Political Special-ਅਣਕਿਆਸੀ ਸਿਆਸੀ ਜੱਫੀ : ਨਹੀਂਓ ਭੁੱਲਣਾ ਵਿਛੋੜਾ ਸਾਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ
ਅਸ਼ੋਕ ਵਰਮਾ
ਬਠਿੰਡਾ , 26 ਨਵੰਬਰ 2026 : ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜੰਤਾ ਪਾਰਟੀ ਵਿਚਕਾਰ ਗਠਜੋੜ ਦੇ ਰਸਮੀ ਐਲਾਨ ਤੋਂ ਬਾਅਦ 4 ਸਾਲ ਦੇ ਲੰਬੇ ਅਰਸੇ ਮਗਰੋਂ ਬੁੱਧਵਾਰ ਸ਼ਾਮ ਨੂੰ ਬਠਿੰਡਾ ’ਚ ਦੋਵਾਂ ਧਿਰਾਂ ਦੇ ਨੇਤਾ ਪਹਿਲੀ ਵਾਰ ਇੱਕ ਮੰਚ ’ਤੇ ਨਜ਼ਰ ਆਏ। ਮੌਕਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਰਵਾਏ ਵਪਾਰੀ ਮਿਲਣੀ ਸਮਾਗਮ ਦਾ ਸੀ ਜਿੱਥੇ ਦੋਵਾਂ ਭਾਈਵਾਲਾਂ ਦੇ ਸਥਾਨਕ ਆਗੂਆਂ ਦੀ ਮੌਜੂਦਗੀ ਨੇ ਨਵੇਂ ਸਿਆਸੀ ਚੁੰਝ ਚਰਚੇ ਛੇੜ ਦਿੱਤੇ ਹਨ। ਸਭ ਤੋਂ ਵੱਧ ਸੁਰਖੀਆਂ ਭਾਜਪਾ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਸਿੰਗਲਾ ਨੇ ਬਟੋਰੀਆਂ ਜਿੰਨ੍ਹਾਂ ਭਾਜਪਾਈ ਹੁੰਦਿਆਂ ਅਕਾਲੀਆਂ ਦੇ ਪ੍ਰੋਗਰਾਮ ’ਚ ਸ਼ਮੂਲੀਅਤ ਕੀਤੀ ਸੀ। ਇਸ ਮੌਕੇ ਲੱਗੇ ਬੈਨਰਾਂ ’ਚ ਦੋਨਾਂ ਪਾਰਟੀਆਂ ਦੇ ਨੇਤਾਵਾਂ ਦੀਆਂ ਤਸਵੀਰਾਂ ਦਿਖਾਈ ਦਿੱਤੀਆਂ ਜੋ ਕਾਫੀ ਹੱਦ ਤੱਕ ਇਹ ਸੰਕੇਤ ਦੇ ਰਹੀਆਂ ਸਨ ਕਿ ਇਹ ਨੇਤਾ ਸਿਰਫ ਮੌਕਾ ਹੀ ਭਾਲਦੇ ਸਨ ਜੋ ਮਿਲਣ ਸਾਰ ਤੁਰੰਤ ਇੱਕ ਛੱਤਰੀ ’ਤੇ ਬੈਠ ਗਏ।
ਵੱਡੀ ਗੱਲ ਇਹ ਰਹੀ ਕਿ ਇੰਨ੍ਹਾਂ ਆਗੂਆਂ ਨੇ ਗਠਜੋੜ ਦੇ ਹੱਕ ’ਚ ਜਬਰਦਸਤ ਨਆਰੇਬਾਜੀ ਕੀਤੀ ਅਤੇ ਇੱਕ ਦੂਜੇ ਨੂੰ ਨਿੱਠਕੇ ਵਧਾਈਆਂ ਵੀ ਦਿੱਤੀਆਂ। ਬਠਿੰਡਾ ਨਾਲ ਸਬੰਧਤ ਇੰਨ੍ਹਾਂ ਲੀਡਰਾਂ ਨੂੰ ਦੇਖ ਕੇ ਤਾਂ ਇੰਜ ਜਾਪਦਾ ਸੀ ਕਿ ਜਿਵੇਂ ਭੱਜੀਆਂ ਹੋਈਆਂ ਸਿਆਸੀ ਬਾਹਾਂ ਮਸਾਂ ਹੀ ਗਲਾਂ ਨੂੰ ਲੱਗੀਆਂ ਹੋਣ। ਮਹੱਤਵਪੂਰਨ ਇਹ ਵੀ ਸੀ ਕਿ ਕੇਂਦਰ ’ਚ ਪਿਛਲੇ 12 ਸਾਲਾਂ ਤੋਂ ਸੱਤਾਧਾਰੀ ਭਾਜਪਾ ਨਾਲ ਗਠਜੋੜ ਹੋਣ ਕਾਰਨ ਖੁਸ਼ੀ ’ਚ ਖੀਵੇ ਹੋਏ ਪ੍ਰਧਾਨ ਸੁਖਬੀਰ ਬਾਦਲ ਨੇ ਉਸ ਸਰੂਪ ਚੰਦ ਸਿੰਗਲਾ ਦਾ ਲੱਡੂ ਨਾਲ ਮੂੰਹ ਵੀ ਮਿੱਠਾ ਕਰਵਾਇਆ ਜਿੰਨ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਹੋਈ ਹਾਰ ਦਾ ਠੀਕਰਾ ਬਾਦਲਾਂ ਸਿਰ ਭੰਨਕੇ ਸਿਆਸੀ ਛੱਜ ’ਚ ਛੱਟਣ ਤੋਂ ਬਾਅਦ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਸਿੰਗਲਾ ਦਾ ਅਕਾਲੀ ਦਲ ਤੋਂ ਭਾਜਪਾ ਤੱਕ ਦਾ ਸਿਆਸੀ ਸਫਰ ਵੀ ਤਾਜਾ ਘਟਨਾਕ੍ਰਮ ਨੂੰ ਰੌਚਕ ਬਣਾਉਂਦਾ ਹੈ ਜਿੰਨ੍ਹਾਂ ਅਕਾਲੀ ਦਲ ਤਰਫੋਂ ਤਿੰਨ ਅਸੈਂਬਲੀ ਚੋਣਾਂ ਲੜੀਆਂ ਸਨ।
ਸਰੂਪ ਸਿੰਗਲਾ ਨੇ ਵਿਧਾਨ ਸਭਾ ਚੋਣਾਂ 2012 ਦੌਰਾਨ ਜਿੱਤ ਪ੍ਰਾਪਤ ਕੀਤੀ ਸੀ ਜਦੋਂਕਿ 2017 ਅਤੇ 2022 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2022 ’ਚ ਜਗਰੂਪ ਗਿੱਲ ਨੇ ਬਾਜੀ ਮਾਰੀ ਸੀ ਅਤੇ ਹਾਰਨ ਵਾਲੇ ਮਨਪ੍ਰੀਤ ਬਾਦਲ ਕਾਂਗਰਸੀ ਅਤੇ ਸਰੂਪ ਚੰਦ ਸਿੰਗਲਾ ਅਕਾਲੀ ਉਮੀਦਵਾਰ ਸਨ। ਚੋਣ ਹਾਰਨ ਕਰਕੇ ਉਨ੍ਹਾਂ 16 ਮਾਰਚ 2022 ਨੂੰ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਕੁੱਝ ਸੀਨੀਅਰ ਅਕਾਲੀ ਆਗੂਆਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਅਸਿੱਧੇ ਤੌਰ ’ਤੇ ਮਨਪ੍ਰੀਤ ਬਾਦਲ ਦੀ ਸਹਾਇਤਾ ਕੀਤੀ ਹੈ। ਸਿੰਗਲਾ 4 ਜੂਨ 2022 ਨੂੰ ਭਾਜਪਾ ’ਚ ਸ਼ਾਮਲ ਹੋ ਗਏ ਸਨ ਜਿਸ ਕਰਕੇ ਹੁਣ ਉਨ੍ਹਾਂ ਦਾ ਅਕਾਲੀਆਂ ਦੇ ਸਮਾਗਮ ’ਚ ਸ਼ਾਮਲ ਹੋਣਾ ‘ਐਨੀ’ ਚਰਚਾ ਬਣਿਆ ਹੈ। ਇਸ ਮੌਕੇ ਸਰੂਪ ਸਿੰਗਲਾ ਨੇ ਗਠਜੋੜ ਦੀਆਂ ਵਧਾਈਆਂ ਦਿੱਤੀਆਂ ਅਤੇ ਅਗਾਮੀ ਚੋਣਾਂ ਮੌਕੇ ਸ਼ਹਿਰੀ ਹਲਕੇ ਤੋਂ ਚੋਣ ਲੜਨ ਦੀ ਆਪਣੀ ਇੱਛਾ ਵੀ ਜਾਹਰ ਕੀਤੀ।
ਸਰੂਪ ਸਿੰਗਲਾ ਦਾ ਕਹਿਣਾ ਸੀ ਕਿ ਬੇਸ਼ੱਕ ਟਿਕਟ ਦੇਣ ਸਬੰਧੀ ਅੰਤਿਮ ਫੈਸਲਾ ਹਾਈਕਮਾਨ ਨੇ ਕਰਨਾ ਹੈ ਪਰ ਉਹ ਪੂਰਨ ਤੌਰ ’ਤੇ ਆਸਵੰਦ ਹਨ ਬਠਿੰਡਾ ਸ਼ਹਿਰੀ ਹਲਕੇ ਤੋਂ ਗਠਜੋੜ ਦਾ ਉਮੀਦਵਾਰ ਉਨ੍ਹਾਂ ਨੂੰ ਹੀ ਬਣਾਇਆ ਜਾਏਗਾ। ਸਿੰਗਲਾ ਦੇ ਇਸ ਕਥਨ ਤੋਂ ਸਪਸ਼ਟ ਹੈ ਕਿ ਗਠਜੋੜ ਅੰਦਰ ਸੀਟਾਂ ਦੇ ਵੰਡ ਵੰਡਾਰੇ ਤੋਂ ਪਹਿਲਾਂ ਹੀ ਇੰਨ੍ਹਾਂ ਦਾਅਵਿਆਂ ਕਾਰਨ ਸਥਾਨਕ ਪੱਧਰ ’ਤੇ ਸਿਆਸੀ ਮਹੌਲ ਇਕੱਠੇ ਹੁੰਦਿਆਂ ਭਖਣ ਲੱਗਿਆ ਹੈ। ਜਿਕਰਯੋਗ ਹੈ ਕਿ ਬਠਿੰਡਾ ਤੋਂ ਕੱਲੇ ਸਰੂਪ ਚੰਦ ਸਿੰਗਲਾ ਨੇ ਹੀ ਨਹੀਂ ਸਗੋਂ ਭਾਜਪਾ ਦੇ ਸੀਨੀਅਰ ਟਕਸਾਲੀ ਆਗੂ ਅਸ਼ੋਕ ਭਾਰਤੀ ਸਮੇਤ ਅੱਧੀ ਦਰਜਨ ਹੋਰ ਭਾਜਪਾ ਆਗੂਆਂ ਨੇ ਕੇਂਦਰੀ ਲੀਡਰਸ਼ਿਪ ਕੋਲ ਟਿਕਟ ਲਈ ਆਪੋ ਆਪਣਾ ਦਾਅਵਾ ਪੇਸ਼ ਕਰਨ ਦਾ ਫੈਸਲਾ ਕੀਤਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਇਕਜੁਟਤਾ ਦਰਮਿਆਨ ਬਠਿੰਡਾ ਹਲਕੇ ਤੋਂ ਟਿਕਟ ਦੀਆਂ ਇੰਨ੍ਹਾਂ ਦਾਅਵੇਦਾਰੀਆਂ ਨੇ ਗਠਜੋੜ ਅੰਦਰ ਨਵੇਂ ਸਮੀਕਰਨਾਂ ਸਬੰਧੀ ਚਰਚਾਵਾਂ ਦਾ ਬਜ਼ਾਰ ਗਰਮ ਕਰ ਦਿੱਤਾ ਹੈ।
ਸਿਆਸੀ ਕੁੰਢੀਆਂ ਦੇ ਸਿੰਗ ਫਸੇ
ਗਠਜੋੜ ਤੋਂ ਬਾਅਦ ਸਭ ਤੋਂ ਦਿਲਚਸਪ ਮੁਕਾਬਲਾ ਸ਼ਹਿਰੀ ਹਲਕੇ ਨੂੰ ਲੈਕੇ ਬਣਦਾ ਦਿਖਾਈ ਦੇ ਰਿਹਾ ਹੈ ਜਿੱਥੇ ਭਾਜਪਾ ਦੇ ਸਰੂਪ ਸਿੰਗਲਾ ਅਤੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਅਕਾਲੀ ਦਲ ਵੱਲੋਂ ਦਾਅਵਾ ਜਤਾ ਰਹੇ ਹਨ। ਸੰਸਦੀ ਚੋਣਾਂ 2024 ਦੇ ਅੰਕੜਿਆਂ ਤੋਂ ਵੀ ਬਠਿੰਡਾ ਦੀ ਤਸਵੀਰ ਦਿਲਚਸਪ ਬਣਦੀ ਹੈ। ਉਦੋਂ ਭਾਜਪਾ ਨੂੰ 36 ਹਜ਼ਾਰ 287 ਵੋਟਾਂ ਪਈਆਂ ਸਨ ਜਦੋਂਕਿ ਅਕਾਲੀ ਦਲ ਦਾ ਇਹ ਅੰਕੜਾ 35 ਹਜ਼ਾਰ 769 ਸੀ। ਭਾਜਪਾ ਇੰਨ੍ਹਾਂ ਤੱਥਾਂ ਨੂੰ ਬਠਿੰਡਾ ਸੀਟ ਮੰਗਣ ਦਾ ਅਧਾਰ ਬਣਾ ਸਕਦੀ ਹੈ ਜਦੋਂਕਿ ਅਕਾਲੀ ਦਲ ਆਪਣੇ ਰਿਵਾਇਤੀ ਵੋਟ ਬੈਂਕ ਅਤੇ ਜੱਥੇਬੰਦਕ ਦਮ ’ਤੇ ਹੱਕ ਜਤਾ ਸਕਦਾ ਹੈ।
ਅੱਖਾਂ ਮਿਲੀਆਂ ਦਿਲ ਮਿਲਣੇ ਚੁਣੌਤੀ
ਅਕਾਲੀ-ਭਾਜਪਾ ਦੀ ਬਠਿੰਡਾ ਲੀਡਰਸ਼ਿਪ ਦਾ ਚਾਰ ਸਾਲ ਬਾਅਦ ਇੱਕ ਮੰਚ ’ਤੇ ਆਉਣਾ ਗਠਜੋੜ ਦੀ ਜਮੀਨੀ ਪੱਧਰ ’ਤੇ ਸ਼ੁਰੂਆਤ ਅਤੇ ਪਹਿਲੀ ਵੱਡੀ ਪਰਖ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਦੋਨਾਂ ਧਿਰਾਂ ਦੀ ਦਾਅਵੇਦਾਰੀ ਦੱਸਦੀ ਹੈ ਕਿ ਗਠਜੋੜ ਲਈ ਚੁਣੌਤੀ ਸਿਰਫ ਸਥਾਨਕ ਆਗੂਆਂ ਨੂੰ ਇੱਕ ਮੋਰੀ ਲੰਘਾਉਣਾ ਹੀ ਨਹੀਂ ਬਲਕਿ ਸੀਟ ਵੰਡਣ ਮੌਕੇ ਸਹਿਮਤੀ ਬਨਾਉਣੀ ਵੀ ਅਗਨੀ ਪ੍ਰੀਖਿਆ ਹੋਵੇਗੀ। ਹੁਣ ਦੇਖਣਾ ਹੋਵੇਗਾ ਕਿ ਬਠਿੰਡਾ ਭਾਜਪਾ ਆਪਣਾ ਦਾਅਵਾ ਕਿੰਨੀਂ ਮਜਬੂਤੀ ਨਾਲ ਹਾਈਕਮਾਨ ਅੱਗੇ ਰੱਖਦੀ ਹੈ ਅਤੇ ਅਕਾਲੀ ਦਲ ਆਪਣੇ ਲਈ ਕਿੰਨਾਂ ਕੁ ਡਟਦਾ ਹੈ।
- Download Babushahi App
-
-