ ਧੀਆਂ ਦੇ ਰਿਸ਼ਤੇ ਲੈ ਕੇ ਆ ਰਹੇ ਸਨ। ਮਾਣ ਨਾਲ ਬਿੰਦੋ ਦੀ ਛਾਤੀ ਚੌੜੀ ਹੋ ਗਈ।
ਜੱਗੀ ਹੁਣ ਪੰਜਵੀਂ ਜਮਾਤ ਵਿੱਚ ਸੀ ਅਤੇ ਦਸ ਸਾਲਾਂ ਦਾ ਹੋ ਗਿਆ ਸੀ। ਹਿੰਮਤ ਸਕੂਲੋਂ ਪਾਸ ਹੋਕੇ, ਨਾਲ ਦੇ ਸ਼ਹਿਰ, ਹਾਈ ਸਕੂਲ ਵਿੱਚ ਜਾ ਲੱਗਾ ਸੀ। ਭਾਵੇਂ ਹਿੰਮਤ ਦਾ ਸਕੂਲ ਛੱਡ ਜਾਣਾ ਜੱਗੀ ਨੂੰ ਚੰਗਾ ਨਹੀਂ ਸੀ ਲੱਗਾ, ਹੁਣ ਉਹਦੇ ਹੋਰ ਦੋਸਤ ਬਣ ਚੁੱਕੇ ਸਨ ਜਿਨ੍ਹਾਂ ਨਾਲ ਉਹ ਸੁਖਾਵਾਂ ਮਹਿਸੂਸ ਕਰਦਾ ਸੀ।
ਇੱਕ ਦਿਨ ਉਹ ਸਕੂਲ ਜਾ ਰਿਹਾ ਸੀ ਕਿ ਸੱਜਿਓਂ ਹੋਏ ਖੜਕੇ ਨਾਲ ਚੌਂਕ ਗਿਆ। ਪੂਰੀ ਤਰਾਂ ਹਾਲੀ ਉਹਨੇ ਉੱਧਰ ਮੂੰਹ ਵੀ ਨਹੀਂ ਸੀ ਘੁਮਾਇਆ ਕਿ ਕੋਈ ਉਹਦੇ ਤੇ ਟੁੱਟ ਪਿਆ। ਉਹਦੇ ਸਿਰ ਚ ਕੋਈ ਚੀਜ਼ ਵੱਜੀ ਤੇ ਉਹਦੀ ਪਗੜੀ ਲਹਿ ਕੇ ਪਰੇ ਜਾ ਡਿੱਗੀ।
“ਸਾਲ਼ਾ ਕੀਰਾ,” ਉਹਦੇ ਜ਼ਮੀਨ ਤੇ ਡਿੱਗਦਿਆਂ ਕੰਨੀਂ ਪਿਆ। ਕਿਸੇ ਦੇ ਠੁੱਡ ਨੂੰ ਬਚਾਉਂਦਿਆਂ ਉਹ ਇੱਕ ਪਾਸੇ ਰੁੜ੍ਹਿਆ। “ਵੇਖ ਭੈਣ ਚੋ..., ਹਕਲ਼ੇ, ਦੇ ਕਿਵੇਂ ਖੰਭ ਨਿਕਲ਼ ਆਏ। ਅਸੀਂ ਹਕਲ਼ਿਆ ਤੇਰੇ ਖੰਭ ਕੁਤਰ ਦੇਣੇ ਆ।”
ਇਹ ਬੰਤਾ ਤੇ ਉਹਦੇ ਦੋ ਦੋਸਤ ਸਨ। ਉਹ ਜੱਗੀ ਦੇ ਠੁੱਡੇ ਮਾਰ ਰਹੇ ਸਨ ਤੇ ਉਹ ਆਪਣੀਆਂ ਲੱਤਾਂ ਬਾਂਹਾਂ ਨਾਲ ਆਪਣਾ ਬਚਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਚੱਲ ਚੱਲੀਏ, ਕੋਈ ਆਉਂਦਾ ਏ, ਇੱਕ ਨੇ ਕਿਹਾ।
“ਸਾਲ਼ਿਆ ਤੈਨੂੰ ਜਾਨੋਂ ਮਾਰ ਦਿਆਂਗੇ, ਜੇ ਦੱਸਿਆ ਕਿਸੇ ਨੂੰ,” ਜਾਂਦਿਆਂ ਜਾਂਦਿਆਂ ਬੰਤੇ ਨੇ ਜ਼ਹਿਰ ਉਗਲੀ।
← ਪਿਛਲੀ ਕਿਸ਼ਤ · ਸਾਰੀਆਂ ਕਿਸ਼ਤਾਂ · ਅਗਲੀ ਕਿਸ਼ਤ →
ਅਗਲੀ ਕਿਸ਼ਤ ਲਈ ਇਹ ਲੜੀ ਆਪਣੇ ਬੁੱਕਮਾਰਕ ਵਿੱਚ ਰੱਖੋ।
ਪੂਰਾ ਨਾਵਲ ਹੇਠ ਦਿੱਤੇ ਲਿੰਕਾਂ ਤੋਂ ਮਿਲ ਸਕਦਾ ਹੈ
ਪੰਜਾਬੀ ਈ-ਬੁੱਕ
ਛਪੀ ਹੋਈ ਕਿਤਾਬ
ਹਿੰਦੀ ਅਤੇ ਅੰਗਰੇਜ਼ੀ ਰੂਪ
गरिमा का बोझ · Chasing Dignity

-
ਰਛਪਾਲ ਸਹੋਤਾ , ਯੂ ਐੱਸ ਏ,
info.babushahi2gmail.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.