ਚੰਨੀ ਦੇ ਇਕੱਠ 'ਤੇ ਰਾਜਾ ਵੜਿੰਗ ਦਾ ਪਹਿਲਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?
ਕਾਂਗਰਸ 'ਚ ਕੋਈ ਧੜੇਬੰਦੀ ਨਹੀਂ, 1-2 ਦਿਨਾਂ 'ਚ ਸਾਰੇ ਲੀਡਰ ਇੱਕ ਮੰਚ 'ਤੇ ਦਿਖਣਗੇ: ਰਾਜਾ ਵੜਿੰਗ
ਸਾਬਕਾ CM ਚਰਨਜੀਤ ਚੰਨੀ ਦੇ ਘਰ ਹੋਏ ਇਕੱਠ 'ਤੇ ਬੋਲੇ ਪੰਜਾਬ ਕਾਂਗਰਸ ਪ੍ਰਧਾਨ- "ਚੰਨੀ ਸਾਹਿਬ ਸਾਡੇ ਵੱਡੇ ਭਰਾ ਅਤੇ ਸੀਨੀਅਰ ਲੀਡਰ ਨੇ, ਹਾਈਕਮਾਂਡ ਨੂੰ ਮਿਲਣ 'ਚ ਕੋਈ ਬੁਰਾਈ ਨਹੀਂ"
ਪਾਰਟੀ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਤਾੜਨਾ- "ਹੱਦਾਂ ਪਾਰ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ, ਚਾਹੇ ਮੈਂ ਖ਼ੁਦ ਪ੍ਰਧਾਨ ਕਿਉਂ ਨਾ ਹੋਵਾਂ"
CM ਚਿਹਰੇ ਦੀ ਰੇਸ 'ਤੇ ਵੱਡਾ ਬਿਆਨ- "ਰਾਜਾ ਵੜਿੰਗ ਮੁੱਖ ਮੰਤਰੀ ਦੀ ਰੇਸ ਵਿੱਚ ਨਹੀਂ, ਰਾਹੁਲ ਗਾਂਧੀ ਜਿਸ ਨੂੰ ਬਣਾਉਣਗੇ, ਮੈਂ ਉਸ ਦੇ ਨਾਲ ਖੜ੍ਹਾਂਗਾ"
ਚੰਡੀਗੜ੍ਹ, 4 ਜੁਲਾਈ 2026: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ & MP ਚਰਨਜੀਤ ਸਿੰਘ ਚੰਨੀ ਦੇ ਗ੍ਰਹਿ ਵਿਖੇ ਹੋਏ ਕਾਂਗਰਸੀਆਂ ਦੇ ਇਕੱਠ ਅਤੇ ਪਾਰਟੀ ਅੰਦਰਲੀ ਕਥਿਤ ਗੁੱਟਬੰਦੀ ਦੀਆਂ ਖ਼ਬਰਾਂ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ। ਵੜਿੰਗ ਨੇ ਸਪੱਸ਼ਟ ਸ਼ਬਦਾਂ ਵਿੱਚ ਕਾਂਗਰਸ ਅੰਦਰ ਕਿਸੇ ਵੀ ਤਰ੍ਹਾਂ ਦੀ ਲੜਾਈ ਜਾਂ ਧੜੇਬੰਦੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਅਗਲੇ ਇੱਕ-ਦੋ ਦਿਨਾਂ ਦੇ ਅੰਦਰ-ਅੰਦਰ ਸਾਰੇ ਸੀਨੀਅਰ ਆਗੂ ਇੱਕੋ ਮੰਚ 'ਤੇ ਇਕੱਠੇ ਨਜ਼ਰ ਆਉਣਗੇ।
ਚਰਨਜੀਤ ਸਿੰਘ ਚੰਨੀ ਦੇ ਘਰ ਹੋਈ ਬੈਠਕ ਬਾਰੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ, "ਚੰਨੀ ਸਾਹਿਬ ਸਾਡੇ ਬਹੁਤ ਸੀਨੀਅਰ ਨੇਤਾ, ਕੰਪੇਨਿੰਗ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਨ। ਜੇਕਰ ਉਨ੍ਹਾਂ ਦੇ ਘਰ ਕੁਝ ਕਾਂਗਰਸੀ ਆਗੂ ਇਕੱਠੇ ਹੋਏ ਹਨ, ਤਾਂ ਇਸ ਵਿੱਚ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਕੱਲ੍ਹ ਨੂੰ ਮੇਰੇ ਘਰ, ਸੁਖਜਿੰਦਰ ਰੰਧਾਵਾ ਜੀ ਦੇ ਘਰ ਜਾਂ ਕਿਸੇ ਹੋਰ ਨੇਤਾ ਦੇ ਘਰ ਵੀ ਲੋਕ ਇਕੱਠੇ ਹੋ ਸਕਦੇ ਹਨ। ਇਸ ਦਾ ਮਤਲਬ ਕੋਈ ਲੜਾਈ ਨਹੀਂ ਹੁੰਦਾ।" ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਚੰਨੀ ਸਾਹਿਬ ਨੂੰ ਬਹੁਤ ਪਿਆਰ ਕਰਦੀ ਹੈ, ਉਹ ਜਦੋਂ ਚਾਹੁਣ ਹਾਈਕਮਾਂਡ ਨੂੰ ਮਿਲ ਸਕਦੇ ਹਨ ਅਤੇ ਹਾਈਕਮਾਂਡ ਵੀ ਉਨ੍ਹਾਂ ਨੂੰ ਮਿਲ ਸਕਦੀ ਹੈ।
ਪਾਰਟੀ ਅੰਦਰ ਡਿਸਿਪਲਿਨ (ਅਨੁਸ਼ਾਸਨ) ਦੇ ਸਵਾਲ 'ਤੇ ਰਾਜਾ ਵੜਿੰਗ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ, "ਕਿਸੇ ਨੂੰ ਵੀ ਪਾਰਟੀ ਦੀਆਂ ਹੱਦਾਂ ਪਾਰ ਕਰਨ ਦੀ ਇਜਾਜ਼ਤ ਨਹੀਂ ਹੈ, ਚਾਹੇ ਉਹ ਮੈਂ ਖ਼ੁਦ ਪਾਰਟੀ ਦਾ ਪ੍ਰਧਾਨ ਹੀ ਕਿਉਂ ਨਾ ਹੋਵਾਂ। ਹਰ ਵਿਅਕਤੀ ਨੂੰ ਆਪਣੀ ਲਿਮਿਟ ਪਤਾ ਹੋਣੀ ਚਾਹੀਦੀ ਹੈ।" ਉਨ੍ਹਾਂ ਕਿਹਾ ਕਿ ਚੰਨੀ ਸਾਹਿਬ ਜਾਂ ਕਿਸੇ ਹੋਰ ਸੀਨੀਅਰ ਲੀਡਰ ਨੇ ਕੋਈ ਗਲਤ ਗੱਲ ਨਹੀਂ ਕੀਤੀ, ਪਰ ਜਿਨ੍ਹਾਂ ਇੱਕਾ-ਦੁੱਕਾ ਸਾਬਕਾ ਵਿਧਾਇਕਾਂ (Ex-MLAs) ਨੇ ਪਾਰਟੀ ਦੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਹੈ ਜਾਂ ਇਨ-ਡਿਸਿਪਲਿਨ (ਅਨੁਸ਼ਾਸਨਹੀਣਤਾ) ਫੈਲਾਇਆ ਹੈ, ਉਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੜਿੰਗ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਜ਼ਰੂਰ ਮਾਰਨ। ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ 'ਤੇ ਰਾਜਾ ਵੜਿੰਗ ਨੇ ਕਿਹਾ, "ਮੇਰੇ ਕੋਲ ਸੀਐਮ ਫੇਸ ਐਲਾਨਣ ਦਾ ਅਧਿਕਾਰ ਨਹੀਂ ਹੈ। ਇਹ ਮੁਕੰਮਲ ਫੈਸਲਾ ਰਾਹੁਲ ਗਾਂਧੀ ਅਤੇ ਮਲਿਕਾਅਰਜੁਨ ਖੜਗੇ ਸਾਹਿਬ ਦਾ ਹੈ। ਜਿੱਥੋਂ ਤੱਕ ਮੇਰੀ ਗੱਲ ਹੈ, ਰਾਜਾ ਵੜਿੰਗ ਮੁੱਖ ਮੰਤਰੀ ਬਣਨ ਦੀ ਰੇਸ ਵਿੱਚ ਬਿਲਕੁਲ ਨਹੀਂ ਹੈ। ਮੇਰਾ ਇੱਕੋ-ਇੱਕ ਮਕਸਦ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਮੁੜ ਵਾਪਸ ਲੈ ਕੇ ਆਉਣਾ ਹੈ। ਹਾਈਕਮਾਂਡ ਜਿਸ ਨੂੰ ਵੀ ਸੀਐਮ ਫੇਸ ਬਣਾਏਗੀ, ਰਾਜਾ ਵੜਿੰਗ ਉਸ ਦੇ ਨਾਲ ਚੱਟਾਨ ਵਾਂਗ ਖੜ੍ਹਾ ਮਿਲੇਗਾ।"
ਸੁਖਜਿੰਦਰ ਰੰਧਾਵਾ ਦੀ ਅਮਿਤ ਸ਼ਾਹ ਨਾਲ ਮੁਲਾਕਾਤ 'ਤੇ ਦਿੱਤੀ ਸਫ਼ਾਈ
ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ 'ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਵੜਿੰਗ ਨੇ ਕਿਹਾ, "ਰੰਧਾਵਾ ਸਾਹਿਬ ਨੇ ਖ਼ੁਦ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ਦੇ ਹਾਲਾਤਾਂ, ਗੈਂਗਸਟਰ ਕਲਚਰ ਅਤੇ ਆਪਣੇ ਇਲਾਕੇ ਦੇ ਸਰਹੱਦੀ ਮੁੱਦਿਆਂ ਨੂੰ ਲੈ ਕੇ ਗ੍ਰਹਿ ਮੰਤਰੀ ਨੂੰ ਮਿਲਣ ਗਏ ਸਨ। ਉਹ ਉੱਥੇ ਕੋਈ ਜੱਫੀਆਂ ਪਾਉਣ ਜਾਂ ਪਾਰਟੀ ਛੱਡਣ ਨਹੀਂ ਗਏ ਸੀ। ਉਹ ਜਮਾਂਦਰੂ ਕਾਂਗਰਸੀ ਹਨ।" ਉਨ੍ਹਾਂ ਬੀਜੇਪੀ 'ਤੇ ਤਨਜ਼ ਕੱਸਦਿਆਂ ਕਿਹਾ ਕਿ ਬੀਜੇਪੀ ਵਾਲੇ ਭਾਵੇਂ ਆਪਣੀਆਂ ਬਾਂਹਾਂ ਖੁੱਲ੍ਹੀਆਂ ਰੱਖ ਲੈਣ, ਪਰ ਪੰਜਾਬ ਦੇ ਲੋਕ ਕਾਂਗਰਸ ਦੇ ਨਾਲ ਹਨ ਅਤੇ ਉਹ ਬੀਜੇਪੀ ਨੂੰ ਪੰਜਾਬ ਵਿੱਚ ਪੈਰ ਨਹੀਂ ਰੱਖਣ ਦੇਣਗੇ।
- Download Babushahi App
-
-