ਮਾਲੇਰਕੋਟਲਾ ਵਿਖੇ ਚੱਲ ਰਹੇ ਸਾਲਾਨਾਂ ਤਬਲੀਗੀ ਇਜ਼ਤਮਾਂ ਦੇ ਦੂਜੇ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਿਰਕਤ-ਅੱਜ 11 ਵਜੇ ਦੁਆ ਨਾਲ ਹੋਵੇਗੀ ਸਮਾਪਤੀ
- ਸਮਾਜ ਦੇ ਵਿਗਾੜ ਦਾ ਮੁੱਖ ਕਾਰਨ ਵਿਆਹ ਸ਼ਾਦੀਆਂ ਦੇ ਰਸਮ ਰਿਵਾਜ਼ ਤੇ ਕੀਤੇ ਜਾਂਦੇ ਵੱਡੇ ਵੱਡੇ ਖਰਚ,ਇਸਲਾਮ ਨੇ ਹਰ ਕੰਮ ਵਿਚ ਸਾਦਗੀ ਦਾ ਤਰੀਕਾ ਦੱਸਿਆ-ਮੌਲਾਨਾਂ ਹਾਰੂਨ ਸਾਹਿਬ
-ਕਿਹਾ ਪੜਿਆ ਲਿਖਿਆ ਤਬਕਾ ਇਸਲਾਮ ਦਾ ਮਗਜ਼,ਇਸ ਤਬਕੇ ਨੂੰ ਦੀਨੀ ਤੇ ਦੁਨੀਅਵੀ ਕੰਮਾਂ 'ਚ ਉਮਤ ਦੀ ਰਹਿਬਰੀ ਕਰਕੇ ਨਿਭਾਉਣੀ ਚਾਹੀਦੀ ਹੈ
-ਮੁਫਤੀ ਸਾਹਿਬ ਨੇ ਆਲਿਮ ਸਹਿਬਾਨ ਅਤੇ ਮਸਜਿਦਾ ਦੇ ਇਮਾਮਾਂ ਤੇ ਮੋਲ਼ਵੀਆ ਨੂੰ ਉਨਾਂ ਤੇ ਲਗਾਈ ਗਈ ਦਾਵਤ ਦੇ ਕੰਮ ਦੀ ਜਿੰਮੇਵਾਰੀ ਦਾ ਕਰਵਾਇਆ ਅਹਿਸਾਸ
ਜਿਲਾ ਪੁਲਿਸ ਮੁਖੀ ਸ. ਕਮਲਪ੍ਰੀਤ ਸਿੰਘ ਖੱਖ ਦੀ ਨਿਗਰਾਨੀ ਹੇਠ ਪੁਲਿਸ ਨੇ ਕਿਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ
ਮਾਲੇਰਕੋਟਲਾ 8 ਨਵੰਬਰ (ਮੁਹੰਮਦ ਇਸਮਾਈਲ ਏਸ਼ੀਆ ) ਹਾਂਅ ਦੇ ਨਾਅਰੇ ਦੀ ਧਰਤੀ ਅਤੇ ਪੰਜਾਬ ਦੇ ਇਤਿਹਾਸਕ ਤੇ ਮੁਸਲਿਮ ਬਹੁ ਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ ਲੁਧਿਆਣਾ ਰੋਡ ਨਰਸਰੀਆਂ ਪਿੱਛੇ ਵਿਖੇ ਚੱਲ ਰਹੇ ਤਿੰਨ ਰੋਜ਼ਾ ਸਲਾਨਾ ਤਬਲੀਗੀ ਇਸਤਮਾ ਨੂੰ ਲੈ ਕੇ ਮਾਲਰਕੋਟਲਾ ਦੇ ਮੁਸਲਿਮ ਭਾਈਚਾਰੇ 'ਚ ਅੱਜ ਦੂਜੇ ਦਿਨ ਜਿਥੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਉੱਥੇ ਹੀ ਹੋਏ ਅੱਜ ਦੇ ਵੱਖੋ ਪ੍ਰੋਗਰਾਮਾਂ 'ਚ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕਰਕੇ ਪ੍ਰਬੰਧਕਾਂ ਦੇ ਪ੍ਰਬੰਧ ਨੂੰ ਛੋਟਾ ਕਰ ਦਿੱਤਾ। ਸਵੇਰੇ ਫਜ਼ਰ ਦੀ ਨਮਾਜ਼ ਤੋਂ ਬਾਦ ਪਹਿਲੀ ਮਜਲਿਸ ਵਿੱਚ ਮੌਲਾਨਾ ਮੁਹੰਮਦ ਇਕਬਾਲ ਸਾਹਿਬ ਦਾ ਬਿਆਨ ਹੋਇਆ ਦਾਵਤ ਦੇ ਕੰਮ ਦੀ ਜਿੰਮੇਦਾਰੀ ਸਮਝਾਈ।ਇਸ ਤੋਂ ਬਾਅਦ 9-30 ਵਜੇ ਵੱਖੋ ਵੱਖ ਹਲਕਿਆਂ ਦੇ ਬਣਾਏ ਖਿਤਿਆਂ 'ਚ ਤਾਲੀਮਾਂ ਵਾਲਾ ਅਮਲ ਸ਼ੁਰੂ ਹੋਇਆ, ਜਿਸ 'ਚ ਖਿਤੇਬਾਰ ਜਮਾਤਾਂ ਵੱਲੋਂ ਇਸ ਅਮਲ ਨੂੰ ਕਰਵਾਇਆ ਗਿਆ ਅਤੇ ਇਸ 'ਚ ਕੁਰਆਨ ਏ ਪਾਕ ਦੇ ਯਾਦ ਨਮਾਜ਼ ਦੇ ਅਲਫਾਜ਼ਾਂ ਦੀ ਅਦਾਇਗੀ ਨੂੰ ਸਹੀ ਕਰਨ ਦੀ ਜਿਥੇ ਫਿਕਰ ਕੀਤੀ ਗਈ ਉਸ ਦੇ ਨਾਲ ਹੀ ਛੇ ਛਿਫਾਤ ਕਲਮਾ, ਨਮਾਜ਼, ਇਲਮ ਵਾ ਜ਼ਿਕਰ, ਇਕਰਾਮੇ ਮੁਸਲਿਮ, ਇਖਲਾਸੇ ਨਿਯਤ ਅਤੇ ਅੱਲਾ ਦੇ ਰਸਤੇ 'ਚ ਨਿਕਲਣ ਦੀ ਪਾਈ ਹਜ਼ਰਤ ਮੁਹੰਮਦ ਸਲ. ਦੇ ਉਮਤੀ ਹੋਣ ਦੀ ਜਿੰਮੇਵਾਰੀ ਦੇ ਫਜਾਇਲ ਦੱਸੇ ਗਏ।
ਸ਼ਾਮ ਅਸਰ ਦੀ ਨਮਾਜ਼ ਤੋ ਬਾਅਦ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ 5 ਵਜੇ ਸਾਦਗੀ ਭਰੇ ਇਸਲਾਮੀ ਤਰੀਕੇ ਨਾਲ ਵਿਆਹ ਦੇ ਬੰਧਨ 'ਚ ਬੰਨਣ ਲਈ ਵੱਡੀ ਗਿਣਤੀ 'ਚ ਜੋੜਿਆ ਦੇ ਨਿਕਾਹ ਮੌਲਾਨਾ ਮੁਹੰਮਦ ਹਾਰੂਨ ਸਹਿਬ ਨੇ ਕਰਵਾਏ ਅਤੇ ਕਿਹਾ ਕਿ ਇਸਲਾਮ 'ਚ ਸ਼ਾਦੀ ਕਿਸ ਸਾਦਗੀ ਨਾਲ ਕਰਨੀ ਚਾਹੀਦੀ ਹੈ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਅੱਜ ਜਿਸ ਤਰੀਕੇ ਨਾਲ ਸਾਡਾ ਸਮਾਜ ਵਿਗਾੜ ਵੱਲ ਵਧ ਰਿਹਾ ਹੈ ਉਸ ਦਾ ਮੁੱਖ ਕਾਰਨ ਸਾਡੇ ਵਿਆਹ ਸ਼ਾਦੀਆਂ ਦੇ ਰਸਮ ਰਿਵਾਜ਼ ਤੇ ਕੀਤੇ ਜਾਂਦੇ ਵੱਡੇ ਵੱਡੇ ਖਰਚਿਆਂ ਕਾਰਨ ਹੈ ਜਦ ਕਿ ਇਸਲਾਮ ਨੇ ਸਾਦਗੀ ਨਾਲ ਸ਼ਾਦੀ ਕਰਨ ਦਾ ਤਰੀਕਾ ਦੱਸਿਆ ਹੈ ਤੇ ਲੜਕੀ ਨੂੰ ਉਸ ਦਾ ਹਿੱਸਾ ਮਿਰਾਸ 'ਚੋ ਦੇਣ ਤੇ ਜ਼ੋਰ ਦਿੱਤਾ ਹੈ।
ਇੱਥੇ ਹੀ ਹੋਏ ਪ੍ਰੋਗਰਾਮ ਦੌਰਾਨ ਹੋਈ ਇਕ ਮਜਲਿਸ ਜੋ ਕਿ ਵਿਦਿਆਰਥੀ, ਮੁਲਾਜ਼ਮ ਪੜ੍ਹੇ ਲਿਖੇ ਅਤੇ ਖਾਸ ਲੋਕਾਂ ਲਈ ਵਿਸ਼ੇਸ਼ ਸੀ, ਜਿਸ ਵਿੱਚ ਮੌਲਾਨਾ ਨੇ ਇਸ ਤਬਕੇ ਦੇ ਵੱਡੀ ਗਿਣਤੀ 'ਚ ਪੁਹੰਚੇ ਲੋਕਾਂ ਨੂੰ ਸੰਬੌਧਨ ਕਰਦਿਆਂ ਕਿਹਾ ਕਿ ਪੜਿਆ ਲਿਖਿਆ ਤਬਕਾ ਇਸਲਾਮ ਦਾ ਮਗਜ਼ ਹੈ ਉਨ੍ਹਾਂ ਕਿਹਾ ਕਿ ਇਸ ਤਬਕੇ ਨੂੰ ਅਪਣੀ ਜਿੰਮੇਵਾਰੀ ਜਿੱਥੇ ਦੁਨੀਅਵੀ ਕੰਮਾਂ 'ਚ ਉਮਤ ਦੀ ਰਹਿਬਰੀ ਕਰਕੇ ਨਿਭਾਉਣੀ ਚਾਹੀਦੀ ਹੈ ਉਥੇ ਹੀ ਦੀਨੀ ਕੰਮਾਂ 'ਚ ਵੀ ਉਨ੍ਹਾਂ ਨੂੰ ਪੇਸ਼-ਪੇਸ਼ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਇਸਲਾਮ ਨੂੰ ਤਾਲੀਮ ਦੇ ਜਰੀਏ ਨਾਲ ਇਹ ਤਬਕਾ ਵਧੀਆ ਤਰੀਕੇ ਨਾਲ ਜਿਥੇ ਸਮਝ ਸਕਦੇ ਹਨ, ਉੱਥੇ ਹੀ ਦੂਜਿਆ ਤੱਕ ਇਸ ਨੂੰ ਪਹੁਚਾਉਣ ਦੀ ਸਲਾਹੀਅਤ ਵੀ ਰੱਖਦੇ ਹਨ। ਉਨ੍ਹਾਂ ਕਿਹਾ ਸਾਡੇ ਆਲਿਮ ਇਹ ਨਹੀਂ ਕਹਿੰਦੇ ਕਿ ਦੁਨੀਆਂ ਨੂੰ ਛੱਡ ਦਿਓ ਬਲਕਿ ਇਹ ਕਹਿੰਦੇ ਹਨ ਕਿ ਦੁਨੀਆਂ ਦੇ ਹਰ ਕੰਮ 'ਚ ਕੁਰਾਨ ਪਾਕ ਦੇ ਹੁਕਮ ਅਤੇ ਹਜ਼ਰਤ ਮੁਹੰਮਦ ਸਾਹਿਬ ਦੇ ਤਰੀਕੇ ਤੇ ਜਿੰਮੇਵਾਰੀ ਨੂੰ ਸ਼ਾਮਿਲ ਕਰ ਲਈਏ।
ਇਸ ਦੌਰਾਨ ਇਸਤਮਾ ਦੇ ਕੀਤੇ ਜਾਣ ਵਾਲੇ ਵਿਸ਼ੇਸ਼ ਪ੍ਰੋਗ੍ਰਾਮਾਂ ਤਹਿਤ ਜ਼ੋਹਰ ਦੀ ਨਮਾਜ਼ ਤੋਂ ਬਾਦ ਵੱਖੋ ਵੱਖ ਇਲਾਕਿਆਂ ਤੋ ਆਏ ਮਸਜਿਦਾਂ ਦੇ ਮੋਲਵੀਆਂ, ਇਮਾਮਾਂ ਤੇ ਉਲਮਾ ਹਜ਼ਰਾਤ ਨੂੰ ਦਿੱਲੀ ਮਰਕਜ਼ ਤੋਂ ਆਏ ਮੌਲਾਨਾਂ ਮੁਫਤੀ ਸਾਹਿਬ ਨੇ ਆਲਿਮ ਸਹਿਬਾਨ,ਮਸਜਿਦਾਂ ਦੇ ਇਮਾਮਾਂ ਅਤੇ ਮੋਲਵੀ ਸਹਿਬਾਨ ਨੂੰ ਉਨ੍ਹਾਂ ਤੇ ਲਗਾਈ ਗਈ ਦਾਵਤ ਦੇ ਕੰਮ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਂਦਿਆਂ ਕਿਹਾ ਕਿ ਉਹ ਕੌਮ ਦੇ ਰਹਿਬਰ ਹਨ ਅਗਰ ਉਨ੍ਹਾਂ ਵੱਲੋਂ ਇਨਸਾਨਾਂ ਨੂੰ ਸਿੱਧਾ ਰਸਤਾ ਨਾ ਦਿਖਾਇਆ ਗਿਆ ਤਾਂ ਉਨ੍ਹਾਂ ਸਮੇਤ ਸਾਰੇ ਜਾਣਨ ਵਾਲਿਆਂ ਦੀ ਇਸ ਬਾਰੇ ਕਿਆਮਤ ਵਾਲੇ ਦਿਨ ਪੁੱਛ ਹੋਵੇਗੀ। ਅੱਜ ਦੇਰ ਸ਼ਾਮ ਤੱਕ ਇਸ ਇਜਤਮਾਂ 'ਚ ਵੱਖੋ ਵੱਖ ਇਲਾਕਿਆਂ ਵਿੱਚੋ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕਰਕੇ ਪ੍ਰਬੰਧਕਾਂ ਦੇ ਕੀਤੇ ਪ੍ਰਬੰਧ ਨੂੰ ਛੋਟਾ ਕਰ ਦਿੱਤਾ,ਜਿੱਥੇ ਅੱਜ ਇਜ਼ਤਮਾ ਗਾਹ ਮਦਨੀ ਮਸਜਿਦ ਮਰਕਜ ਦੇ ਨੇੜੇ ਦੀਆਂ ਸੜਕਾਂ ਤੇ ਲੁਧਿਆਣਾ ਰੋਡ ਤੇ ਜਾਣ ਵਾਲੀਆਂ ਸਾਰੀਆਂ ਸੜਕਾਂ ਅਤੇ ਸਥਾਨ ਨੱਕੋ ਨੱਕ ਭਰੇ ਹੋਏ ਸੀ, ਉੱਥੇ ਬਾਹਰ ਤੱਕ ਲੋਕ ਹੀ ਲੋਕ ਨਜ਼ਰ ਆ ਰਹੇ ਸੀ। ਪੁਲਿਸ ਵੱਲੋਂ ਆਵਾਜਾਈ ਦੇ ਜਿਥੇ ਪੁੱਖਤਾ ਪ੍ਰਬੰਧ ਕੀਤੇ ਗਏ ਸੀ, ਉੱਥੇ ਹੀ ਪਹੁੰਚੇ ਲੋਕਾਂ ਵਿਸ਼ੇਸ਼ ਕਰ ਨੋਜਵਾਨਾਂ ਵੱਲੋ ਪੁਹੰਚੇ ਲੋਕਾਂ ਦੀ ਆਓ ਭਗਤ ਮੁਫਤ ਚਾਹ, ਕੋਫੀ ,ਬਰੈੱਡ ਪਾਪੇ ਆਂਡੇ ਆਦਿ ਨਾਲ ਕੀਤੀ ਜਾ ਰਹੀ ਸੀ।ਬਾਹਰੋਂ ਆਉਣ ਵਾਲੇ ਮਹਿਮਾਨਾਂ ਦਾ ਪੂਰੇ ਸ਼ਹਿਰ ਦੇ ਹਰ ਵਰਗ ਹਰ ਧਰਮ ਦੇ ਲੋਕਾਂ ਵੱਲੋ ਇੰਨਾਂ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਕੀਤਾ ਜਾ ਰਿਹਾ ਸੀ ਤੇ ਪੂਰੇ ਸਹਿਰ ਦੇ ਬਜ਼ਾਰ ਇਸਤਮਾਂ ਕਾਰਨ ਖਾਲ਼ੀ ਖਾਲ਼ੀ ਨਜ਼ਰ ਆ ਰਹੇ ਸਨ l ਸ਼ਹਿਰ ਅੰਦਰ ਦਿਵਾਲੀ ਅਤੇ ਇਸਤਮਾ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕਮਲਪ੍ਰੀਤ ਸਿੰਘ ਖੱਖ ਦੇ ਦਿਸ਼਼ਾ ਨਿਰਦੇਸ਼ ਅਤੇ ਡੀ.ਐਸ.ਪੀ ਮਾਲੇਰਕੋਟਲਾ ਸ੍ਰੀ ਮਾਨਵਜੀਤ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਸ਼ਹਿਰ ਅੰਦਰ ਸੁਰੱਖਿਆ ਪ੍ਰਬੰਧਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਅੱਜ ਇਸਤਮਾਂ ਦੇ ਅੰਤਿਮ ਦਿਨ ਆਖਰੀ ਮਜਲਿਸ 9 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਇਸਤਮਾ ਦੀ ਸਮਾਪਤੀ ਮੌਲਾਨਾਂ ਮੁਹੰਮਦ ਹਾਰੂਨ ਸਾਹਿਬ ਵੱਲੋਂ ਕਰਵਾਈ ਸਮੂਹਿਕ ਦੂਆ ਨਾਲ 11 ਵਜੇ ਹੋਵੇਗੀ।
- Download Babushahi App
-
-