ਲੁਧਿਆਣਾ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਵੱਡਾ ਪ੍ਰਹਾਰ: 15 ਕਿਲੋ ਗਾਂਜਾ, ਡਰੱਗ ਮਨੀ ਤੇ ਐਕਟਿਵਾ ਸਮੇਤ ਦੋ ਤਸਕਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ, 6 ਜੁਲਾਈ 2026
ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਫੋਕਲ ਪੁਆਇੰਟ, ਲੁਧਿਆਣਾ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 15 ਕਿਲੋ ਗਾਂਜਾ, 31,400 ਰੁਪਏ ਡਰੱਗ ਮਨੀ, 420 ਜ਼ਿੱਪ ਲਾਕ ਪਾਰਦਰਸ਼ੀ ਲਿਫਾਫੇ ਅਤੇ ਨਸ਼ਾ ਸਪਲਾਈ ਲਈ ਵਰਤੀ ਜਾ ਰਹੀ ਚਿੱਟੇ ਰੰਗ ਦੀ ਐਕਟਿਵਾ (PB10JH1253) ਬਰਾਮਦ ਕੀਤੀ ਹੈ।
ਇਹ ਕਾਰਵਾਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ (IPS) ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਸੀਪੀ (ਦਿਹਾਤੀ) ਜਸਕਿਰਨਜੀਤ ਸਿੰਘ ਤੇਜਾ (PPS) ਦੀ ਅਗਵਾਈ ਹੇਠ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕੀਤੀ ਗਈ। ਏਡੀਸੀਪੀ ਜਸ਼ਨਦੀਪ ਸਿੰਘ ਗਿੱਲ (PPS) ਅਤੇ ਏਸੀਪੀ ਇੰਦਰਜੀਤ ਸਿੰਘ (PPS) ਦੀ ਨਿਗਰਾਨੀ ਵਿੱਚ ਇੰਸਪੈਕਟਰ ਕੁਲਬੀਰ ਸਿੰਘ ਅਤੇ ਸਬ-ਇੰਸਪੈਕਟਰ ਕਪਿਲ ਕੁਮਾਰ, ਇੰਚਾਰਜ ਚੌਂਕੀ ਈਸ਼ਵਰ ਕਲੋਨੀ ਦੀ ਪੁਲਿਸ ਟੀਮ ਨੇ ਇਹ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ।
ਪੁਲਿਸ ਵੱਲੋਂ ਇਲਾਕੇ ਵਿੱਚ ਗਸ਼ਤ ਦੌਰਾਨ ਪ੍ਰਕਾਸ਼ ਭਾਰਤੀ ਨੂੰ ਕਾਬੂ ਕੀਤਾ ਗਿਆ। ਉਸ ਦੇ ਕਬਜ਼ੇ ਵਿੱਚੋਂ 5 ਕਿਲੋ ਗਾਂਜਾ, 9,400 ਰੁਪਏ ਡਰੱਗ ਮਨੀ, 220 ਜ਼ਿੱਪ ਲਾਕ ਪਾਊਚ ਅਤੇ ਐਕਟਿਵਾ ਬਰਾਮਦ ਹੋਈ। ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਉਸ ਦੀ ਸਾਥੀ ਮੰਦ੍ਰਿਕਾ ਭਾਰਤੀ ਨੂੰ ਵੀ ਗ੍ਰਿਫਤਾਰ ਕਰ ਲਿਆ, ਜਿਸ ਦੇ ਕਬਜ਼ੇ ਵਿੱਚੋਂ 10 ਕਿਲੋ ਗਾਂਜਾ, 22,000 ਰੁਪਏ ਡਰੱਗ ਮਨੀ ਅਤੇ 100 ਜ਼ਿੱਪ ਲਾਕ ਪਾਊਚ ਬਰਾਮਦ ਕੀਤੇ ਗਏ।
ਪੁਲਿਸ ਨੇ ਦੋਵਾਂ ਦੋਸ਼ੀਆਂ ਖ਼ਿਲਾਫ਼ NDPS ਐਕਟ ਤਹਿਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ। ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੁਣ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਗਾਂਜੇ ਦੀ ਸਪਲਾਈ ਚੇਨ, ਮੁੱਖ ਸਪਲਾਇਰਾਂ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਦੋਸ਼ੀ ਇੱਕ ਨਾਮਾਲੂਮ ਸਪਲਾਇਰ ਤੋਂ ਸਸਤੇ ਭਾਅ 'ਤੇ ਗਾਂਜਾ ਖਰੀਦ ਕੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਮਹਿੰਗੇ ਭਾਅ 'ਤੇ ਵੇਚਦੇ ਸਨ ਅਤੇ ਇਸ ਧੰਦੇ ਤੋਂ ਮੋਟਾ ਮੁਨਾਫ਼ਾ ਕਮਾ ਰਹੇ ਸਨ। ਪੁਲਿਸ ਰਿਕਾਰਡ ਮੁਤਾਬਕ ਮੁੱਖ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਇੱਕ ਅਪਰਾਧਿਕ ਮਾਮਲਾ ਦਰਜ ਹੈ।
ਲੁਧਿਆਣਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰ ਵਿੱਚ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ।
- Download Babushahi App
-
-