ਲੁਧਿਆਣਾ ਪੁਲਿਸ ਦੀ ਵੱਡੀ ਕਾਮਯਾਬੀ: ਦੋ ਕਤਲ ਕੇਸ ਟਰੇਸ, 7 ਮੁਲਜ਼ਮ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ, 27 ਨਵੰਬਰ 2026
ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਦੋ ਵੱਖ-ਵੱਖ ਕਤਲ ਮਾਮਲਿਆਂ ਨੂੰ ਟਰੇਸ ਕਰਦਿਆਂ ਵੱਡੀ ਸਫ਼ਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਕੁੱਲ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਕਤਲ ਪਿੱਛੇ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟਾਂ ਅਤੇ ਧਮਕੀਆਂ ਦਾ ਵਿਵਾਦ ਸਾਹਮਣੇ ਆਇਆ, ਜਦਕਿ ਦੂਜਾ ਕਤਲ ਪੈਸਿਆਂ ਦੇ ਲੈਣ-ਦੇਣ ਦੀ ਰੰਜਿਸ਼ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ।
ਵਟਸਐਪ ’ਤੇ 'RIP' ਪੋਸਟ ਤੋਂ ਬਾਅਦ ਖੂਨੀ ਟਕਰਾਅ, ਹਨੀ ਉਰਫ਼ ਕੱਲੂ ਦਾ ਕਤਲ
ਪਹਿਲੇ ਮਾਮਲੇ ਵਿੱਚ ਥਾਣਾ ਦਰੇਸੀ ਵਿਖੇ ਐੱਫਆਈਆਰ ਨੰਬਰ 219 ਦਰਜ ਕੀਤੀ ਗਈ ਸੀ। ਪੁਲਿਸ ਅਨੁਸਾਰ ਹਨੀ ਉਰਫ਼ ਕੱਲੂ ਦੀ ਤਸਵੀਰ ਨਾਲ 'RIP' ਲਿਖ ਕੇ ਉਸ ਦੀ ਮੌਤ ਦੀਆਂ ਝੂਠੀਆਂ ਅਫ਼ਵਾਹਾਂ ਫੈਲਾਉਣ ਅਤੇ ਫ਼ੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਵਿਵਾਦ ਨੇ ਖ਼ੂਨੀ ਰੂਪ ਧਾਰ ਲਿਆ। ਕਾਲੀ ਮਾਤਾ ਮੰਦਰ, ਬਿੰਦਰਾ ਕਲੋਨੀ ਨੇੜੇ ਹਨੀ ’ਤੇ ਕਿਰਪਾਨਾਂ, ਦਾਤਰਾਂ ਅਤੇ ਹੋਰ ਚੀਜ਼ਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਰਾਹੁਲ ਉਰਫ਼ ਗੋਲੂ, ਪ੍ਰਿੰਸ ਉਰਫ਼ ਲੱਲਾ, ਮਨੀ ਅਤੇ ਗੌਰਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੈਸਿਆਂ ਦੇ ਵਿਵਾਦ ’ਚ ਪੰਕਜ ਅਰੋੜਾ ਨੂੰ ਅਗਵਾ ਕਰਕੇ ਬਠਿੰਡਾ ਲਿਜਾਇਆ, ਸੂਏ ਨਾਲ ਕਤਲ
ਦੂਜੇ ਸਨਸਨੀਖੇਜ਼ ਮਾਮਲੇ ਵਿੱਚ ਪੰਕਜ ਅਰੋੜਾ ਦੇ ਕਤਲ ਪਿੱਛੇ ਵਿੱਤੀ ਲੈਣ-ਦੇਣ ਦਾ ਵਿਵਾਦ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ 25 ਨਵੰਬਰ ਨੂੰ ਮਿੱਕੀ ਆਹੂਜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਕਜ ਨੂੰ ਬਾਹਰ ਬੁਲਾਇਆ ਅਤੇ ਕਥਿਤ ਤੌਰ ’ਤੇ ਅਗਵਾ ਕਰਕੇ ਲੁਧਿਆਣਾ ਤੋਂ ਬਠਿੰਡਾ ਲੈ ਗਏ, ਜਿੱਥੇ ਸੂਏ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਪੰਕਜ ਦੀ ਲਾਸ਼ ਰਾਮਪੁਰਾ ਫੂਲ ਨੇੜੇ ਸੇਮ ਨਾਲੇ ਵਿੱਚੋਂ ਬਰਾਮਦ ਹੋਈ। ਪੁਲਿਸ ਨੇ ਇਸ ਮਾਮਲੇ ਵਿੱਚ ਮਿੱਕੀ ਆਹੂਜਾ, ਸ਼ਿਵਾ ਜੈਸਵਾਲ ਅਤੇ ਅਜੈ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਸੂਆ ਵੀ ਬਰਾਮਦ ਕੀਤਾ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਾਂਚ ਜਾਰੀ ਹੈ।
ਦੋਵਾਂ ਮਾਮਲਿਆਂ ਵਿੱਚ ਪੁਲਿਸ ਕਾਰਵਾਈ ਦੀ ਅਗਵਾਈ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਸਿਟੀ) ਆਲਮ ਵਿਜੇ ਸਿੰਘ, ਏਡੀਸੀਪੀ ਸਮੀਰ ਵਰਮਾ ਅਤੇ ਸਬੰਧਤ ਏਸੀਪੀ ਤੇ ਥਾਣਾ ਮੁਖੀਆਂ ਵੱਲੋਂ ਕੀਤੀ ਗਈ।
ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਕਤਲ ਮਾਮਲਿਆਂ ਦੀ ਜਾਂਚ ਨੂੰ ਗੰਭੀਰਤਾ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਅਪਰਾਧਾਂ ਨਾਲ ਜੁੜੇ ਹੋਰ ਅਹਿਮ ਤੱਥ ਸਾਹਮਣੇ ਆਉਣਗੇ।
- Download Babushahi App
-
-