ਕਿਹੋ ਜਿਹਾ ਹੋਵੇਗਾ Akali-BJP ਗੱਠਜੋੜ ਦਾ ਸਫ਼ਰ? ਕਿਵੇਂ ਹੋਵੇਗੀ ਸੀਟਾਂ ਦੀ ਵੰਡ?..... ਤਿਰਛੀ ਨਜ਼ਰ / ਬਲਜੀਤ ਬੱਲੀ
ਪੰਜਾਬ 'ਚ ਤੇਜ਼ ਹੋਈ ਨਵੇਂ ਗੱਠਜੋੜਾਂ ਦੀ ਸਿਆਸਤ
ਕੀ ਅਕਾਲੀ ਦਲ ਨੂੰ ਮਿਲੇਗੀ ਕੇਂਦਰੀ ਵਜ਼ਾਰਤ 'ਚ ਥਾਂ?
ਚੰਡੀਗੜ੍ਹ, 26 ਨਵੰਬਰ 2026 - 6 ਸਾਲਾਂ ਬਾਅਦ ਮੁੜ ਹੋਇਆ ਅਕਾਲੀ-ਬੀ.ਜੇ.ਪੀ. ਗੱਠਜੋੜ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਅਤੇ ਇਤਿਹਾਸਕ ਮੋੜ ਹੈ। ਬੇਸ਼ੱਕ 1996 ਵਿੱਚ ਹੋਏ ਗੱਠਜੋੜ ਅਤੇ 2020 ਤੱਕ ਚੱਲੇ ਗੱਠਜੋੜ ਨਾਲੋਂ ਇਸ ਵਾਰ ਮੁਲਕ ਅਤੇ ਪੰਜਾਬ ਦੀ ਸਿਆਸੀ ਅਤੇ ਸਮਾਜਿਕ ਫ਼ਿਜ਼ਾ ਬਹੁਤ ਵੱਖਰੀ ਹੈ। ਉਦੋਂ ਅੱਤਵਾਦ ਦੇ ਸੰਤਾਪ ਤੋਂ ਬਾਅਦ ਪੰਜਾਬ ਅਤੇ ਮੁਲਕ ਦੇ ਲੋਕਾਂ 'ਚ ਅਮਨ ਅਤੇ ਫ਼ਿਰਕੂ ਸਦਭਾਵਨਾ ਦੀ ਤਿੱਖੀ ਤਾਂਘ ਸੀ। ਉਦੋਂ ਇਸ ਦੀ ਅਹਿਮੀਅਤ ਸਿਆਸੀ ਨਾਲੋਂ ਸਮਾਜਿਕ ਵਧੇਰੇ ਸੀ, ਜੋ ਇਸ ਨਾਲ ਕਾਫ਼ੀ ਹੱਦ ਤੱਕ ਪੂਰੀ ਵੀ ਹੋਈ ਸੀ। ਦੂਜੀ ਗੱਲ, ਨਾ ਤਾਂ ਪਰਕਾਸ਼ ਸਿੰਘ ਬਾਦਲ ਵਰਗੇ ਕੱਦ ਵਾਲਾ ਨੇਤਾ ਇਸ ਗੱਠਜੋੜ ਕੋਲ ਹੈ ਅਤੇ ਨਾ ਹੀ ਅਕਾਲੀ ਦਲ ਦਾ ਪਹਿਲਾਂ ਜਿੰਨਾ ਲੋਕ-ਆਧਾਰ ਹੈ। ਬੀ.ਜੇ.ਪੀ. ਨੇ ਆਪਣਾ ਘੇਰਾ ਵਧਾਇਆ ਜ਼ਰੂਰ ਹੈ, ਪਰ ਕਿਸਾਨਾਂ ਅਤੇ ਸਿੱਖਾਂ ਦੇ ਇੱਕ ਹਿੱਸੇ ਵਿੱਚ ਬੀ.ਜੇ.ਪੀ. ਦਾ ਵਿਰੋਧ ਵੀ ਬਹੁਤ ਤਿੱਖਾ ਹੈ, ਜੋ ਕਿਸਾਨ ਅੰਦੋਲਨ ਤੋਂ ਪਹਿਲਾਂ ਭਾਵ ਪਹਿਲੇ ਗੱਠਜੋੜ ਹੋਣ ਮੌਕੇ ਨਹੀਂ ਸੀ।
ਇਹ ਗੱਠਜੋੜ ਕਿਵੇਂ ਨਿਭੇਗਾ, ਚੋਣ ਮੁਹਿੰਮ ਕਿਹੋ ਜਿਹੀ ਹੋਵੇਗੀ, ਚੋਣਾਂ ਤੱਕ ਕਿੰਨੇ ਕੁ ਲੋਕਾਂ ਨੂੰ ਖਿੱਚ ਸਕੇਗਾ ਅਤੇ ਨਤੀਜਿਆਂ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰੇਗਾ? ਇਨ੍ਹਾਂ ਸਵਾਲਾਂ ਦੇ ਤੁਰੰਤ ਜਵਾਬ ਨਹੀਂ ਹਨ, ਪਰ ਇੱਕ ਗੱਲ ਸਾਹਮਣੇ ਹੈ ਕਿ ਜਿਸ ਤਰ੍ਹਾਂ ਰਾਜ ਕਰ ਰਹੀ AAP, ਕਾਂਗਰਸ ਅਤੇ ਨਵੇਂ ਅਕਾਲੀ ਗਰੁੱਪਾਂ ਦੇ ਨੇਤਾਵਾਂ ਨੇ ਇਸ ਗੱਠਜੋੜ ਦਾ ਤਿੱਖਾ ਅਤੇ ਵਿਆਪਕ ਵਿਰੋਧ ਕਰਨਾ ਸ਼ੁਰੂ ਕੀਤਾ ਹੈ, ਇਸ ਤੋਂ ਇਹ ਸੰਕੇਤ ਜ਼ਰੂਰ ਮਿਲਦਾ ਹੈ ਕਿ ਇਹ ਗੱਠਜੋੜ ਇਨ੍ਹਾਂ ਸਭ ਲਈ ਵੱਡੀ ਸਿਆਸੀ ਚੁਣੌਤੀ ਅਤੇ ਖ਼ਤਰਾ ਮਹਿਸੂਸ ਹੋ ਰਿਹਾ ਹੈ। ਇਸ ਨੈਗੇਟਿਵ ਪਬਲਿਸਿਟੀ ਦਾ ਸਿਆਸੀ ਲਾਹਾ ਇਸ ਪੱਖੋਂ ਗੱਠਜੋੜ ਲਈ ਹੈ ਕਿ ਪੰਜਾਬ ਚੋਣ ਮੈਦਾਨ ਵਿੱਚ ਇਹ ਗੱਠਜੋੜ ਸਿਆਸੀ ਸੈਂਟਰ ਸਟੇਜ 'ਤੇ ਹੈ, ਜਿਸ ਦਾ ਪਰਛਾਵਾਂ ਚਾਰੇ ਪਾਸੇ ਦਿੱਖ ਰਿਹਾ ਹੈ। ਇਸੇ ਲਈ 26 ਨਵੰਬਰ ਨੂੰ AAP ਦੀ 'ਖ਼ੁਸ਼ਹਾਲ ਪੰਜਾਬ ਰੈਲੀ' ਵਿੱਚ CM ਭਗਵੰਤ ਮਾਨ ਦਾ ਅਤੇ ਕਾਂਗਰਸ ਰੈਲੀ ਵਿੱਚ ਬਾਜਵਾ ਵਰਗੇ ਨੇਤਾਵਾਂ ਦਾ ਤਿੱਖਾ ਹਮਲਾ ਅਕਾਲੀ-ਭਾਜਪਾ ਗੱਠਜੋੜ 'ਤੇ ਹੀ ਰਿਹਾ।
ਅਕਾਲੀ-ਭਾਜਪਾ ਗੱਠਜੋੜ ਨੇ ਦੋ-ਤਿੰਨ ਹੋਰ ਨਵੇਂ ਚੋਣ ਗੱਠਜੋੜ ਬਣਨ ਦੇ ਪ੍ਰੋਸੈੱਸ ਨੂੰ ਤੇਜ਼ ਕਰ ਦਿੱਤਾ ਹੈ। ਕਾਂਗਰਸ ਖੱਬੇ-ਪੱਖੀ ਪਾਰਟੀਆਂ ਨਾਲ ਹੱਥ ਮਿਲਾਉਣ, 'ਵਾਰਿਸ ਪੰਜਾਬ ਦੇ', 'ਅਕਾਲੀ ਦਲ ਪੁਨਰ ਸੁਰਜੀਤ' ਅਤੇ ਬਸਪਾ ਨਾਲ ਗੱਠਜੋੜ ਦੀ ਕੋਸ਼ਿਸ਼ 'ਚ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਵੀ ਇਨ੍ਹਾਂ 'ਚ ਕਿਸੇ ਨਾ ਕਿਸੇ ਤਰ੍ਹਾਂ ਸੰਨ੍ਹ ਲਾਉਣ ਦੀ ਤਾਕ ਵਿੱਚ ਹੈ। ਗਿਆਨੀ ਰਘਬੀਰ ਸਿੰਘ ਦਾ ਸਰਕਾਰ ਨਾਲ ਘਿਓ-ਖਿਚੜੀ ਹੋਣਾ ਕੀ ਨਤੀਜੇ ਕੱਢ ਸਕਦਾ ਹੈ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ।
ਹੁਣ ਲੋਕਾਂ ਦੇ ਮਨ ਵਿੱਚ ਇਹ ਸਵਾਲ ਹਨ ਕਿ ਦੋਵਾਂ ਪਾਰਟੀਆਂ ਦੀ ਅਗਲੀ ਰਣਨੀਤੀ ਕੀ ਹੋਵੇਗੀ ਅਤੇ ਇਹ ਗੱਠਜੋੜ ਜ਼ਮੀਨੀ ਪੱਧਰ 'ਤੇ ਕਿਸ ਤਰ੍ਹਾਂ ਕੰਮ ਕਰੇਗਾ? ਤਿਰਛੀ ਨਜ਼ਰ ਇਹ ਅਨੁਮਾਨ ਲਾ ਰਹੀ ਹੈ ਕਿ ਅਗਲੇ ਦਿਨਾਂ ਵਿੱਚ ਗੱਠਜੋੜ ਇਸ ਤਰ੍ਹਾਂ ਦੇ ਸਾਂਝੇ ਕਦਮ ਚੁੱਕ ਸਕਦਾ ਹੈ:
ਸਾਂਝੀ ਤਾਲਮੇਲ ਕਮੇਟੀ ਅਤੇ ਸੀਟਾਂ ਦੀ ਵੰਡ
ਸਭ ਤੋਂ ਪਹਿਲਾ ਅਤੇ ਅਹਿਮ ਕਦਮ ਦੋਵਾਂ ਪਾਰਟੀਆਂ ਵਿਚਾਲੇ ਤਾਲਮੇਲ ਬਿਠਾਉਣ ਲਈ ਇੱਕ ਸਾਂਝੀ ਕਮੇਟੀ ਦਾ ਗਠਨ ਕਰਨਾ ਹੋਵੇਗਾ। ਇਸ ਕਮੇਟੀ ਵਿੱਚ ਅਕਾਲੀ ਦਲ ਅਤੇ ਭਾਜਪਾ ਦੋਵਾਂ ਦੇ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਜਾਵੇਗਾ, ਜੋ ਆਪਸੀ ਸਹਿਮਤੀ ਨਾਲ ਭਵਿੱਖ ਦੇ ਪ੍ਰੋਗਰਾਮ ਉਲੀਕਣਗੇ।
ਸੀਟਾਂ ਦੀ ਵੰਡ ਅਤੇ 'ਵੱਡੇ ਭਰਾ' ਦੀ ਭੂਮਿਕਾ
ਬੇਸ਼ੱਕ ਸੀਟਾਂ ਦੀ ਵੰਡ ਬਾਰੇ ਦੋਵਾਂ ਪਾਰਟੀਆਂ ਦੇ ਨੇਤਾਵਾਂ ਵਿਚਕਾਰ ਗਿਣਤੀ ਪੱਖੋਂ ਆਮ ਸਹਿਮਤੀ ਹੋ ਚੁੱਕੀ ਹੈ, ਜਿਸ ਮੁਤਾਬਕ ਬੀ.ਜੇ.ਪੀ. ਨੂੰ ਪਹਿਲਾਂ ਦੀਆਂ 23 ਸੀਟਾਂ ਦੇ ਮੁਕਾਬਲੇ ਲਗਭਗ ਡੇਢ ਗੁਣਾ ਸੀਟਾਂ ਮਿਲ ਸਕਦੀਆਂ ਹਨ। ਸੀਟਾਂ ਦਾ ਨਿਰਨਾ ਪਿਛਲੀਆਂ ਅਸੈਂਬਲੀ ਤੇ ਲੋਕ ਸਭਾ, ਦੋਵਾਂ ਚੋਣਾਂ ਵਿੱਚ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਕੀਤਾ ਜਾ ਰਿਹਾ ਹੈ। ਪਰ ਕੁਝ ਸੀਟਾਂ 'ਤੇ ਆਪਸ ਵਿੱਚ ਸਿੰਙ ਜ਼ਰੂਰ ਫਸਣ ਵਾਲੇ ਹਨ। ਇਹ ਅਤਿ-ਸੰਵੇਦਨਸ਼ੀਲ ਮੁੱਦਾ ਵੀ ਇਸੇ ਸਾਂਝੀ ਕਮੇਟੀ ਦੀਆਂ ਬੈਠਕਾਂ ਵਿੱਚ ਵਿਚਾਰਿਆ ਜਾਵੇਗਾ। ਦੋਵੇਂ ਪਾਰਟੀਆਂ ਸਾਂਝੇ ਉਮੀਦਵਾਰ ਮੈਦਾਨ ਵਿੱਚ ਉਤਾਰਨਗੀਆਂ।
NDA ਵਿੱਚ ਸ਼ਾਮਲ ਹੋਣ ਦਾ ਅਰਥ
ਅਕਾਲੀ ਦਲ ਦੇ NDA ਵਿੱਚ ਸ਼ਾਮਲ ਹੋਣ ਦਾ ਅਰਥ ਹੈ ਕਿ ਇਹ ਗੱਠਜੋੜ ਸਿਰਫ਼ ਪੰਜਾਬ ਚੋਣਾਂ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ UT ਚੰਡੀਗੜ੍ਹ ਵਿੱਚ ਵੀ ਦੋਵੇਂ ਪਾਰਟੀਆਂ ਸਾਂਝੇ ਤੌਰ 'ਤੇ ਨਗਰ ਨਿਗਮ (MC) ਚੋਣ ਲੜਨਗੀਆਂ। ਚੰਡੀਗੜ੍ਹ ਦੀ ਸਿਆਸਤ ਲਈ ਵੀ ਇੱਕ ਵੱਖਰੀ ਸਾਂਝੀ ਕਮੇਟੀ ਦਾ ਗਠਨ ਕੀਤਾ ਜਾ ਸਕਦਾ ਹੈ। ਬਾਕੀ ਸੂਬਿਆਂ ਵਿੱਚ ਵੀ ਇਸ ਗੱਠਜੋੜ ਦਾ ਪਸਾਰਾ ਹੋਵੇਗਾ।
ਲੱਗਦਾ ਹੈ ਚੰਡੀਗੜ੍ਹ ਵਿੱਚ 'ਵੱਡੀ ਭੈਣ' ਵਜੋਂ ਬੀ.ਜੇ.ਪੀ. ਉੱਭਰ ਕੇ ਸਾਹਮਣੇ ਆਵੇਗੀ ਜਾਂ ਕਿਹੜੀ ਪਾਰਟੀ ਉੱਭਰ ਕੇ ਸਾਹਮਣੇ ਆਵੇਗੀ, ਇਹ ਤਾਂ ਵਕਤ ਹੀ ਦੱਸੇਗਾ।
ਸਾਂਝਾ ਚੋਣ ਮੈਨੀਫੈਸਟੋ - ਘੱਟੋ-ਘੱਟ ਸਾਂਝਾ ਪ੍ਰੋਗਰਾਮ
ਦੋਵੇਂ ਪਾਰਟੀਆਂ ਆਪੋ-ਆਪਣੇ ਮੈਨੀਫੈਸਟੋ ਵੀ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਹਨ, ਪਰ ਹੁਣ ਪੰਜਾਬ ਦੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਅਤੇ ਸੂਬੇ ਦੇ ਭਖਦੇ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਦੇਣ ਲਈ ਦੋਵਾਂ ਪਾਰਟੀਆਂ ਵੱਲੋਂ ਇੱਕ ਸਾਂਝਾ ਮੈਨੀਫੈਸਟੋ ਵੀ ਤਿਆਰ ਕੀਤਾ ਜਾਵੇਗਾ। ਇਹ ਸਾਂਝਾ ਦਸਤਾਵੇਜ਼ ਦੋਵਾਂ ਪਾਰਟੀਆਂ ਵੱਲੋਂ ਤੈਅ ਕੀਤੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਨੂੰ ਦਰਸਾਏਗਾ ਕਿ ਜੇਕਰ ਸੱਤਾ ਵਿੱਚ ਆਈ ਤਾਂ ਅਕਾਲੀ-ਬੀ.ਜੇ.ਪੀ. ਸਰਕਾਰ ਕਿਹੋ ਜਿਹਾ ਰਾਜ-ਪ੍ਰਬੰਧ ਚਲਾਏਗੀ?
8 ਦਸੰਬਰ ਦੀ ਤਿਆਰੀ ਅਤੇ ਸਾਂਝੀਆਂ ਮੀਟਿੰਗਾਂ ਦਾ ਦੌਰ
8 ਦਸੰਬਰ ਨੂੰ ਸਵਰਗੀ ਪਰਕਾਸ਼ ਸਿੰਘ ਬਾਦਲ ਦੇ ਜਨਮ ਦਿਨ 'ਤੇ ਮੋਗਾ ਵਿੱਚ ਕੀਤੀ ਜਾਣ ਵਾਲੀ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਚੋਣ ਮਹਾਂ ਰੈਲੀ ਨੂੰ ਸਫਲ ਬਣਾਉਣ ਲਈ ਵੀ ਇੱਕ ਸਾਂਝੀ ਤਿਆਰੀ ਕਮੇਟੀ ਬਣਾਈ ਜਾ ਸਕਦੀ ਹੈ। ਹੁਣ ਤੱਕ ਦੋਵਾਂ ਪਾਰਟੀਆਂ ਦੀਆਂ ਸਿਆਸੀ ਸਰਗਰਮੀਆਂ ਦਾ ਕੇਂਦਰ ਉਨ੍ਹਾਂ ਦੇ ਆਪੋ-ਆਪਣੇ ਵੱਖਰੇ ਦਫ਼ਤਰ ਸਨ, ਪਰ ਗੱਠਜੋੜ ਤੋਂ ਬਾਅਦ ਸਾਂਝੀਆਂ ਮੀਟਿੰਗਾਂ ਦੀਆਂ ਥਾਵਾਂ ਸਾਹਮਣੇ ਆਉਣਗੀਆਂ।
ਕੀ ਕੇਂਦਰੀ ਵਜ਼ਾਰਤ ਵਿੱਚ ਸ਼ਾਮਲ ਹੋਵੇਗਾ ਅਕਾਲੀ ਦਲ ?
ਗੱਠਜੋੜ ਦੇ ਐਲਾਨ ਦੇ ਨਾਲ ਹੀ ਇੱਕ ਹੋਰ ਵੱਡਾ ਸਵਾਲ ਪੰਜਾਬ ਦੀ ਸਿਆਸਤ ਵਿੱਚ ਉੱਠ ਖੜ੍ਹਾ ਹੋਇਆ ਹੈ ਕਿ ਕੀ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ MP ਹਰਸਿਮਰਤ ਕੌਰ ਬਾਦਲ ਮੁੜ ਕੇਂਦਰੀ ਵਜ਼ਾਰਤ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ? ਸਿਆਸੀ ਹਲਕਿਆਂ ਵਿੱਚ ਇਸ ਗੱਲ ਨੂੰ ਲੈ ਕੇ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੈ ਕਿ ਕੀ ਕੇਂਦਰ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਮੰਤਰੀ ਮੰਡਲ ਵਿੱਚ ਕੋਈ ਅਦਲਾ-ਬਦਲੀ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਮੁੜ ਮੰਤਰੀ ਬਣਾਇਆ ਜਾਵੇਗਾ, ਜਾਂ ਫਿਰ ਇਹ ਫ਼ੈਸਲਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲਈ ਰਾਖਵਾਂ ਰੱਖਿਆ ਜਾਵੇਗਾ। ਫ਼ਿਲਹਾਲ ਇਸ ਮੁੱਦੇ 'ਤੇ ਦੋਵਾਂ ਪਾਰਟੀਆਂ ਦੀ ਸਿਖਰਲੀ ਲੀਡਰਸ਼ਿਪ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਸਥਿਤੀ ਸਪਸ਼ਟ ਹੋਣ ਦੀ ਪੂਰੀ ਉਮੀਦ ਹੈ।
ਅਕਾਲੀ-ਭਾਜਪਾ ਗੱਠਜੋੜ ਦਾ ਸਿੱਧਾ ਅਸਰ ਸੂਬੇ ਦੀਆਂ ਬਾਕੀ ਸਿਆਸੀ ਧਿਰਾਂ 'ਤੇ ਵੀ ਪੈਣਾ ਲਾਜ਼ਮੀ ਹੈ। ਨਵੇਂ ਗੱਠਜੋੜ ਤਾਂ ਬਣਨੇ ਵੀ ਸ਼ੁਰੂ ਹੋ ਚੁੱਕੇ ਹਨ ਅਤੇ ਬਾਕੀ ਪਾਰਟੀਆਂ ਟਿਕਟਾਂ ਦੀ ਵੰਡ ਵੇਲੇ ਇਸ ਗੱਠਜੋੜ ਦੇ ਉਮੀਦਵਾਰਾਂ ਦੇ ਹਿਸਾਬ ਨਾਲ ਫ਼ੈਸਲੇ ਕਰਨਗੀਆਂ। ਗੱਲ ਦਾ ਨਿਚੋੜ ਇਹ ਹੈ ਕਿ ਇਸ ਗੱਠਜੋੜ ਨੇ ਪੰਜਾਬ ਦੀ ਰਾਜਨੀਤੀ ਦੀ ਨਵੀਂ ਇਬਾਰਤ ਲਿਖ ਦਿੱਤੀ ਹੈ।
26 ਨਵੰਬਰ, 2026
-
Baljit Balli, Editor-in- Chief , Babushahi News Network
tirshinanzar@gmai, com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.