ਪਲਣਪੁਰ ਵਿਖੇ 29 ਨਵੰਬਰ ਤੱਕ ਚੱਲੇਗਾ ਫੈਸਟੀਵਲ, ਘੋੜਸਵਾਰੀ ਨੂੰ ਪ੍ਰਮੋਟ ਕਰਨ ਦੇ ਨਾਲ ਨੌਜਵਾਨਾਂ ਨੂੰ ਪਸ਼ੂ ਪਾਲਣ ਨਾਲ ਜੋੜਨ ਦਾ ਉਪਰਾਲਾ
Prab
ਚੰਡੀਗੜ੍ਹ 27 Nov 2026: ਪੰਜਾਬ ਵਿੱਚ ਘੋੜਸਵਾਰੀ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਇਸ ਖੇਡ ਨਾਲ ਜੋੜਨ ਦੇ ਮਕਸਦ ਨਾਲ ਪੰਜਾਬ ਇਕਵੇਸਟਰੀਅਨ ਫੈਸਟੀਵਲ 3.0 ਦਾ ਆਗਾਜ਼ ਹੋ ਗਿਆ ਹੈ। 27 ਨਵੰਬਰ ਤੋਂ ਸ਼ੁਰੂ ਹੋਇਆ ਇਹ ਤਿੰਨ ਰੋਜ਼ਾ ਫੈਸਟੀਵਲ 29 ਨਵੰਬਰ ਤੱਕ ਨਿਊ ਚੰਡੀਗੜ੍ਹ ਦੇ ਪਲਣਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਘੋੜਸਵਾਰ ਪਹੁੰਚ ਕੇ ਘੋੜਸਵਾਰੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ।
ਫੈਸਟੀਵਲ ਦੇ ਪਹਿਲੇ ਦਿਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨ ਪੀੜ੍ਹੀ ਨੂੰ ਘੋੜਸਵਾਰੀ ਅਤੇ ਪਸ਼ੂ ਪਾਲਣ ਦੇ ਕਿੱਤੇ ਵੱਲ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜਨ ਦਾ ਸੱਦਾ ਵੀ ਦਿੱਤਾ ਅਤੇ ਕਿਹਾ ਕਿ ਇਹ ਕਿੱਤਾ ਆਰਥਿਕ ਪੱਖੋਂ ਵੀ ਲਾਹੇਵੰਦ ਸਾਬਤ ਹੋ ਸਕਦਾ ਹੈ।
ਫੈਸਟੀਵਲ ਦੇ ਆਯੋਜਕ ਦਪਿੰਦਰ ਅਤੇ ਹਰਜਿੰਦਰ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਬਹੁਤ ਮਿਹਨਤ ਨਾਲ ਪੰਜਾਬ ਵਿੱਚ ਘੋੜਸਵਾਰੀ ਦੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਸੀ। ਹੁਣ ਇਹ ਉਪਰਾਲਾ ਤੀਜੇ ਸਾਲ ਵਿੱਚ ਪਹੁੰਚ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਮਿਲ ਰਹੇ ਸਹਿਯੋਗ ਨਾਲ ਉਹ ਇਸ ਨੂੰ ਹੋਰ ਵੱਡੇ ਪੱਧਰ 'ਤੇ ਲਿਜਾਣ ਲਈ ਯਤਨਸ਼ੀਲ ਹਨ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਨਾ ਸਿਰਫ਼ ਘੋੜਸਵਾਰੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ, ਸਗੋਂ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਵੀ ਅੱਗੇ ਲਿਆਂਦਾ ਜਾ ਰਿਹਾ ਹੈ। ਇਸ ਨਾਲ ਬੱਚਿਆਂ ਅਤੇ ਨੌਜਵਾਨਾਂ ਵਿੱਚ ਘੋੜਸਵਾਰੀ ਪ੍ਰਤੀ ਦਿਲਚਸਪੀ ਪੈਦਾ ਹੁੰਦੀ ਹੈ ਅਤੇ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲਦਾ ਹੈ।
ਜ਼ਿਕਰਯੋਗ ਹੈ ਕਿ ਫੈਸਟੀਵਲ ਵਿੱਚ ਜੈਪੁਰ, ਗੁਜਰਾਤ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਘੋੜਸਵਾਰ ਪਹੁੰਚੇ ਹਨ। ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਲੋਕਾਂ ਤੱਕ ਇਸ ਵਿੱਚ ਭਾਗ ਲੈ ਰਹੇ ਹਨ। ਪੰਜਾਬ ਪੁਲਿਸ, ਫੌਜ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਜੁੜੇ ਘੋੜਸਵਾਰੀ ਦੇ ਸ਼ੌਕੀਨ ਵੀ ਇਨ੍ਹਾਂ ਮੁਕਾਬਲਿਆਂ ਦਾ ਹਿੱਸਾ ਬਣੇ ਹਨ।
ਇਸ ਤੋਂ ਇਲਾਵਾ ਆਯੋਜਕਾਂ ਦੇ ਇਕਵੇਸਟਰੀਅਨ ਕਲੱਬ ਨਾਲ ਜੁੜੇ ਕਈ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾ ਚੁੱਕੇ ਹਨ। ਇਹ ਖਿਡਾਰੀ ਬੱਚਿਆਂ ਨੂੰ ਘੋੜਸਵਾਰੀ ਦੀ ਸਿਖਲਾਈ ਵੀ ਦਿੰਦੇ ਹਨ। ਆਯੋਜਕਾਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਮੁਕਾਬਲਿਆਂ ਨੂੰ ਹੋਰ ਵੱਡੇ ਪੱਧਰ 'ਤੇ ਕਰਵਾਉਣ ਦੀ ਯੋਜਨਾ ਹੈ।
ਫੈਸਟੀਵਲ ਨੂੰ ਦੇਖਣ ਲਈ ਵੀ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਤਿੰਨ ਦਿਨਾਂ ਤੱਕ ਚੱਲਣ ਵਾਲਾ ਇਹ ਸਮਾਗਮ ਪੰਜਾਬ ਵਿੱਚ ਘੋੜਸਵਾਰੀ ਦੀ ਖੇਡ ਨੂੰ ਨਵੀਂ ਪਛਾਣ ਦੇਣ ਦੇ ਨਾਲ-ਨਾਲ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਇੱਕ ਅਹਿਮ ਉਪਰਾਲਾ ਸਾਬਤ ਹੋ ਸਕਦਾ ਹੈ।
- Download Babushahi App
-
-