ਜੁਲਾਈ ਆਜ਼ਾਦੀ ਦਿਵਸ ਪਰੇਡ ਦੌਰਾਨ Punjabi Cultural Association (PCA Brentwood) ਵੱਲੋਂ ਵੰਡੀਆਂ ਗਈਆਂ 5000 ਤੋ ਵੱਧ ਪਾਣੀ ਤੇ ਜੂਸ ਦੀਆਂ ਬੋਤਲਾਂ
ਗੁਰਿੰਦਰਜੀਤ ਨੀਟਾ ਮਾਛੀਕੇ
ਬ੍ਰੈਂਟਵੁੱਡ, ਕੈਲੀਫੋਰਨੀਆ:
ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਬ੍ਰੈਂਟਵੁੱਡ ਸ਼ਹਿਰ ਵਿੱਚ ਆਯੋਜਿਤ 4 ਜੁਲਾਈ ਪਰੇਡ ਦੌਰਾਨ Punjabi Cultural Association (PCA) Brentwood ਨੇ ਨਿਸ਼ਕਾਮ ਸੇਵਾ ਦੀ ਇੱਕ ਹੋਰ ਸ਼ਾਨਦਾਰ ਮਿਸਾਲ ਪੇਸ਼ ਕਰਦਿਆਂ ਪਰੇਡ ਵਿੱਚ ਸ਼ਾਮਲ ਨਾਗਰਿਕਾਂ, ਪਰਿਵਾਰਾਂ ਅਤੇ ਮਹਿਮਾਨਾਂ ਨੂੰ 5000 ਤੋਂ ਵੱਧ ਪਾਣੀ, ਜੂਸ ਅਤੇ ਸਾਫਟ ਡ੍ਰਿੰਕ ਦੀਆਂ ਬੋਤਲਾਂ ਬਿਲਕੁਲ ਮੁਫ਼ਤ ਵੰਡੀਆਂ। ਇਸ ਦੇ ਨਾਲ ਹੀ ਵਲੰਟੀਅਰਾਂ ਨੇ ਇਸ ਪਰੇਡ ਦੌਰਾਨ ਬੱਚਿਆਂ ਨੂੰ 1000 ਤੋਂ ਵੱਧ ਅਮਰੀਕੀ ਝੰਡੇ ਵੀ ਵੰਡੇ।
ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਇਸ ਸੇਵਾ ਦਾ ਮਕਸਦ ਲੋਕਾਂ ਨੂੰ ਗਰਮੀ ਤੋ ਨਿਜਾਤ ਦਿਵਾਉਣਾ ਅਤੇ ਸਮਾਜ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ। ਪਰੇਡ ਦੌਰਾਨ ਹਜ਼ਾਰਾਂ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।
ਇਸ ਸੇਵਾ ਕਾਰਜ ਨੂੰ ਸਫਲ ਬਣਾਉਣ ਲਈ 50 ਤੋਂ ਵੱਧ ਵਲੰਟੀਅਰਾਂ ਨੇ ਪੂਰੇ ਜੋਸ਼ ਅਤੇ ਸਮਰਪਣ ਨਾਲ ਆਪਣਾ ਕੀਮਤੀ ਸਮਾਂ ਦਿੱਤਾ। ਸਵੇਰ ਤੋਂ ਲੈ ਕੇ ਪਰੇਡ ਦੇ ਸਮਾਪਤ ਹੋਣ ਤੱਕ ਵਲੰਟੀਅਰਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਹਰ ਲੋੜਵੰਦ ਤੱਕ ਪਾਣੀ, ਜੂਸ ਅਤੇ ਸਾਫਟ ਡ੍ਰਿੰਕ ਪਹੁੰਚਾਏ। ਇਹ ਉਪਰਾਲਾ ਪੰਜਾਬੀ ਭਾਈਚਾਰੇ ਦੀ ਸੇਵਾ, ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਦਾ ਜੀਵੰਤ ਪ੍ਰਤੀਕ ਬਣਿਆ।
ਇਸ ਮੌਕੇ ਬ੍ਰੈਂਟਵੁੱਡ ਦੀ ਮੇਅਰ Susana Meyers, ਕੌਂਸਲਵੁਮੈਨ Jovita Mendoza ਅਤੇ ਕੌਂਸਲਵੁਮੈਨ Faye Maloney ਨੇ Punjabi Cultural Association Brentwood ਦੇ ਇਸ ਸੇਵਾ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਾਰੇ ਵਲੰਟੀਅਰਾਂ ਦਾ ਦਿਲੋਂ ਧੰਨਵਾਦ ਕੀਤਾ।
ਮੇਅਰ Susana Meyers ਨੇ ਗੱਲਬਾਤ ਕਰਦਿਆ ਕਿਹਾ, “ਮੈਨੂੰ PCA Brentwood ਵੱਲੋਂ ਬ੍ਰੈਂਟਵੁੱਡ ਸ਼ਹਿਰ ਵਿੱਚ ਕੀਤੇ ਜਾ ਰਹੇ ਕਮਿਊਨਿਟੀ ਸੇਵਾ ਦੇ ਕੰਮਾਂ ’ਤੇ ਬਹੁਤ ਮਾਣ ਹੈ। PCA ਨਾ ਸਿਰਫ਼ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੀ ਹੈ, ਸਗੋਂ ਪੂਰੇ ਸ਼ਹਿਰ ਵਿੱਚ ਸੇਵਾ, ਏਕਤਾ ਅਤੇ ਭਾਈਚਾਰੇ ਦੀ ਸ਼ਾਨਦਾਰ ਮਿਸਾਲ ਕਾਇਮ ਕਰ ਰਹੀ ਹੈ।”
ਕਲੱਬ ਦੇ ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ Punjabi Cultural Association (PCA) Brentwood ਆਉਣ ਵਾਲੇ ਕੁਝ ਮਹੀਨਿਆਂ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਵੀ ਆਯੋਜਿਤ ਕਰੇਗੀ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਅਜਿਹੇ ਉਪਰਾਲੇ PCA ਦੀ ਮੁੱਖ ਤਰਜੀਹ ਹਨ ਅਤੇ ਸੰਸਥਾ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਲੋਕ ਭਲਾਈ ਕਾਰਜ ਜਾਰੀ ਰੱਖੇਗੀ।
ਸ਼੍ਰੀ ਬਾਜਵਾ ਨੇ 4 ਜੁਲਾਈ ਪਰੇਡ ਨੂੰ ਸਫਲ ਬਣਾਉਣ ਲਈ ਸੇਵਾ ਨਿਭਾਉਣ ਵਾਲੇ 50 ਤੋਂ ਵੱਧ ਵਲੰਟੀਅਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਬ੍ਰੈਂਟਵੁੱਡ ਦੀ ਮੇਅਰ, ਸਿਟੀ ਕੌਂਸਲ, ਸਿਟੀ ਸਟਾਫ਼ ਅਤੇ City of Brentwood ਦਾ ਵੀ ਲਗਾਤਾਰ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਲਈ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ।
Punjabi Cultural Association Brentwood ਸਾਰੇ ਸ਼ਹਿਰ ਵਾਸੀਆਂ ਨੂੰ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀਆਂ ਹਾਰਦਿਕ ਮੁਬਾਰਕਾਂ ਦਿੰਦੀ ਹੈ ਅਤੇ ਭਵਿੱਖ ਵਿੱਚ ਵੀ ਕਮਿਊਨਿਟੀ ਦੀ ਸੇਵਾ ਲਈ ਇਸੇ ਜਜ਼ਬੇ ਨਾਲ ਕੰਮ ਕਰਦੀ ਰਹੇਗੀ।
- Download Babushahi App
-
-