MLA ਬਲਕਾਰ ਸਿੰਘ ਸਿੱਧੂ ਵੱਲੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ 25 ਸੀਟਾਂ ਵਾਲੀ ਬੱਸ ਭੇਂਟ
ਅਸ਼ੋਕ ਵਰਮਾ
ਰਾਜਗੜ੍ਹ (ਭਗਤਾ), 6 ਜੁਲਾਈ 2026 :ਰਾਮਪੁਰਾ ਤੋਂ ਵਿਧਾਇਕ ਸ਼੍ਰੀ ਬਲਕਾਰ ਸਿੰਘ ਸਿੱਧੂ ਨੇ ਅੱਜ ਭਗਤਾ ਖੇਤਰ ਦੇ ਪਿੰਡ ਰਾਜਗੜ੍ਹ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ 25 ਸੀਟਾਂ ਵਾਲੀ ਸਕੂਲ ਬੱਸ ਭੇਂਟ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਨੂੰ ਬਿਹਤਰੀਨ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਲਈ ਅਨੁਕੂਲ ਮਾਹੌਲ ਯਕੀਨੀ ਬਣਾਉਣ ਦੇ ਮੰਤਵ ਨਾਲ ਅੱਜ ਰੰਗਲਾ ਪੰਜਾਬ ਪ੍ਰੋਜੈਕਟ ਤਹਿਤ ਕਰੀਬ 20 ਲੱਖ ਰੁਪਏ ਦੀ ਲਾਗਤ ਵਾਲੀ 25 ਸੀਟਾਂ ਦੀ ਸਕੂਲ ਬੱਸ ਮੁਹੱਈਆ ਕਰਵਾਈ ਗਈ ਹੈ। ਇਸ ਬੱਸ ਰਾਹੀਂ ਰਾਜਗੜ੍ਹ ਖੁਰਦ ਦੇ ਵਿਦਿਆਰਥੀ ਲਾਭ ਪ੍ਰਾਪਤ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਗੜ੍ਹ ਵਿੱਚ ਪੜ੍ਹਨ ਲਈ ਜਾਇਆ ਕਰਨਗੇ।
ਵਿਧਾਇਕ ਸ੍ਰੀ ਬਲਕਾਰ ਸਿੰਘ ਸਿੱਧੂ ਨੇ ਅੱਜ ਖੁਦ ਰਾਜਗੜ੍ਹ ਤੋਂ ਰਾਜਗੜ੍ਹ ਖੁਰਦ ਤੱਕ ਬੱਸ ਚਲਾ ਕੇ ਵਿਦਿਆਰਥੀਆਂ ਨੂੰ ਸਕੂਲ ਪਹੁੰਚਾਇਆ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ 67,000 ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਸਰਕਾਰੀ ਸਕੂਲ ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਪੱਖੋਂ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੋਏ ਹਨ ਅਤੇ ਪ੍ਰਾਈਵੇਟ ਸਕੂਲਾਂ ਨੂੰ ਸਖ਼ਤ ਟੱਕਰ ਦੇ ਰਹੇ ਹਨ।
ਉਨ੍ਹਾਂ ਰਾਜਗੜ੍ਹ ਖੁਰਦ ਵਿਖੇ ਮੇਰੀ ਰਸੋਈ ਸਕੀਮ ਤਹਿਤ ਰਾਸ਼ਨ ਕਿੱਟਾਂ ਵੀ ਵੰਡੀਆਂ। ਇਸ ਸਕੀਮ ਅਧੀਨ ਨੀਲੇ ਕਾਰਡ ਧਾਰਕ ਕਰੀਬ 40 ਲੱਖ ਯੋਗ ਪਰਿਵਾਰਾਂ ਨੂੰ ਦਾਲਾਂ, ਖੰਡ, ਸਰ੍ਹੋਂ ਦਾ ਤੇਲ, ਨਮਕ ਅਤੇ ਹਲਦੀ ਪਾਊਡਰ ਮੁਹੱਈਆ ਕਰਵਾਇਆ ਜਾਂਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਦੀਪਕ ਸ਼ਰਮਾ ਰਾਜਗੜ੍ਹ, ਸਰਪੰਚ ਰੇਸ਼ਮ ਸਿੰਘ ਰਾਜਗੜ੍ਹ ਖੁਰਦ, ਸੇਵਕ ਸਿੰਘ ਮੈਂਬਰ, ਗੋਰਾ ਸਿੰਘ ਮੈਂਬਰ, ਫੌਜੀ ਸਿੰਘ ਮੈਂਬਰ, ਲਛਮਣ ਸਿੰਘ ਮੈਂਬਰ, ਸੁਖਮੰਦਰ ਸਿੰਘ ਮੈਂਬਰ ਅਤੇ ਹੋਰ ਹਾਜ਼ਰ ਸਨ।
- Download Babushahi App
-
-