Political Special ਕਾਂਗਰਸੀ ਕੁੱਤ ਕਲੇਸ਼: ਬਦਲੇ ਜੋ ਰੰਗ ਉਨ੍ਹਾਂ ਹੈਰਤ ਹੋਈ, ਗਿਰਵਟ ਨੂੰ ਦੇ ਗਈ ਫਿਤਰਤ ਜਨਾਬ ਦੀ
ਅਸ਼ੋਕ ਵਰਮਾ
ਬਠਿੰਡਾ, 6 ਜੁਲਾਈ 2026 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਣ ਕਾਰਨ ਖੋਹਲੇ ਮੋਰਚੇ ਨੇ 2021 ’ਚ ਤੱਤਕਾਲੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਉਦੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਪੁਆੜੇ ਦੇ ਰੂਪ ’ਚ ਕੀਤੀ ਗਈ ਮੋਰਚਾਬੰਦੀ ਦੀ ਯਾਦ ਦਿਵਾ ਦਿੱਤੀ ਹੈ। ਉਸ ਵਕਤ ਜਦੋਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ , ਤੁਕਬੰਦੀ ਮਸ਼ਹੂਰ ਹੋਈ ਸੀ। ਹੁਣ ਵਾਪਰੀਆਂ ਤਾਜਾ ਘਟਨਾਵਾਂ ਤੋਂ ਤਾਂ ਇੰਜ ਜਾਪਦਾ ਹੈ ਕਿ 2027 ’ਚ ਕਾਂਗਰਸ ਲਈ ਚੋਣਾਂ ਹੀ ਮਸਲਾ ਬਣ ਜਾਣੀਆਂ ਹਨ ਜੋ ਕਿਸੇ ਤੋਂ ਹੱਲ ਨਹੀਂ ਹੋਣਾ ਹੈ। ਹਾਲਾਂਕਿ ਕਾਂਗਰਸੀਆਂ ’ਚ ਕਾਟੋ ਕਲੇਸ਼ ਕੋਈ ਨਵੀਂ ਗੱਲ ਨਹੀਂ ਪਰ ਚੋਣਾਂ ਦੇ ਦਿਨਾਂ ’ਚ ਰੰਗ ਬਦਲਣ ਨੂੰ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ।
ਉਹ ਵੀ ਉਦੋਂ ਜਦੋਂ ਕਾਂਗਰਸ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਹਰਾਉਣ ਅਤੇ ਸੱਤਾ ’ਤੇ ਕਾਬਜ ਹੋਣ ਦੇ ਸੁਫਨੇ ਦੇਖ ਰਹੀ ਹੈ। ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਚੰਨੀ ਪੁਰਾਣਾ ਇਤਿਹਾਸ ਇੱਕ ਵਾਰ ਫਿਰ ਤੋਂ ਦੁਰਹਾ ਰਹੇ ਹਨ ਕਿਉਂਕਿ ਕਾਂਗਰਸੀਆਂ ਦੀ ਆਪਸੀ ਪਾਟੋਧਾੜ ਕਾਰਨ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਦੀ ਸ਼ਰਮਨਾਕ ਹਾਰ ਹੋਈ ਸੀ। ਸਿਆਸੀ ਮਾਹਿਰ ਆਖਦੇ ਹਨ ਕਿ ਕਾਂਗਰਸ ਸਿਆਸੀ ਤੌਰ ’ਤੇ ਆਪਣਾ ਵੱਡਾ ਨੁਕਸਾਨ ਪਹਿਲਾਂ ਹੀ ਕਰਵਾ ਚੁੱਕੀ ਹੈ। ਜੇਕਰ ਹਾਈਕਮਾਂਡ ਨੇ ਇਹ ਧੜੇਬੰਦੀ ਖਤਮ ਨਾਂ ਕਰਵਾਈ ਤਾਂ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਪਾਟੋਧਾੜ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ। ਦੱਸਣਯੋਗ ਹੈ ਕਿ 2021 ’ਚ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਅਤੇ ਨੀਤੀਆਂ ਖਿਲਾਫ ਮੋਰਚਾ ਖੋਹਲਿਆ ਸੀ। ਇਸ ਮੌਕੇ ਸਿਆਸੀ ਟਕਰਾਅ ਮਗਰੋਂ ਕੈਪਟਨ ਨੂੰ ਅਸਤੀਫਾ ਦੇਣਾ ਪਿਆ ਸੀ।
ਉਦੋਂ ਕਾਂਗਰਸ ਹਾਈਕਮਾਂਡ ਨੇ ਚੋਣਾਂ ਜਿੱਤਣ ਦੀ ਸੂਰਤ ’ਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਸੀ। ਇਸ ਮੌਕੇ ਨਵਜੋਤ ਸਿੰਘ ਸਿੱਧੂ ਵੀ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਪਰ ਬਾਜੀ ਚੰਨੀ ਮਾਰ ਗਏ ਸਨ। ਰਤਾ ਪਿਛੋਕੜ ਵਿਚਲੇ ਚੋਣ ਅਮਲ ’ਤੇ ਨਜ਼ਰ ਮਾਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਚੋਣ ਪ੍ਰਚਾਰ ਚੰਨੀ ਬਨਾਮ ਸਿੱਧੂ ਰਿਹਾ ਸੀ ਜਿਸ ਨੇ ਕਾਂਗਰਸ ਪਾਰਟੀ ਦੀ ਸਿਆਸੀ ਬੇੜੀ ’ਚ ਵੱਟੇ ਪਾ ਦਿੱਤੇ ਸਨ। ਸਾਲ 2022 ’ਚ ਕਾਂਗਰਸ ਦੀ ਕਰਾਰੀ ਹਾਰ ਹੋਈ ਅਤੇ ਪ੍ਰਚੰਡ ਬਹੁਮੱਤ ਨਾਲ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਲਈ ਸੀ। ਬਿਲੁਕਲ ਹੁਣ ਉਸੇ ਤਰਜ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦਾ ਹਮਾਇਤੀਆਂ ਤੇ ਸੀਨੀਅਰ ਵਿਧਾਇਕਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਮੋਰਚਾ ਖੋਹਲਿਆ ਹੋਇਆ ਹੈ ਜਿਸ ਨੂੰ ਚੋਣਾਂ ਵਾਲਾ ਸਾਲ ਹੋਣ ਕਾਰਨ ਕਾਂਗਰਸ ਲਈ ਮੰਦਭਾਗਾ ਮੰਨਿਆ ਜਾ ਰਿਹਾ ਹੈ।
ਵੱਡੀ ਗੱਲ ਇਹ ਵੀ ਹੈ ਕਿ ਹੁਣ ਤਾਂ ਰਾਜਾ ਵੜਿੰਗ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਤੱਕ ਗੱਲ ਪੁੱਜ ਗਈ ਹੈ। ਦਰਅਸਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਹੈ ਪ੍ਰੰਤੂ ਉਹ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਵੱਡੇ ਦਾਅਵੇਦਾਰ ਸਨ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੀ ਪ੍ਰਧਾਨਗੀ ਦੀ ਕਤਾਰ ’ਚ ਸਨ। ਹਾਈਕਮਾਂਡ ਨੇ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਬਰਕਰਾਰ ਰੱਖਿਆ ਹੈ। ਭਾਵੇਂ ਹਾਈਕਮਾਂਡ ਨੇ ਸਭ ਨੂੰ ਖੁਸ਼ ਕਰਨ ਦਾ ਯਤਨ ਕੀਤਾ ਪਰ ਚੇਅਰਮੈਨ ਬਨਾਉਣ ਤੋਂ ਬਣੀ ਨਰਾਜਗੀ ਦੇ ਚਲਦਿਆਂ ਚੰਨੀ ਨੇ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਅਲਟੀਮੇਟਮ ਦਿੱਤਾ ਹੋਇਆ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸੀ ਲੀਡਰਾਂ ਨੇ ਕੰਧ ’ਤੇ ਲਿਖਿਆ ਪੜ੍ਹ ਕੇ ਆਪਸੀ ਕਾਟੋ ਕਲੇਸ਼ ਖਤਮ ਨਾਂ ਕੀਤਾ ਤਾਂ 2022 ਵਾਂਗ ਇਸ ਦਾ ਮਾੜਾ ਨਤੀਜਾ 2027 ਵਿੱਚ ਵੀ ਸਾਹਮਣੇ ਆ ਸਕਦਾ ਹੈ।
ਧੜੇਬੰਦੀ ਹਰ ਵਾਰ ਦਾ ਕਲੇਸ਼
ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਇੱਕ ਵਾਰ ਮੁੜ ਅੰਦਰੂਨੀ ਧੜੇਬੰਦੀ ਦੀ ਪੁਰਾਣੀ ਖੇਡ ਦੇਖਣ ਨੂੰ ਮਿਲ ਰਹੀ ਹੈ। ਇਹ ਧੜੇਬੰਦੀ ਅਗਾਮੀ ਚੋਣਾਂ ਦੌਰਾਨ ਪਾਰਟੀ ਦੀ ਸੱਤਾ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਅਸਰਅੰਦਾਜ਼ ਕਰ ਸਕਦੀ ਹੈ। ਐਤਕੀਂ ਫ਼ਰਕ ਸਿਰਫ਼ ਇੰਨਾ ਹੈ ਕਿ ਘਟਨਾਕ੍ਰਮ ਵੱਖੋ ਵੱਖਰੇ ਸਮੇਂ ’ਤੇ ਹੋ ਰਹੇ ਹਨ ਤੇ ਇਸ ਵਿੱਚ ਸ਼ਾਮਲ ਕਿਰਦਾਰ ਬਦਲ ਗਏ ਹਨ। ਪੰਜਾਬ ਕਾਂਗਰਸ ਦੀ ਰਾਜਨੀਤੀ ਵਿੱਚ ਅੰਦਰੂਨੀ ਧੜੇਬੰਦੀ ਹਰ ਵਾਰ ਦੀ ਗੱਲ ਹੋ ਗਈ ਹੈ। ਸਿਆਸੀ ਸਮੀਖਿਅਕ ਮੰਨਦੇ ਹਨ 2015, 2021 ਜਾਂ ਫਿਰ 2026, ਪਾਰਟੀ ਆਗੂਆਂ ਦੀ ਧੜੇਬੰਦੀ, ਹੰਕਾਰ ਦੀ ਲੜਾਈ ਅਤੇ ਨਿੱਜੀ ਇੱਛਾਵਾਂ ਨੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਪਾਰਟੀ ਹਿੱਤਾਂ ਨੂੰ ਸਾਬੋਤਾਜ ਕੀਤਾ ਹੈ।
ਸਿਰਫ ਕੁਰਸੀ ਰਾਣੀ ਪਿਆਰੀ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਮੌਜੂਦਾ ਦੌਰ ਦੌਰਾਨ ਕਿਸੇ ਵੀ ਸਿਆਸੀ ਨੇਤਾ ਜਾਂ ਪਾਰਟੀ ਨੂੰ ਸਿਧਾਤਾਂ ਜਾਂ ਵਿਚਾਰਧਾਰਾ ਨਾਲ ਕੋਈ ਸਰਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਕਿ ਸਿਆਸੀ ਲੋਕ ਜਨਹਿੱਤ ਜਾਂ ਸਮਾਜ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੰਦੇ ਬਲਕਿ ਸਭ ਇੱਕ ਦੂਜੇ ਨੂੰ ਠਿੱਬੀ ਲਾਕੇ ਗੱਦੀ ਹਥਿਆਉਣ ਦੀ ਦੌੜ ’ਚ ਲੱਗੇ ਹੋਏ ਹਨ।
- Download Babushahi App
-
-