ਜਮਹੂਰੀ ਅਧਿਕਾਰ ਸਭਾ ਵੱਲੋਂ 28-29 ਨਵੰਬਰ ਨੂੰ ਸੂਬਾਈ ਇਜਲਾਸ ਕਰਵਾਉਣ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ ,6 ਨਵੰਬਰ, 2026 :ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਹਰ ਦੋ ਸਾਲ ਹੋਣ ਵਾਲਾ ਇਜਲਾਸ ਇਸ ਵਾਰ 28 ਅਤੇ 29 ਨਵੰਬਰ ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਵਿੱਚ ਹੋਵੇਗਾ। ਸਭਾ ਦੀ ਬਰਨਾਲਾ ਇਕਾਈ ਦੇ ਪ੍ਰਧਾਨ ਸੋਹਣ ਸਿੰਘ ਮਾਝੀ ਅਤੇ ਸਕੱਤਰ ਗੁਰਮੀਤ ਸਿੰਘ ਸੁਖਪੁਰਾ ਨੇ ਦੱਸਿਆ ਕਿ 28 ਨਵੰਬਰ ਨੂੰ ਸਵੇਰੇ 11ਵਜੇ ਹੋਣ ਵਾਲੇ ਪਹਿਲੇ ਸੈਸ਼ਨ ਨੂੰ ਜਮਹੂਰੀ ਅਧਿਕਾਰਾਂ ਦੇ ਕਾਰਕੁੰਨ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਕੌਨਿਲ ਗੌਂਸਲਵਿਜ਼ ਸੰਬੋਧਨ ਕਰਨਗੇ। ਸਾਰੇ ਇਨਸਾਨ-ਪਸੰਦ ਤੇ ਜਮਹੂਰੀ ਕਾਰਕੁਨਾਂ ਨੂੰ ਇਸ ਸੈਸ਼ਨ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ।ਅਗਲੇ ਸ਼ੈਸ਼ਨਾਂ ਦੌਰਾਨ ਸਭਾ ਦੀ ਪਿਛਲੇ ਦੋ ਸਾਲ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕਰਨ ਉਪਰੰਤ ਇਸ ਉਪਰ ਖੁੱਲ੍ਹੀ ਬਹਿਸ ਹੋਵੇਗੀ। ਇਸ ਬਹਿਸ ਵਿੱਚ ਵੱਖ ਵੱਖ ਇਕਾਈਆਂ ਦੇ ਡੈਲੀਗੇਟ ਅਤੇ ਡੈਲੀਗੇਟਾਂ ਲਈ ਨਿਰਧਾਰਤ ਕੀਤੀ ਰਜਿਸਟ੍ਰੇਸ਼ਨ ਫੀਸ ਦੇ ਕੇ ਆਮ ਦਰਸ਼ਕ ਸ਼ਾਮਲ ਹੋ ਸਕਣਗੇ। ਅਖੀਰਲੇ ਦਿਨ, ਸੂਬਾ ਕਮੇਟੀ ਅਤੇ ਕਾਰਜਕਾਰਨੀ ਦੀ ਚੋਣ ਕੀਤੀ ਜਾਵੇਗੀ।
ਮੀਟਿੰਗ ਵਿੱਚ ਸਾਨੂੰ ਪਿਛਲੇ ਦਿਨੀਂ ਸਦੀਵੀ ਵਿਛੋੜੇ ਦੇ ਸਭਾ ਦੇ ਮੈਂਬਰ ਅਤੇ ਉਘੇ ਜਮਹੂਰੀ ਇਨਕਲਾਬੀ ਕਾਰਕੁੰਨ ਮੱਘਰ ਸਿੰਘ ਦੀ ਪਤਨੀ ਗਮਦੂਰ ਕੌਰ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਗਮਦੂਰ ਕੌਰ ਨਮਿਤ ਭੋਗ 10 ਨਵੰਬਰ ਦਿਨ ਮੰਗਲਵਾਰ ਨੂੰ ਨਾਨਕਸਰ ਗੁਰਦੁਆਰਾ ਵਿਖੇ ਕਰਵਾਇਆ ਜਾ ਰਿਹਾ ਹੈ । ਆਗੂਆਂ ਨੇ ਸਾਰੇ ਮੈਂਬਰਾਂ ਨੂੰ ਗਮਦੂਰ ਕੌਰ ਦੇ ਭੋਗ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਿਹੜੀ ਬਹੁਤ ਲੰਬੇ ਸਮੇਂ ਤੋਂ ਸਭਾ ਦੀ ਸਰਗਰਮ ਸੀ।ਆਗੂਆਂ ਨੇ ਕਿਹਾ ਕਿ ਇਸ ਦੌਰ ਵਿੱਚ, ਜਦੋਂ ਜਮਹੂਰੀ ਅਧਿਕਾਰਾਂ ਉਪਰ ਹਰ ਦਿਨ ਤਿੱਖੇ ਹਮਲੇ ਹੋ ਰਹੇ ਹਨ, ਸਾਨੂੰ ਇਨ੍ਹਾਂ ਅਧਿਕਾਰਾਂ ਦੀ ਚੇਤਨਾ ਦਾ ਪ੍ਰਚਾਰ ਪ੍ਰਸਾਰ ਬਹੁਤ ਜ਼ੋਰ ਨਾਲ ਕਰਨਾ ਚਾਹੀਦਾ ਹੈ।ਇਸ ਲਈ ਅਜਿਹੇ ਪ੍ਰੋਗਰਾਮਾਂ ਵਿੱਚ ਵਧ ਚੜ ਕੇ ਹਿੱਸਾ ਲੈਣ ਦੀ ਜ਼ਰੂਰਤ ਹੈ।
- Download Babushahi App
-
-