ਹਰਸਿਮਰਤ ਵੱਲੋਂ 'ਆਪ' ਸਰਕਾਰ 'ਤੇ ਦਲਜੀਤ ਦੋਸਾਂਝ ਦੀ ਫਿਲਮ ਸਤਲੁਜ ਓਟੀਟੀ ਪਲੇਟਫਾਰਮ ਤੋਂ ਹਟਾਉਣ ਦੇ ਦੋਸ਼
ਅਸ਼ੋਕ ਵਰਮਾ
ਮਾਨਸਾ, 6 ਜੁਲਾਈ 2026: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕੇਂਦਰ ਸਰਕਾਰ ਕੋਲ ਪਹੁੰਚ ਕਰ ਕੇ ਸਤਲੁਜ ਫਿਲਮ ਓ ਟੀ ਟੀ ਪਲੇਟਫਾਰਮ ਤੋਂ ਹਟਵਾਈ ਹੈ ਤੇ ਉਹਨਾਂ ਨੇ ਫਿਲਮ ’ਤੇ ਲਗਾਈਆਂ ਸਾਰੀਆਂ ਪਾਬੰਦੀਆਂ ਤੁਰੰਤ ਹਟਾਉਣ ਦੀ ਮੰਗ ਵੀ ਕੀਤੀ।
ਇਥੇ ਮਾਨਸਾ ਵਿਚ ਜਨਤਕ ਪ੍ਰੋਗਰਾਮਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਆਪ ਸਰਕਾਰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਖਿਲਾਫ ਕੰਮ ਕਰ ਰਹੀਹੈ ਜਦੋਂ ਕਿ ਕੌਮ ਦੁਨੀਆਂ ਨੂੰ ਦੱਸਣਾ ਚਾਹੁੰਦੀ ਹੈ ਕਿ ਕਿਵੇਂ ਕਾਂਗਰਸ ਪਾਰਟੀ ਨੇ ਪੰਜਾਬ ਦੀ ਇਕ ਸਾਰੀ ਪੀੜੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਸਿੱਖ ਕੌਮ ਦਾ ਸਾਥ ਦੇਣ ਦੀ ਥਾਂ ਗੁਰੂ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਤਲੁਜ ਫਿਲਮ ਨੂੰ ਜ਼ੀ 5 ਤੋਂ ਹਟਵਾਉਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕਰ ਕੇ ਕਾਂਗਰਸ ਪਾਰਟੀ ਦਾ ਬਚਾਅ ਕਰਨ ਦਾ ਫੈਸਲਾ ਕੀਤਾ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਤੇ ਕਾਂਗਰਸ ਇਕੋ ਸਿੱਕੇ ਦੇ ਦੋ ਪਹਿਲੂ ਹਨ। ਉਹਨਾਂ ਕਿਹਾ ਕਿ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਨਾ ਸਿਰਫ ਨੌਜਵਾਨਾਂ ਦਾ ਗੈਰ ਕਾਨੂੰਨੀ ਢੰਗ ਨਾਲ ਕਤਲੇਆਮ ਕੀਤੇ ਜਾਣ ਦੀ ਨਿਗਰਾਨੀ ਕੀਤੀ ਬਲਕਿ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੂੰ ਵੀ ਖ਼ਤਮ ਕਰ ਦਿੱਤਾ ਜਿਹਨਾਂ ਨੇ ਅੰਮ੍ਰਿਤਸਰ ਵਿਚ ਪੰਜਾਬ ਪੁਲਿਸ ਵੱਲੋਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਵੱਡੀ ਪੱਧਰ ’ਤੇ ਅੰਤਿਮ ਸਸਕਾਰ ਕੀਤੇ ਸਨ। ਉਹਨਾਂ ਕਿਹਾ ਕਿ ਇਸੇ ਤਰੀਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੀ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰ ਰਹੀ ਹੈ ਤੇ ਪੰਜਾਬ ਪੁਲਿਸ ਮੁਖੀ ਖੁਦ ਮੰਨ ਚੁੱਕੇ ਹਨ ਕਿ ਹੁਣ ਤੱਕ 350 ਨੌਜਵਾਨ ਮੁਕਾਬਲਿਆਂ ਵਿਚ ਮਾਰੇ ਗਏ ਹਨ ਤੇ ਇਕੱਲੇ 34 ਨੌਜਵਾਨ ਪਿਛਲੇ ਤਿੰਨ ਮਹੀਨਿਆਂ ਵਿਚ ਮਾਰੇ ਗਏ ਹਨ।
ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਹੀ ਮਾਨਸਿਕਤਾ ਹੈ ਜਿਸ ਕਾਰਨ ਆਪ ਚਾਹੁੰਦੀ ਸੀ ਕਿ ਪੰਜਾਬ ਵਿਚ ਸਤਲੁਜ ਫਿਲਮ ’ਤੇ ਪਾਬੰਦੀ ਲੱਗ ਜਾਵੇ। ਉਹਨਾਂ ਮੰਗ ਕੀਤੀ ਕਿ ਫਿਲਮ ’ਤੇ ਪਾਬੰਦੀ ਵਾਲੇ ਹੁਕਮ ਤੁਰੰਤ ਵਾਪਸ ਲਏ ਜਾਣ ਅਤੇ ਉਹਨਾਂ ਮੰਗ ਕੀਤੀ ਕਿ ਫਿਲਮ ਨੂੰ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕੀਤਾ ਜਾਵੇ। ਉਹਨਾਂ ਕਿਹਾ ਕਿ ਸਾਡੀ ਭਵਿੱਖੀ ਪੀੜੀ ਨੂੰ ਉਸ ਦੌਰ ਦਾ ਪਤਾ ਹੋਣਾ ਚਾਹੀਦਾ ਹੈ ਜਿਸ ਦੌਰਾਨ ਕਾਂਗਰਸ ਪਾਰਟੀ ਵਰਗੀ ਸਿਆਸੀ ਪਾਰਟੀ ਨੇ ਨੌਜਵਾਨਾਂ ਦੇ ਵੱਡੀ ਪੱਧਰ ’ਤੇ ਐਨਕਾਉਂਟਰ ਕੀਤੇ ਅਤੇ ਕਿਵੇਂ ਇਕ ਹੀ ਵਿਅਕਤੀ ਨੇ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਕੀਤਾ। ਉਹਨਾਂ ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹਰ ਪਿੰਡ ਵਿਚ ਸਤਲੁਜ ਫਿਲਮ ਵਿਖਾਈ ਜਾਵੇਗੀ।
ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਬਾਰੇ ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸਰਦਾਰਨੀ ਬਾਦਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਵਰਗੇ ਸੀਨੀਅਰ ਕਾਂਗਰਸੀ ਆਗੂ ਭ੍ਰਿਸ਼ਟਾਚਾਰ ਵਿਚ ਗਲਤਾਨੇ ਹੋਏ ਹਨ ਅਤੇ ਉਹਨਾਂ ਦਾ ਲੋਕਾਂ ਵਿਚ ਆਧਾਰ ਖ਼ਤਮ ਹੋ ਗਿਆ ਹੈ।
ਉਹਨਾਂ ਕਿਹਾ ਕਿ ਲੋਕ ਕਾਂਗਰਸ ਤੇ ਆਪ ਪਾਰਟੀਆਂ ਅਤੇ ਇਹਨਾਂ ਦੇ ਗੈਰ ਰਸਮੀ ਗਠਜੋੜ ਤੋਂ ਅੱਕ ਗਏ ਹਨ ਅਤੇ ਇਹੀ ਕਾਰਨ ਹੈ ਕਿ ਲੋਕ ਅਕਾਲੀ ਦਲ ਨਾਲ ਜੁੜ ਰਹੇ ਹਨ।
- Download Babushahi App
-
-