ਨਿਊਜ਼ੀਲੈਂਡ ਆਮ ਚੋਣਾਂ 2026: ਨੈਸ਼ਨਲ ਪਾਰਟੀ 42 ਸੀਟਾਂ ਨਾਲ ਸਭ ਤੋਂ ਵੱਡੀ ਧਿਰ ਵਜੋਂ ਉੱਭਰੀ, ਲੇਬਰ ਨੇ 29.36 ਫੀਸਦੀ ਵੋਟਾਂ ਨਾਲ 36 ਸੀਟਾਂ ’ਤੇ ਦਰਜ ਕੀਤੀ ਜਿੱਤ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 07 ਨਵੰਬਰ 2026:- ਨਿਊਜ਼ੀਲੈਂਡ ਵਿਚ ਆਮ ਚੋਣਾਂ 2026 ਦੀ ਸ਼ੁਰੂਆਤੀ ਗਿਣਤੀ ਦੇ 100 ਫੀਸਦੀ ਨਤੀਜੇ ਸਾਹਮਣੇ ਆ ਚੁੱਕੇ ਹਨ। ਦੇਸ਼ ਭਰ ਦੇ ਹਰ ਇੱਕ ਵੋਟਿੰਗ ਕੇਂਦਰ ਤੋਂ ਆਏ ਨਤੀਜਿਆਂ ਨੇ ਸਿਆਸੀ ਸਮੀਕਰਨਾਂ ਨੂੰ ਬਹੁਤ ਹੀ ਰੋਮਾਂਚਕ ਮੋੜ ’ਤੇ ਲਿਆ ਖੜ੍ਹਾ ਕੀਤਾ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਨੈਸ਼ਨਲ ਪਾਰਟੀ ਅਤੇ ਲੇਬਰ ਪਾਰਟੀ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ ਹੈ। ਨੈਸ਼ਨਲ ਪਾਰਟੀ ਨੇ 29.21 ਫੀਸਦੀ ਵੋਟਾਂ ਪ੍ਰਾਪਤ ਕਰਕੇ ਕੁੱਲ 42 ਸੀਟਾਂ ’ਤੇ ਕਬਜ਼ਾ ਕੀਤਾ ਹੈ, ਜਦੋਂ ਕਿ ਲੇਬਰ ਪਾਰਟੀ ਨੇ 29.36 ਫੀਸਦੀ ਵੋਟਾਂ ਨਾਲ 36 ਸੀਟਾਂ ਹਾਸਲ ਕੀਤੀਆਂ ਹਨ।
ਨੈਸ਼ਨਲ ਪਾਰਟੀ ਨੇ ਕੁੱਲ 706,680 ਵੋਟਾਂ (29.21 ਫੀਸਦੀ) ਹਾਸਲ ਕੀਤੀਆਂ ਅਤੇ ਸਾਰੀਆਂ 42 ਚੋਣ ਹਲਕਾ (Electorate) ਸੀਟਾਂ ਜਿੱਤ ਕੇ ਵੱਡੀ ਸਫਲਤਾ ਦਰਜ ਕੀਤੀ। ਦੂਜੇ ਪਾਸੇ ਲੇਬਰ ਪਾਰਟੀ ਨੂੰ 710,330 ਵੋਟਾਂ (29.36 ਫੀਸਦੀ) ਮਿਲੀਆਂ, ਜਿਸ ਵਿਚ 21 ਚੋਣ ਹਲਕਾ ਸੀਟਾਂ ਅਤੇ 15 ਲਿਸਟ ਸੀਟਾਂ ਸ਼ਾਮਲ ਹਨ। ਗ੍ਰੀਨ ਪਾਰਟੀ 321,902 ਵੋਟਾਂ (13.30 ਫੀਸਦੀ) ਨਾਲ 16 ਸੀਟਾਂ (2 ਹਲਕਾ + 14 ਲਿਸਟ ਸੀਟਾਂ) ਹਾਸਲ ਕਰਨ ਵਿਚ ਸਫਲ ਰਹੀ। ਐਕਟ ਨਿਊਜ਼ੀਲੈਂਡ ਨੇ 264,121 ਵੋਟਾਂ (10.92 ਫੀਸਦੀ) ਲੈ ਕੇ 13 ਸੀਟਾਂ (1 ਹਲਕਾ + 12 ਲਿਸਟ ਸੀਟਾਂ) ਜਿੱਤੀਆਂ ਹਨ।
ਨਿਊਜ਼ੀਲੈਂਡ ਫਰਸਟ ਪਾਰਟੀ ਨੇ 236,630 ਵੋਟਾਂ (9.78 ਫੀਸਦੀ) ਪ੍ਰਾਪਤ ਕਰਕੇ 12 ਲਿਸਟ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਆਪਰਚੂਨਿਟੀ ਪਾਰਟੀ ਨੂੰ 144,298 ਵੋਟਾਂ (5.96 ਫੀਸਦੀ) ਮਿਲੀਆਂ ਹਨ ਅਤੇ ਉਨ੍ਹਾਂ ਨੂੰ 7 ਲਿਸਟ ਸੀਟਾਂ ਹਾਸਲ ਹੋਈਆਂ ਹਨ। ਤੇ ਪਾਤੀ ਮਾਓਰੀ ਪਾਰਟੀ ਨੇ 13,845 ਵੋਟਾਂ (0.57 ਫੀਸਦੀ) ਪ੍ਰਾਪਤ ਕਰਕੇ 5 ਚੋਣ ਹਲਕਾ ਸੀਟਾਂ ਆਪਣੇ ਨਾਮ ਕੀਤੀਆਂ ਹਨ।
ਹੋਰ ਛੋਟੀਆਂ ਪਾਰਟੀਆਂ ਵਿਚ ਆਓਤੇਆਰੋਆ ਲੀਗਲਾਈਜ਼ ਕੈਨਾਬਿਸ ਪਾਰਟੀ ਨੂੰ 4,829 ਵੋਟਾਂ (0.19 ਫੀਸਦੀ), ਨਿਊਜ਼ੀਲੈਂਡ ਆਊਟਡੋਰਜ਼ ਐਂਡ ਫ੍ਰੀਡਮ ਪਾਰਟੀ ਨੂੰ 2,685 ਵੋਟਾਂ (0.11 ਫੀਸਦੀ), ਐਨੀਮਲ ਜਸਟਿਸ ਪਾਰਟੀ ਨੂੰ 2,585 ਵੋਟਾਂ (0.10 ਫੀਸਦੀ), ਕੰਜ਼ਰਵੇਟਿਵ ਪਾਰਟੀ ਨੂੰ 1,886 ਵੋਟਾਂ (0.07 ਫੀਸਦੀ), ਵੂਮੈਨਜ਼ ਰਾਈਟਸ ਪਾਰਟੀ ਨੂੰ 1,856 ਵੋਟਾਂ (0.07 ਫੀਸਦੀ), ਨਿਊਜ਼ੀਲੈਂਡ ਲੋਇਲ ਨੂੰ 1,855 ਵੋਟਾਂ (0.07 ਫੀਸਦੀ), ਵਿਜ਼ਨ ਨਿਊਜ਼ੀਲੈਂਡ ਨੂੰ 1,529 ਵੋਟਾਂ (0.06 ਫੀਸਦੀ), ਤੇ ਤਾਈ ਤੋਕਰੌ ਪਾਰਟੀ ਨੂੰ 1,217 ਵੋਟਾਂ (0.05 ਫੀਸਦੀ), ਫ੍ਰੀ ਪਲਸਤੀਨ ਨੂੰ 1,168 ਵੋਟਾਂ (0.04 ਫੀਸਦੀ) ਅਤੇ ਐਲਾਇੰਸ ਪਾਰਟੀ ਨੂੰ 1,149 ਵੋਟਾਂ (0.04 ਫੀਸਦੀ) ਪ੍ਰਾਪਤ ਹੋਈਆਂ, ਪਰ ਇਹ ਪਾਰਟੀਆਂ ਕੋਈ ਸੀਟ ਹਾਸਲ ਨਹੀਂ ਕਰ ਸਕੀਆਂ। ਚੋਣਾਂ ਵਿਚ ਕੁੱਲ 2,418,565 ਵੋਟਾਂ ਪਈਆਂ, ਜਿਸ ਵਿਚ 71 ਹਲਕਾ ਸੀਟਾਂ ਅਤੇ 60 ਲਿਸਟ ਸੀਟਾਂ ਸਮੇਤ ਕੁੱਲ 131 ਸੰਸਦੀ ਸੀਟਾਂ ਦਾ ਨਤੀਜਾ ਤੈਅ ਹੋਇਆ ਹੈ।
ਜਿੱਤੇ ਭਾਰਤੀ ਉਮੀਦਵਾਰਸੰਸਦ ’ਚ ਪਹੁੰਚੇ ਸਾਡੇ ਦੇਸੀ ਸੂਰਮੇ, ਦੇਖੋ ਕਿਹੜੇ ਚਿਹਰਿਆਂ ਨੇ ਬਾਜ਼ੀ ਮਾਰ ਕੇ ਵਧਾਇਆ ਮਾਣ
ਵੱਡੀ ਇਤਿਹਾਸਕ ਜਿੱਤ ਨੈਸ਼ਨਲ ਪਾਰਟੀ ਦੇ ਮਹੇਸ਼ ਮੁਰਲੀਧਰ (Mahesh Muralidhar) ਦੇ ਨਾਮ ਰਹੀ ਹੈ। ਉਨ੍ਹਾਂ ਨੇ ਔਕਲੈਂਡ ਦੇ ਹਾਈ-ਪ੍ਰੋਫਾਈਲ ਟਾਮਾਕੀ (Tamaki) ਹਲਕੇ ਤੋਂ ਸਿੱਧੀ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨੈਸ਼ਨਲ ਪਾਰਟੀ ਦੇ ਪੂਰੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤੀ ਮੂਲ ਦੇ ਕਿਸੇ ਉਮੀਦਵਾਰ ਨੇ ਸਿੱਧੇ ਤੌਰ ’ਤੇ ਚੋਣ ਹਲਕਾ (Electorate seat) ਜਿੱਤ ਕੇ ਸੰਸਦ ਵਿੱਚ ਕਦਮ ਰੱਖਿਆ ਹੋਵੇ।
ਦੂਜੇ ਪਾਸੇ ਲੇਬਰ ਪਾਰਟੀ ਵੱਲੋਂ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ (ਸੁਪਰਡੈਂਟ) ਰਾਕੇਸ਼ ਨਾਇਡੂ (Rakesh Naidoo) ਪਹਿਲੀ ਵਾਰ ਸੰਸਦ ਮੈਂਬਰ ਵਜੋਂ ਚੁਣੇ ਗਏ ਹਨ। ਲੇਬਰ ਪਾਰਟੀ ਦੀ ਲਿਸਟ ਵਿੱਚ 13ਵੇਂ ਨੰਬਰ (Rank 13) ’ਤੇ ਰਹਿੰਦਿਆਂ ਉਹ ਪਾਰਟੀ ਨੂੰ ਮਿਲੀਆਂ 15 ਲਿਸਟ ਸੀਟਾਂ ਦੇ ਆਧਾਰ ’ਤੇ ਸੰਸਦ (List MP) ਵਿੱਚ ਪਹੁੰਚੇ ਹਨ।
ਲੇਬਰ ਪਾਰਟੀ ਦੀ ਹੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪ੍ਰਿਯੰਕਾ ਰਾਧਾਕ੍ਰਿਸ਼ਨਨ (Priyanca Radhakrishnan) ਆਪਣੀ ਪਾਰਟੀ ਦੀ ਲਿਸਟ (ਰੈਂਕ 18) ਦੇ ਆਧਾਰ ’ਤੇ ਇੱਕ ਵਾਰ ਫਿਰ ਸੰਸਦ ਮੈਂਬਰ ਚੁਣੀ ਗਈ ਹੈ।
ਇਸ ਦੇ ਨਾਲ ਹੀ ACT ਪਾਰਟੀ ਦੀ ਮੌਜੂਦਾ ਸੰਸਦ ਮੈਂਬਰ ਡਾ. ਪਰਮਜੀਤ ਪਰਮਾਰ (Dr. Parmjeet Parmar) ਵੀ ਆਪਣੀ ਪਾਰਟੀ ਦੀ ਲਿਸਟ (ਰੈਂਕ 10) ਦੇ ਆਧਾਰ ’ਤੇ ਮੁੜ ਸੰਸਦ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ ਹੈ।
ਹਲਕਾ ਸੀਟਾਂ ਤੋਂ ਪਿਛੜ ਗਏ ਉਮੀਦਵਾਰ ਟਾਕਾਨੀਨੀ ਹਲਕੇ ਤੋਂ ਲੇਬਰ ਦੇ ਖੜਗ ਸਿੰਘ ਜਿੱਤ ਦੇ ਕਾਫੀ ਕਰੀਬ ਰਹੇ, ਪਰ 1487 ਵੋਟਾਂ ਦਾ ਫਰਕ ਰਹਿ ਗਿਆ। ਉਨ੍ਹਾਂ ਨੂੰ 10,633 ਵੋਟਾਂ ਪਈਆਂ ਜਦ ਕਿ ਰੀਮਾ ਨਾਖਲੇ ਨੂੰ 12,120 ਵੋਟਾਂ ਪਈਆਂ।
ਬਾਕੀ ਹਾਰੇ ਭਾਰਤੀ ਉਮੀਦਵਾਰਾਂ ਵਿਚ ਸ਼ਾਮਿਲ ਹਨ: ਲੇਬਰ ਪਾਰਟੀ ਦੇ ਨਰੇਸ਼ ਪਰਿਨਪਾਨਾਇਗਮ (ਲਿਸਟ 57), ਸੁਨੀਤਾ ਗੌਤਮ (ਸੈਲਵਿਨ); ਨੈਸ਼ਨਲ ਪਾਰਟੀ ਦੇ ਅੰਕਿਤ ਬੰਸਲ (ਪਾਮਰਸਟਨ ਨੌਰਥ), ਕਰੁਣਾ ਮੁਥੂ (ਵੈਲਿੰਗਟਨ ਬੇਅਜ਼), ਲਲਿਤ ਆਰੀਆ (ਓਟਾਹੁਹੂ), ਸੁਨੀਲ ਕੁਮਾਰ (ਗਲੇਨਡੇਨ), ਗੌਸ ਮਜੀਦ (ਮੈਨੁਰੇਵਾ); ਐਕਟ ਪਾਰਟੀ ਦੇ ਹਿਮਾਂਸ਼ੂ (ਆਸ਼) ਪਰਮਾਰ (ਵਾਈਕਾਟੋ), ਮਲਕੀਅਤ ਸਿੰਘ (ਪਾਪਾਕੁਰਾ), ਮਨੂ ਸਿੰਘ (ਮੈਂਗਰੀ); ਨਿਊਜ਼ੀਲੈਂਡ ਫਰਸਟ ਦੇ ਬਰਨਾਡੇਟ ਸੋਆਰੇਸ (ਅੱਪਰ ਹਾਰਬਰ); ਦਿ ਓਪਰਚੂਨਿਟੀ ਪਾਰਟੀ ਦੇ ਨੇਤਰਾ ਘਿਮੀਰੇ (ਪਾਮਰਸਟਨ ਨੌਰਥ) ਅਤੇ ਆਜ਼ਾਦ ਉਮੀਦਵਾਰ ਕ੍ਰਾਈਸਟਚਰਚ ਈਸਟ ਤੋਂ ਵਿਕਰਮਜੀਤ ਸਿੰਘ (63 ਵੋਟਾਂ)।
- Download Babushahi App
-
-