ਮਾਲੇਰਕੋਟਲਾ ਦੀ ਇਤਿਹਾਸਕ ਭਾਈਚਾਰਕ ਸਾਂਝ ਪੂਰੇ ਦੇਸ਼ ਲਈ ਮਿਸਾਲ : ਐਸ.ਐਸ.ਪੀ ਕਮਲਪ੍ਰੀਤ ਸਿੰਘ ਖੱਖ
ਐਸ.ਐਸ.ਪੀ ਤੋਂ ਇਲਾਵਾ ਸ੍ਰੀ ਸਾਜੀਵ ਸੂਦ, ਸ.ਸਵਰਨਜੀਤ ਸਿੰਘ ਅਤੇ ਮੁਹੰਮਦ ਮੁਸਲਿਮ ਸਿਆਮਾ ਵੱਲੋਂ ਵੀ ਸਮੂਹ ਇਲਾਕਾ ਨਿਵਾਸੀਆਂ ਨੂੰ ਮੁਬਾਰਕਾਂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 8 ਨਵੰਬਰ 2026 : ਦਿਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਮੌਕੇ 'ਤੇ ਜ਼ਿਲ੍ਹਾ ਮਾਲੇਰਕੋਟਲਾ ਦੇ ਐਸ.ਐਸ.ਪੀ ਸ੍ਰੀ ਕਮਲਪ੍ਰੀਤ ਸਿੰਘ ਖੱਖ, ਡੀ.ਆਈ.ਸੀ. ਸੰਗਰੂਰ ਅਤੇ ਮਾਲੇਰਕੋਟਲਾ ਦੇ ਚੇਅਰਮੈਨ ਸ੍ਰੀ ਸਾਜੀਵ ਸੂਦ, ਦਸ਼ਮੇਸ਼ ਮਕੈਨੀਕਲ ਵਰਕਸ ਅਮਰਗੜ੍ਹ ਦੇ ਐਮ.ਡੀ. ਸ. ਸਵਰਨਜੀਤ ਸਿੰਘ ਅਤੇ ਸਿਆਮਾ ਅਤਰਜ਼ ਮਾਲੇਰਕੋਟਲਾ ਦੇ ਐਮ.ਡੀ. ਮੁਹੰਮਦ ਮੁਸਲਿਮ ਸਿਆਮਾ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੀ ਧਰਤੀ ਹਮੇਸ਼ਾ ਤੋਂ ਹੀ ਆਪਸੀ ਭਾਈਚਾਰਕ ਸਾਂਝ, ਪਿਆਰ, ਸਤਿਕਾਰ ਅਤੇ ਧਾਰਮਿਕ ਸਦਭਾਵਨਾ ਲਈ ਜਾਣੀ ਜਾਂਦੀ ਹੈ। ਇੱਥੇ ਸਾਰੇ ਧਰਮਾਂ ਦੇ ਲੋਕ ਇੱਕ-ਦੂਜੇ ਦੇ ਤਿਉਹਾਰਾਂ ਵਿੱਚ ਸ਼ਾਮਲ ਹੋ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ ਅਤੇ ਮਿਲਜੁਲ ਕੇ ਹਰ ਤਿਉਹਾਰ ਮਨਾਉਂਦੇ ਹਨ। ਇਹ ਆਪਸੀ ਏਕਤਾ ਅਤੇ ਸਾਂਝ ਸਾਡੇ ਸਮਾਜ ਦੀ ਅਸਲ ਤਾਕਤ ਹੈ।
ਉਨ੍ਹਾਂ ਕਿਹਾ ਕਿ ਦਿਵਾਲੀ ਅਤੇ ਬੰਦੀ ਛੋੜ ਦਿਵਸ ਸਾਨੂੰ ਰੌਸ਼ਨੀ, ਆਜ਼ਾਦੀ, ਸੱਚਾਈ, ਨੇਕੀ ਅਤੇ ਆਪਸੀ ਪਿਆਰ ਦਾ ਸੰਦੇਸ਼ ਦਿੰਦੇ ਹਨ। ਮਾਲੇਰਕੋਟਲਾ ਦੀ ਗੰਗਾ-ਜਮੁਨੀ ਤਹਿਜ਼ੀਬ ਅਤੇ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਇੱਕ-ਦੂਜੇ ਦੇ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਤਿਉਹਾਰਾਂ ਨੂੰ ਆਪਸੀ ਪਿਆਰ, ਸਦਭਾਵਨਾ ਅਤੇ ਸ਼ਾਂਤੀਪੂਰਨ ਮਾਹੌਲ ਵਿੱਚ ਮਨਾਉਣ ਅਤੇ ਸਮਾਜ ਵਿੱਚ ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਫੈਲਾਉਣ। ਉਨ੍ਹਾਂ ਸਮੂਹ ਮਾਲੇਰਕੋਟਲਾ ਵਾਸੀਆਂ ਦੇ ਜੀਵਨ ਵਿੱਚ ਖੁਸ਼ਹਾਲੀ, ਤੰਦਰੁਸਤੀ, ਅਮਨ-ਸ਼ਾਂਤੀ ਅਤੇ ਤਰੱਕੀ ਦੀ ਕਾਮਨਾ ਕਰਦਿਆਂ ਇੱਕ ਵਾਰ ਫਿਰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ।
- Download Babushahi App
-
-