ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਗਠਜੋੜ ਹੋਣ ਨਾਲ ਨਵੇਂ ਸਮੀਕਰਨ ਬਣੇ
ਉਜਾਗਰ ਸਿੰਘ
ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਫਰਵਰੀ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਕੱਠਿਆਂ ਲੜਨ ਲਈ ਹੋਏ ਸਮਝੌਤੇ ਨੇ ਪੰਜਾਬ ਦੀਆਂ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਇਹ ਸਮਝੌਤਾ ਅਤਿਅੰਤ ਮਹੱਤਵਪੂਰਨ ਹੈ। ਇਸ ਗੱਠਜੋੜ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿੱਚ ਉਤਸ਼ਾਹ ਪੈਦਾ ਹੋ ਗਿਆ ਹੈ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਨਵੀਂ ਜ਼ਿੰਦਗੀ ਮਿਲਦੀ ਲੱਗਦੀ ਹੈ। ਜਿਹੜੇ ਅਕਾਲੀ ਦਲ ਦੇ ਵਰਕਰ ਨਿਰਾਸ਼ ਸਨ, ਹੁਣ ਉਨ੍ਹਾਂ ਨੇ ਸੁਖ ਦਾ ਸਾਹ ਲਿਆ ਹੈ ਤੇ ਬਾਘੀਆਂ ਪਾਉਂਦੇ ਹੋਏ ਜ਼ਸ਼ਨ ਮਨਾ ਰਹੇ ਹਨ। 2020 ਵਿੱਚ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਬਣਾਉਣ ਸਮੇਂ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਆਪਣੇ 24 ਸਾਲ ਦੇ ਪੁਰਾਣੇ ਸੰਬੰਧ ਤੋੜ ਲਏ ਸਨ। ਸ਼੍ਰੀਮਤੀ ਹਰਮਿਰਤ ਕੌਰ ਬਾਦਲ ਨੇ ਉਸ ਸਮੇਂ ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਐਨ.ਡੀ.ਏ.ਗੱਠਜੋੜ ‘ਚੋਂ ਬਾਹਰ ਹੋ ਗਿਆ ਸੀ। ਨਵੰਬਰ 2021 ਵਿੱਚ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਸਨ। ਐਨ.ਡੀ.ਏ. ਵਿੱਚੋਂ ਬਾਹਰ ਆਉਣ ਤੋਂ ਛੇ ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਮੁੜ ਭਾਰਤੀ ਜਨਤਾ ਪਾਰਟੀ ਦਾ ਸਹਿਯੋਗੀ ਬਣਕੇ ਐਨ.ਡੀ.ਏ ਵਿੱਚ ਸ਼ਾਮਲ ਹੋ ਗਿਆ ਹੈ। ਹੁਣ ਦੋਹਾਂ ਪਾਰਟੀਆਂ ਦੀਆਂ ਰਣਨੀਤੀਆਂ ਵਿੱਚ ਵਰਣਨਯੋਗ ਤਬਦੀਲੀ ਆਵੇਗੀ, ਕਿਉਂਕਿ ਪਿਛਲੇ ਛੇ ਸਾਲ ਤੋਂ ਦੋਵੇਂ ਪਾਰਟੀਆਂ ਇੱਕ ਦੂਜੇ ਵਿਰੁੱਧ ਭੰਡੀ ਪ੍ਰਚਾਰ ਕਰਦੀਆਂ ਰਹੀਆਂ ਹਨ। ਇਸ ਸਮਝੌਤੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਘਬਰਾਹਟ ਤੇ ਹਲਚਲ ਪੈਦਾ ਹੋ ਗਈ ਹੈ। ਵਿਰੋਧੀ ਪਾਰਟੀਆਂ ਇਸ ਗੱਠਜੋੜ ਵਿਰੁੱਧ ਤਿੱਖੇ ਬਿਆਨ ਦੇ ਰਹੀਆਂ ਹਨ, ਜਿਸਤੋਂ ਉਨ੍ਹਾਂ ਦੀ ਸਿਆਸੀ ਘਬਰਾਹਟ ਝਲਕਦੀ ਹੈ। ਹੁਣ ਪੰਜਾਬ ਵਿੱਚ ਤਿਕੋਨਾ ਮੁਕਾਬਲਾ ਹੋਵੇਗਾ। ਗੱਠਜੋੜ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਪਣਾ ਸਿੱਧਾ ਮੁਕਾਬਲਾ ਸਮਝਦੇ ਹਨ। ਆਮ ਆਦਮੀ ਪਾਰਟੀ ਅਤੇ ਕਾਂਗਰਸ ਲਈ ਨਵੀਂਆਂ ਚੁਣੌਤੀਆਂ ਪੈਦਾ ਹੋਣਗੀਆਂ।
ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਸੀ, ਕਿਉਂਕਿ ਉਹ ਪੰਥਕ ਮੁੱਦਿਆਂ ਤੋਂ ਕਿਨਾਰਾ ਕਰ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਪੰਥਕ ਵੋਟ ‘ਤੇ ਹੀ ਨਿਰਭਰ ਕਰਦਾ ਸੀ। ਪੰਥਕ ਵੋਟ ਖੁਰਨ ਕਰਕੇ ਉਸਨੂੰ ਵਿਧਾਨ ਸਭਾ ਵਿੱਚ ਸਿਰਫ਼ ਤਿੰਨ ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ। ਪਿਛਲੇ ਛੇ ਸਾਲਾਂ ਵਿੱਚ ਸ਼੍ਰੋਮਣੀ ਅਕਾਲੀ ਦਾ ਸਿਆਸੀ ਗ੍ਰਾਫ਼ ਨੀਚੇ ਗਿਰਦਾ ਆ ਰਿਹਾ ਹੈ, ਕਿਉਂਕਿ ਕੁਝ ਧਾਰਮਿਕ ਕਾਰਨਾ ਕਰਕੇ ਅਕਾਲੀ ਦਲ ਵਿੱਚ ਫੁੱਟ ਪੈ ਗਈ ਸੀ। ਇਸ ਫੁੱਟ ਕਰਕੇ ਇੱਕ ਨਵਾਂ ‘ਪੁਨਰ ਸੁਰਜੀਤ ਅਕਾਲੀ ਦਲ’ ਬਣ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਪਹਿਲਾਂ ‘ਪੁਨਰ ਸੁਰਜੀਤ ਅਕਾਲੀ ਦਲ’ ਵਿੱਚ ਅਤੇ ਬਾਅਦ ਵਿੱਚ ਵਾਰਿਸ ਪੰਜਾਬ ਵਿੱਚ ਸ਼ਾਮਲ ਹੋ ਗਿਆ। ਇੱਕ ਵਿਧਾਇਕ ਡਾ.ਸੁਖਵਿੰਦਰ ਕੁਮਾਰ ਸੁੱਖੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਇਸ ਸਮੇਂ ਅਕਾਲੀ ਦਲ ਦੀ ਇੱਕੋ ਵਿਧਾਇਕ ਗਨੀਵ ਕੌਰ ਮਜੀਠੀਆ ਹਨ। ਭਾਰਤੀ ਜਨਤਾ ਪਾਰਟੀ ਦੇ ਦੋ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਪਠਾਨਕੋਟ ਅਤੇ ਜੰਗੀ ਲਾਲ ਮਹਾਜਨ ਮੁਕੇਰੀਆਂ ਤੋਂ ਜਿੱਤੇ ਸਨ। ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜਾਬ ਦੀ ਇੱਕੋ ਇੱਕ ਸਭ ਤੋਂ ਪੁਰਾਣੀ ਰੀਜਨਲ ਪਾਰਟੀ ਹੈ, ਇਹ ਆਪਣੇ ਅਸਤਿਤਵ ਲਈ ਖ਼ਤਰਾ ਮਹਿਸੂਸ ਕਰ ਰਹੀ ਸੀ। ਵਾਰਿਸ ਪੰਜਾਬ ਪਾਰਟੀ ਵੀ ਅਕਾਲੀ ਦਲ ਦੀਆਂ ਵੋਟਾਂ ਨੂੰ ਖ਼ੋਰਾ ਲਾਵੇਗੀ। ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਇਕੱਲਿਆਂ ਆਪਣੀ ਸਰਕਾਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਸੀ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਬਰਾਹਟ ਪੈਦਾ ਹੋ ਰਹੀ ਸੀ। ਕਿਉਂਕਿ ਪੰਜਾਬ ਵਿੱਚ ਕਦੀਂ ਵੀ ਸ਼੍ਰੋਮਣੀ ਅਕਾਲੀ ਦਲ ਇਕੱਲਿਆਂ ਸਰਕਾਰ ਨਹੀਂ ਬਣਾ ਸਕਿਆ ਸੀ। ਭਾਰਤੀ ਜਨਤਾ ਪਾਰਟੀ ਨੇ ਤਾਂ 23 ਸੀਟਾਂ ਤੋਂ ਵੱਧ ਪੰਜਾਬ ਵਿੱਚ ਕਦੀ ਚੋਣ ਲੜੀ ਹੀ ਨਹੀਂ ਸੀ। ਉਹ ਸਿਰਫ ਸ਼ਹਿਰੀ ਸੀਟਾਂ ‘ਤੇ ਚੋਣ ਲੜਦੀ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਪਤਾ ਲੱਗ ਗਿਆ ਸੀ ਕਿ ਦੋਵੇਂ ਪਾਰਟੀਆਂ ਇਕੱਲਿਆਂ ਪੰਜਾਬ ਵਿੱਚ ਸਰਕਾਰ ਨਹੀਂ ਬਣਾ ਸਕਣਗੀਆਂ। ਇਸ ਲਈ ਗੱਠਜੋੜ ਕਰਨਾ ਦੋਹਾਂ ਪਾਰਟੀਆਂ ਦੀ ਮਜ਼ਬੂਰੀ ਬਣ ਗਿਆ ਸੀ। ਭਰੋਸੇਯੋਗ ਵਸੀਲਿਆਂ ਤੋਂ ਇਹ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ 71 ਸੀਟਾਂ ਅਤੇ ਭਾਰਤੀ ਜਨਤਾ ਪਾਰਟੀ 46 ਸੀਟਾਂ ‘ਤੇ ਚੋਣ ਲੜਨਗੇ। ਭਾਰਤੀ ਜਨਤਾ ਪਾਰਟੀ ਪਹਿਲੀ ਵਾਰ 18 ਦਿਹਾਤੀ ਹਲਕਿਆਂ ਤੋਂ ਚੋਣ ਲੜਨ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਿਹੜੇ ਵਿਧਾਨ ਸਭਾ ਹਲਕਿਆਂ ਤੋਂ ਲੀਡ ਲਈ ਸੀ, ਉਨ੍ਹਾਂ ਹਲਕਿਆਂ ‘ਤੇ ਆਪਣਾ ਦਾਅਵਾ ਕੀਤਾ ਹੈ। ਕਿਹੜੀਆਂ ਸੀਟਾਂ ਕਿਸ ਪਾਰਟੀ ਨੂੰ ਦਿੱਤੀਆਂ ਜਾਣਗੀਆਂ, ਇਸ ਦਾ ਫ਼ੈਸਲਾ ਬਾਅਦ ਵਿੱਚ ਹੋਵੇਗਾ। ਪਤਾ ਲੱਗਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਰਾਖਵੇਂ ਹਲਕਿਆਂ ਦੀ ਮੰਗ ਕੀਤੀ ਹੈ। ਸੀਟਾਂ ਦੀ ਵੰਡ ਤੋਂ ਇਉਂ ਲੱਗ ਰਿਹਾ ਹੈ ਕਿ ਜੇ ਇਸ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ ਤੇ ਉਪ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਹੋਵੇਗਾ। ਭਾਵ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਦੀ ਤਰ੍ਹਾਂ ਵੱਡਾ ਭਰਾ ਬਣਕੇ ਫਰਜ਼ ਨਿਭਾਏਗਾ। ਪੜਚੋਲਕਾਰ ਕਹਿੰਦੇ ਹਨ ਕਿ ਜਿਸ ਪਾਰਟੀ ਨੇ ਵਧੇਰੇ ਸੀਟਾਂ ਤੋਂ ਜਿੱਤ ਪ੍ਰਾਪਤ ਕੀਤੀ, ਉਸਦਾ ਹੀ ਮੁੱਖ ਮੰਤਰੀ ਹੋਵੇਗਾ।
24 ਸਾਲ ਬਾਅਦ ਪੁਰਾਣੇ ਰਿਸ਼ਤੇ ਮੁੜ ਬਹਾਲ ਹੋ ਗਏ ਹਨ। 1996 ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਜਨ ਸੰਘ) ਦਾ ਸਿਆਸੀ ਸਫ਼ਰ ਸ਼ੁਰੂ ਹੋਇਆ ਸੀ। 1997 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੋਹਾਂ ਪਾਰਟੀਆਂ ਨੇ ਸਮਝੌਤੇ ਅਧੀਨ ਇਕੱਠਿਆਂ ਲੜੀਆਂ ਸਨ। ਸ਼੍ਰੋਮਣੀ ਅਕਾਲੀ ਦਲ ਨੇ 94 ਅਤੇ ਭਾਰਤੀ ਜਨਤਾ ਪਾਰਟੀ ਨੇ 23 ਸੀਟਾਂ ‘ਤੇ ਚੋਣ ਲੜੀ ਸੀ। ਇਨ੍ਹਾਂ ਦੋਹਾਂ ਪਾਰਟੀਆਂ ਨੇ ਪੰਜ ਵਾਰ ਇਕੱਠਿਆਂ ਚੋਣ ਲੜੀ ਸੀ, ਜਿਸ ਵਿੱਚੋਂ ਤਿੰਨ ਵਾਰ ਜਿੱਤਕੇ 1997, 2007 ਅਤੇ 2012 ਵਿੱਚ ਸਾਂਝੀ ਸਰਕਾਰ ਬਣਾਈ ਸੀ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਭਾਈਵਾਲ ਸੀ। ਦੋ ਵਾਰ ਚੋਣ ਹਾਰ ਗਏ ਸਨ। 1997 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 75 ਸੀਟਾਂ ਜਿੱਤਕੇ 37.6 ਫ਼ੀਸਦੀ ਵੋਟਾਂ ਅਤੇ ਭਾਰਤੀ ਜਨਤਾ ਪਾਰਟੀ ਨੇ 18 ਸੀਟਾਂ ਜਿੱਤਕੇ 8.3ਫ਼ੀ ਸਦੀ ਵੋਟਾਂ ਲਈਆਂ ਸਨ। ਦੋਹਾਂ ਨੇ 93 ਸੀਟਾਂ ਨਾਲ 45.9ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ। 2007 ਵਿੱਚ ਅਕਾਲੀ ਦਲ ਨੇ 48 ਸੀਟਾਂ ਨਾਲ 37 ਫ਼ੀਸਦੀ ਅਤੇ ਭਾਰਤੀ ਜਨਤਾ ਪਾਰਟੀ ਨੇ 19 ਸੀਟਾਂ ਜਿੱਤਕੇ 8.3 ਫ਼ੀਸਦੀ ਵੋਟਾਂ ਲਈਆਂ ਸਨ। ਦੋਹਾਂ ਨੇ 67 ਸੀਟਾਂ ਨਾਲ 45.3 ਫੀਸਦੀ ਵੋਟਾਂ ਲਈਆਂ ਸਨ। 2012 ਵਿੱਚ ਅਕਾਲੀ ਦਲ ਨੇ 56 ਸੀਟਾਂ ਨਾਲ 34.7 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਤੇ ਬੀ.ਜੇ.ਪੀ.ਨੇ 12 ਸੀਟਾਂ ਨਾਲ 7.2 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ। ਦੋਹਾਂ ਦੀਆਂ ਮਿਲਾਕੇ 68 ਸੀਟਾਂ ਤੇ 41.9 ਫ਼ੀਸਦੀ ਬਣਦੀ ਹੈ। 2002 ਵਿੱਚ ਅਕਾਲੀ ਦਲ ਨੇ 41 ਸੀਟਾਂ ਨਾਲ 31 ਫ਼ੀਸਦੀ ਅਤੇ ਬੀ.ਜੇ.ਪੀ.ਨੇ 3 ਸੀਟਾਂ ਨਾਲ 5.7 ਫ਼ੀਸਦੀ ਵੋਟਾਂ ਲਈਆਂ ਸਨ। ਦੋਹਾਂ ਦੀਆਂ ਮਿਲਾਕੇ 44 ਸੀਟਾਂ ਅਤੇ 36.7 ਫ਼ੀਸਦੀ ਬਣਦੀਆਂ ਸਨ। 2017 ਵਿੱਚ ਅਕਾਲੀ ਦਲ ਨੇ 15 ਸੀਟਾਂ ਨਾਲ 25.2 ਫ਼ੀਸਦੀ ਅਤੇ ਬੀ.ਜੇ.ਪੀ.ਨੇ 3 ਸੀਟਾਂ ਨਾਲ 5.4 ਫ਼ੀਸਦੀ ਵੋਟਾਂ ਲਈਆਂ ਸਨ। ਦੋਹਾਂ ਨੇ ਮਿਲਾਕੇ 18 ਸੀਟਾਂ ਨਾਲ 30.6 ਫ਼ੀਸਦੀ ਵੋਟਾਂ ਲਈਆਂ ਸਨ। 2022 ਵਿੱਚ ਅਕਾਲੀ ਦਲ ਨੇ 3 ਸੀਟਾਂ ਨਾਲ 18.3 ਫ਼ੀਸਦੀ ਤੇ ਬੀ.ਜੇ.ਪੀ.ਨੇ 2 ਸੀਟਾਂ ਨਾਲ 6.6 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ। ਦੋਹਾਂ ਦੀਆਂ ਕੁਲ 5 ਸੀਟਾਂ ਨਾਲ 25 ਫ਼ੀ ਸਦੀ ਵੋਟਾਂ ਬਣਦੀਆਂ ਹਨ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ 13.41 ਫ਼ੀਸਦੀ ਤੇ ਭਾਰਤੀ ਜਨਤਾ ਪਾਰਟੀ ਨੂੰ 18.56 ਫ਼ੀਸਦੀ ਵੋਟਾਂ ਪੋਲ ਹੋਈਆਂ ਸਨ, ਜਿਨ੍ਹਾਂ ਦਾ ਜੋੜ 31.97 ਫ਼ੀਸਦੀ ਬਣਦਾ ਹੈ। ਲੋਕ ਸਭਾ ਵਿੱਚ ਵਧੇਰੇਫ਼ੀ ਸਦੀ ਵੋਟਾਂ ਲੈਣ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਪਹਿਲਾਂ ਨਾਲੋਂ ਦੁਗਣੀਆਂ ਸੀਟਾਂ ਮਿਲੀਆਂ ਹਨ। ਇਹ ਗੱਠਜੋੜ ਪੰਜਾਬ ਵਿੱਚ ਸੁਖਦ ਵਾਤਵਰਨ ਪੈਦਾ ਕਰੇਗਾ ਕਿਉਂਕਿ ਹਿੰਦੂ ਸਿੱਖਾਂ ਵਿੱਚ ਵਧੇਰੇ ਇੱਕਮੁਠਤਾ ਸਥਾਪਤ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਹੋਣ ਕਰਕੇ ਪਿੰਡਾਂ ਵਿੱਚ ਵਧੇਰੇ ਅਸਰ ਰਸੂਖ ਰੱਖਦੀ ਹੈ, ਉਸਨੂੰ ਪੰਥਕ ਮਸਲਿਆਂ ਬਾਰੇ ਸਿੱਖਾਂ ਨੂੰ ਸੰਤੁਸ਼ਟ ਕਰਨਾ ਪਵੇਗਾ। ਬੰਦੀ ਸਿੱਖਾਂ ਦੀ ਪੈਰੋਲ ਤੇ ਰਿਹਾਈ ਦੇ ਮਸਲੇ ਹਲ ਕਰਵਾਉਣੇ ਹੋਣਗੇ। ਦੂਜੀ ਸਭ ਤੋਂ ਵੱਡੀ ਚੁਣੌਤੀ ਕਿਸਾਨਾ ਨੂੰ ਸਾਂਝੇ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਸਹਿਮਤ ਕਰਨ ਵਾਸਤੇ ਜਦੋਜਹਿਦ ਕਰਨੀ ਪਵੇਗੀ, ਕਿਉਂਕਿ ਕਿਸਾਨੀ ਦੇ ਮੁੱਦੇ ਜਿਉਂ ਦੀ ਤਿਉਂ ਖੜ੍ਹੇ ਹਨ। ਕਿਸਾਨ ਅੰਦੋਲਨ ਵਿੱਚ 750 ਕਿਸਾਨ ਸਵਰਗਵਾਸ ਹੋ ਗਏ ਸਨ। ਕਿਸਾਨ ਯੂਨੀਅਨਾਂ ਨੂੰ ਭਰੋਸੇ ਵਿੱਚ ਲੈਣਾ ਪਵੇਗਾ, ਕਿਉਂਕਿ ਪੰਜਾਬ ਦੀ ਬਹੁਤੀ ਵਸੋਂ ਪਿੰਡਾਂ ਵਿੱਚ ਵਸਦੀ ਹੈ। ਇਸ ਗੱਠਜੋੜ ਸਾਹਮਣੇ ਸਭ ਤੋਂ ਮਹੱਤਪੂਰਨ ਸਵਾਲ ਕਿਸਾਨਾਂ ਨੂੰ ਆਪਣੇ ਨਾਲ ਜੋੜਨ ਦਾ ਹੋਵੇਗਾ, ਕਿਉਂਕਿ ਭਾਵੇਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਸਨ, ਪ੍ਰੰਤੂ ਕਿਸਾਨਾਂ ਦੀਆਂ ਅਜੇ ਵੀ ਕਈ ਮੰਗਾਂ ਖਾਸ ਤੌਰ ‘ਤੇ ਘੱਟੋ ਘੱਟੋ ਫਸਲਾਂ ਦੇ ਸਮਰੱਥਨ ਮੁੱਲ ਦੀ ਕਾਨੂੰਨੀ ਗਰੰਟੀ ਅਜੇ ਵੀ ਨਹੀਂ ਮਿਲੀ। ਕਿਸਾਨ ਯੂਨੀਅਨਾਂ ਸਰਕਾਰ ਤੋਂ ਨਰਾਜ਼ ਹਨ। ਸ਼੍ਰੋਮਣੀ ਅਕਾਲੀ ਦਲ ਲਈ ਕਿਸਾਨਾਂ ਦੀ ਮਦਦ ਤੋਂ ਬਿਨਾ ਸਫ਼ਲ ਹੋਣਾ ਅਸੰਭਵ ਹੋਵੇਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਹੀ ਦਿਹਾਤੀ ਵੋਟਰਾਂ ‘ਤੇ ਨਿਰਭਰ ਕਰਦੀ ਹੈ। ਤੀਜੇ ਪਰਕਾਸ਼ ਸਿੰਘ ਬਾਦਲ ਤੋਂ ਬਿਨਾ ਪਹਿਲੀ ਵਾਰ ਗੱਠਜੋੜ ਚੋਣ ਲੜ ਰਿਹਾ ਹੈ, ਇਸ ਲਈ ਸੁਖਬੀਰ ਸਿੰਘ ਬਾਦਲ ਲਈ ਪਰਖ ਦਾ ਸਮਾਂ ਹੋਵੇਗਾ। ਸਿਆਸੀ ਪੜਚੋਲਕਾਰ ਤਾਂ ਇਹ ਵੀ ਕਹਿੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਨੇ ਬੀ.ਜੇ.ਪੀ.ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ।
ਅਕਾਲੀ ਦਲ ਨੂੰ ਆਪਣੀ ਪੁਰਾਣੀ ਸਿਆਸੀ ਭਰੋਸੇਯੋਗਤਾ ਮੁੜ ਸਥਾਪਤ ਕਰਨੀ ਪਵੇਗੀ। ਲੋਕਾਂ ਦਾ ਵਿਸ਼ਵਾਸ਼ ਜਿੱਤਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। 2022 ਵਿੱਚ ਬਦਲਾਅ ਦੇ ਨਾਮ ‘ਤੇ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤਕੇ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਸੀ, ਭਾਵੇਂ ਸਰਕਾਰ ਨੇ ਮੁਫਤਖ਼ੋਰੀ ਵਰਗੀਆਂ ਸਹੂਲਤਾਂ ਦੇ ਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਪ੍ਰੰਤੂ ਜਿਹੜੇ ਵਾਅਦੇ ਕਰਕੇ ਸਰਕਾਰ ਬਣੀ ਸੀ, ਉਹ ਵਾਅਦੇ ਵਫ਼ਾ ਨਹੀਂ ਹੋਏ। ਇਸ ਲਈ ਐਂਟੀ ਇਨਕਬੈਂਸੀ ਫੈਕਟਰ ਦਾ ਲਾਭ ਲੈਣ ਲਈ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿੱਚੋਂ ਉਹ ਪਾਰਟੀ ਸਫਲ ਹੋਵੇਗੀ ਜਿਹੜੀ ਪੰਜਾਬ ਦੇ ਭਖਦੇ ਮਸਲਿਆਂ ਦਾ ਹਲ ਲੱਭਣ ਲਈ ਯਤਨਸ਼ੀਲ ਹੋਣ ਬਾਰੇ ਲੋਕਾਂ ਦਾ ਭਰੋਸਾ ਜਿੱਤ ਸਕੇਗੀ। ਡਬਲ ਇੰਜਣ ਦੀ ਸਰਕਾਰ ਬਾਰੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਪੰਜਾਬ ਦੇ ਵੋਟਰਾਂ ਨੂੰ ਕਿਤਨਾ ਸੰਤੁਸ਼ਟ ਕਰ ਸਕੇਗੀ ਉਤਨਾ ਹੀ ਉਨ੍ਹਾਂ ਲਾਭ ਹੋ ਸਕਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

-
ਉਜਾਗਰ ਸਿੰਘ, writer
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.