ਸਿਵਲ ਸਰਜਨ ਬਠਿੰਡਾ ਨੇ ਨਵੀਂ ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬਾਰਟਰੀ ਦੀ ਅਚਨਚੇਤ ਪੈੜ ਨੱਪੀ
ਅਸ਼ੋਕ ਵਰਮਾ
ਬਠਿੰਡਾ, 6 ਨਵੰਬਰ 2026:ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਵੱਲੋਂ ਆਈ.ਪੀ.ਐਚ.ਐਲ. (ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬਾਰਟਰੀ) ਦੀ ਨਵੀਂ ਬਣੀ ਲੈਬਾਰਟਰੀ ਦਾ ਅਚਨਚੇਤ ਦੌਰਾ ਕੀਤਾ ਗਿਆ।ਇਸ ਮੌਕੇ ਉਨ੍ਹਾਂ ਵੱਲੋਂ ਲੈਬਾਰਟਰੀ ਵਿੱਚ ਕੀਤੇ ਗਏ ਪ੍ਰਬੰਧਾਂ, ਟੈਸਟਿੰਗ ਸਹੂਲਤਾਂ, ਸਾਫ਼-ਸਫ਼ਾਈ, ਮਰੀਜ਼ਾਂ ਲਈ ਉਪਲਬਧ ਸਹੂਲਤਾਂ ਅਤੇ ਲੈਬ ਦੇ ਕੰਮਕਾਜ ਦਾ ਬਾਰੀਕੀ ਨਾਲ ਜਾਇਜ਼ਾ ਲਿਆ । ਉਨ੍ਹਾਂ ਨੇ ਲੈਬਾਰਟਰੀ ਵਿੱਚ ਤਾਇਨਾਤ ਸਟਾਫ਼ ਨਾਲ ਗੱਲਬਾਤ ਕਰਕੇ ਟੈਸਟਾਂ ਦੀ ਪ੍ਰਕਿਰਿਆ ਅਤੇ ਰਿਪੋਰਟਾਂ ਸਮੇਂ ਸਿਰ ਜਾਰੀ ਕਰਨ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਕਿਹਾ ਕਿ ਆਈ.ਪੀ.ਐਚ.ਐਲ. ਲੈਬਾਰਟਰੀ ਰਾਹੀਂ ਮਰੀਜ਼ਾਂ ਨੂੰ ਇੱਕੋ ਛੱਤ ਹੇਠ ਕੁੱਲ 109 ਤਰਾਂ ਦੇ ਵੱਖ-ਵੱਖ ਟੈਸਟ ਕੀਤੇ ਜਾਂਦੇ ਹਨ ਜਿਹਨਾਂ ਵਿੱਚੋਂ 55 ਟੈਸਟ ਮੁਫ਼ਤ ਉਪਲਬਧ ਹਨ । ਉਨ੍ਹਾਂ ਕਿਹਾ ਕਿ ਲੈਬਾਰਟਰੀ ਵਿੱਚ ਜਾਂਚ ਦੀ ਗੁਣਵੱਤਾ, ਸਹੀ ਰਿਪੋਰਟਿੰਗ ਅਤੇ ਸਾਫ਼-ਸਫ਼ਾਈ ਦੇ ਮਿਆਰਾਂ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨਾਲ ਸਹਿਯੋਗੀ ਰਵੱਈਆ ਅਪਣਾਇਆ ਜਾਵੇ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਉਹਨਾਂ ਵੱਲੋਂ ਹਸਪਤਾਲ ਵਿੱਚ ਆਏ ਹੋਏ ਮਰੀਜਾਂ ਨਾਲ ਗੱਲਬਾਤ ਕਰਕੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਲਈ ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਜਿਹੇ ਅਚਨਚੇਤ ਦੌਰਿਆਂ ਦਾ ਮਕਸਦ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਬਠਿੰਡਾ ਡਾ ਅਰੁਣ ਬਾਂਸ਼ਲ,ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ ਹਾਜਰ ਸਨ ।
- Download Babushahi App
-
-