Political Special ਚੋਣ ਪੈਂਤੜੇ: ਪੰਜਾਬ ਦੀ ਸਿਆਸੀ ਸ਼ਤਰੰਜ ’ਤੇ ਕੇਂਦਰ ਬਿੰਦੂ ਬਣਿਆ ਡੇਰਾ ਸੱਚ ਖੰਡ ਬੱਲਾਂ
ਅਸ਼ੋਕ ਵਰਮਾ
ਬਠਿੰਡਾ , 10 ਅਗਸਤ 2026 : ਨਾਂ ਕਦੀ ਜਨਤਕ ਤੌਰ ’ਤੇ ਵੋਟਾਂ ਦੀ ਅਪੀਲ ਕੀਤੀ ਅਤੇ ਨਾਂਹੀ ਕਦੇ ਕੋਈ ਰਾਜਨੀਤੀ ਨਾਲ ਜੁੜਿਆ ਸੰਦੇਸ਼ ਦਿੱਤਾ ਫਿਰ ਵੀ ਜਲੰਧਰ ਜਿਲ੍ਹੇ ’ਚ ਸਥਿਤ ਡੇਰਾ ਸੱਚ ਖੰਡ ਬੱਲਾਂ ਅੱਜ ਕੱਲ੍ਹ ਪੰਜਾਬ ਦੀ ਸਿਆਸੀ ਸ਼ਤਰੰਜ ਦਾ ਮੁੱਖ ਕੇਂਦਰ ਬਿੰਦੂ ਬਣਿਆ ਹੋਇਆ ਹੈ। ਇਸ ਦਾ ਮੁੱਖ ਕਾਰਨ ਸੂਬੇ ਦੀ ਦੋਆਬਾ ਪੱਟੀ ’ਚ ਸਥਿਤ ਜਲੰਧਰ , ਕਪੂਰਥਲਾ , ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਜਿਲ੍ਹੇ ਦੇ 23 ਵਿਧਾਨ ਸਭਾ ਹਲਕਿਆਂ ’ਚ ਡੇਰਾ ਬੱਲਾਂ ਨਾਲ ਜੁੜੀ ਸੰਗਤ ਸਿਆਸੀ ਧਿਰਾਂ ਲਈ ਮਹੱਤਵਪੂਰਨ ਮੰਨਿਆ ਜਾਣਾ ਹੈ। ਇਹੋ ਵਜ੍ਹਾ ਹੈ ਕਿ ਹਰ ਪਾਰਟੀ ਦੇ ਨੇਤਾ ਆਸਥਾ ਦੇ ਨਾਲ ਨਾਲ ਸਿਆਸੀ ਆਸ਼ੀਰਵਾਦ ਦੀ ਝਾਕ ’ਚ ਅਕਸਰ ਡੇਰਾ ਬੱਲਾਂ ਵਿਖੇ ਨਤਮਸਤਕ ਹੁੰਦੇ ਰਹਿੰਦੇ ਹਨ। ਹੁਣ ਤੱਕ ਦਾ ਟਰੈਕ ਰਿਕਾਰਡ ਦੇਖੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈਕੇ ਪੰਜਾਬ ਦੇ ਦਰਜਨਾਂ ਨੇਤਾ ਡੇਰਾ ਸੱਚ ਖੰਡ ਬੱਲਾਂ ’ਚ ਹਾਜ਼ਰੀ ਲਵਾ ਚੁੱਕੇ ਹਨ।
ਸਿਆਸੀ ਮਾਹਿਰਾਂ ਦਾ ਵੀ ਕਹਿਣਾ ਹੈ ਕਿ ਡੇਰਾ ਬੱਲਾਂ ਦੀ ਸਭ ਤੋਂ ਵੱਡੀ ਤਾਕਤ ਹੀ ਇਹੋ ਹੈ ਕਿ ਉਹੋ ਸਿੱਧੇ ਤੌਰ ’ਤੇ ਸਿਆਸੀ ਮੈਦਾਨ ’ਚ ਨਹੀਂ ਕੁੱਦਦਾ ਅਤੇ ਨਾਂਹੀ ਕਿਸੇ ਪਾਰਟੀ ਨੂੰ ਸਿੱਧੀ ਹਮਾਇਤ ਨਹੀਂ ਦਿੰਦਾ ਹੈ ਜਿਸ ਕਰਕੇ ਵੱਡੇ ਵੱਡੇ ਨੇਤਾ ਡੇਰੇ ਆਕੇ ਸੰਤ ਨਿਰੰਜਣ ਦਾਸ ਦਾ ਆਸ਼ੀਰਵਾਦ ਲੈਣਾ ਮਹੱਤਵਪੂਰਨ ਮੰਨਦੇ ਹਨ। ਇਹ ਮਾਹਿਰ ਆਖਦੇ ਹਨ ਕਿ ਡੇਰੇ ਨਾਲ ਜੁੜੀ ਸੰਗਤ ਦਾ ਸਮਾਜਿਕ ਅਧਾਰ ਹੀ ਲੀਡਰਾਂ ਨੂੰ ਡੇਰਾ ਬੱਲਾਂ ਵੱਲ ਖਿੱਚ੍ਹ ਲਿਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਗਿਣਤੀ ਅਤੇ ਦੋਆਬੇ ’ਚ ਰਵੀਦਾਸੀਆ ਸਮਾਜ ਦੀ ਮਜ਼ਬੂਤ ਹਾਜ਼ਰੀ ਤੇ ਪੰਜਾਬ ’ਚ ਵਿਆਪਕ ਦਲਿਤ ਵੋਟ ਬੈਂਕ ਕਾਰਨ ਹਰ ਸਿਆਸੀ ਪਾਰਟੀ ਡੇਰੇ ’ਚ ਆਪਣੀ ਪਹੁੰਚ ਬਨਾਉਣਾ ਚਾਹੁੰਦੀ ਹੈ। ਮੋਟੇ ਅਨੁਮਾਨਾਂ ਅਨੁਸਾਰ ਪੰਜਾਬ ’ਚ ਤਕਰੀਬਨ 32 ਪ੍ਰਤੀਸ਼ਤ ਦਲਿਤ ਅਬਾਦੀ ਹੈ। ਇਸ ਵਿੱਚ ਸ੍ਰੀ ਗੁਰੂ ਰਵੀਦਾਸ ਨਾਮ ਲੇਵਾ ਸੰਗਤ ਦਾ ਵੀ ਕਰੀਬ ਇੱਕ ਤਿਹਾਈ ਵਰਗਾ ਵੱਡਾ ਹਿੱਸਾ ਮੰਨਿਆ ਜਾਂਦਾ ਹੈ।
ਪੰਜਾਬ ’ਚ ਵਿਧਾਨ ਸਭਾ ਦੇ 117 ਹਲਕੇ ਹਨ ਜਿੰਨ੍ਹਾਂ ਚੋਂ 34 ਅਨੁਸੂਚਿਤ ਜਾਤੀ ਲਈ ਰਾਖਵੇਂ ਕੀਤੇ ਗਏ ਹਨ। ਇੰਨ੍ਹਾਂ ਪ੍ਰਸਥਿਤੀਆਂ ਦਰਮਿਆਨ ਦਲਿਤ ਵੋਟਰਾਂ ਦੀ ਅਹਿਮੀਅਤ ਕਿਸੇ ਤੋਂ ਲੁਕੀ ਛੁਪੀ ਨਹੀਂ ਰਹਿ ਗਈ ਹੈ। ਐਤਵਾਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਡੇਰਾ ਸੱਚ ਖੰਡ ਬੱਲਾਂ ਵਿਖੇ ਡੇਰਾ ਪ੍ਰਮੁੱਖ ਪਦਮ ਸ੍ਰੀ ਸੰਤ ਨਿਰੰਜਣ ਦਾਸ ਦੀ ਹਾਜ਼ਰੀ ’ਚ ਸ੍ਰੀ ਗੁਰੂ ਰਵੀਦਾਸ ਜੀ ਦੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਿਆ ਹੈ ਜੋ ਪੰਜਾਬ ਸਰਕਾਰ ਵੱਲੋਂ 37 ਕਰੋੜ ਰੁਪਏ ਦੀ ਲਾਗਤ ਨਾਲ 10. 4 ਏਕੜ ਜਮੀਨ ’ਤੇ ਬਣਾਇਆ ਜਾਏਗਾ। ਇਸੇ ਸਾਲ ਜੁਲਾਈ ਮਹੀਨੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਸੱਚ ਖੰਡ ਬੱਲਾਂ ਪੁੱਜੇ ਸਨ ਅਤੇ ਸ੍ਰੀ ਗੁਰੂ ਰਵੀਦਾਸ ਜੀ ਦੇ ਨਾਮ ਵਾਲੀ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ ਸੀ। ਪ੍ਰਧਾਨ ਮੰਤਰੀ ਨੇ ਸੰਤ ਨਿਰੰਜਣ ਦਾ ਨਾਲ ਮੁਲਾਕਾਤ ਵੀ ਕੀਤੀ ਸੀ ਅਤੇ ਪੈਰੀਂ ਹੱਥ ਲਾਕੇ ਆਸ਼ੀਰਵਾਦ ਵੀ ਲਿਆ ਸੀ।
ਇਸ ਤੋਂ ਬਾਅਦ ਸੰਤ ਨਿਰੰਜਣ ਦਾਸ ਵੱਲੋਂ ਕੀਤੇ ਕਾਰਜਾਂ ਨੂੰ ਮੁਲਕ ਦੇ ਸਭ ਤੋਂ ਵੱਡੇ ਸਨਮਾਨ ਪਦਮ ਸ੍ਰੀ ਨਾਲ ਨਿਵਾਜਿਆ ਗਿਆ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ਮਹੀਨੇ ’ਚ ਸ੍ਰੀ ਗੁਰੂ ਰਵੀਦਾਸ ਜੈਅੰਤੀ ਮੌਕੇ ਵੀ ਡੇਰਾ ਬੱਲਾਂ ਆਏ ਸਨ ਤਾਂ ਇਹ ਫੇਰੀ ਸਿਆਸੀ ਹਲਕਿਆਂ ’ਚ ਵੱਡੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣੀ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਡੇਰਾ ਬੱਲਾਂ ਦੀ ਅਹਿਮੀਅਤ ਕਿਸੇ ਇੱਕ ਸਿਆਸੀ ਪਾਰਟੀ ਤੱਕ ਸੀਮਤ ਨਹੀਂ ਰਹੀ ਹੈ। ਜਨਵਰੀ 2017 ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਡੇਰਾ ਬੱਲਾਂ ਪੁੱਜੇ ਸਨ ਅਤੇ ਸੰਤ ਨਿਰੰਜਣ ਦਾਸ ਨਾਲ ਮੁਲਾਕਾਤ ਕੀਤੀ ਸੀ। ਏਦਾਂ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੇਰਾ ਸੱਚ ਖੰਡ ਬੱਲਾਂ ’ਚ ਰਾਤ ਰੁਕੇ ਸਨ ਅਤੇ ਡੇਰੇ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਨਾਲ ਮੁਲਾਕਾਤ ਕੀਤੀ ਸੀ।
ਇਸੇ ਤਰਾਂ ਹੀ ਜੁਲਾਈ 2026 ’ਚ ਭਾਰਤੀ ਜੰਤਾ ਪਾਰਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨੇ ਵੀ ਸੰਤ ਨਿਰੰਜਣ ਦਾਸ ਤੋਂ ਆਸ਼ੀਰਵਾਦ ਲਿਆ ਸੀ। ਇਸੇ ਤਰਾਂ ਹੀ ਦਸੰਬਰ 2021 ’ਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਡੇਰੇ ਆਏ ਸਨ ਜਦੋਂਕਿ ਅਗਲੇ ਦਿਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਡੇਰਾ ਸੱਚ ਖੰਡ ਬੱਲਾਂ ਦੇ ਮੁਖੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਡੇਰਾ ਬੱਲਾਂ ਆਏ ਸਨ। ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕਾਂਗਰਸੀ ਆਗੂ ਅਰੁਣਾ ਚੌਧਰੀ ਅਤੇ ਮੋਹਿੰਦਰ ਸਿੰਘ ਕੇਪੀ ਸਮੇਤ ਵੱਖ ਵੱਖ ਪਾਰਟੀਆਂ ਦੇ ਨੇਤਾ ਸਮੇਂ ਸਮੇਂ ’ਤੇ ਡੇਰਾ ਸੱਚ ਖੱਡ ਬੱਲਾਂ ’ਚ ਆਉਂਦੇ ਰਹੇ ਹਨ। ਹਾਲਾਂਕਿ ਸਿਆਸੀ ਆਗੂ ਇੱਥੇ ਆਉਣ ਪਿੱਛੇ ਆਪਣੀ ਆਸਥਾ ਹੋਣਾ ਆਖਦੇ ਹਨ ਪਰ ਰਾਜਨੀਤੀ ਦੇ ਜਾਣਕਾਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਅਸਲ ਮਨਸ਼ਾ ਵੋਟ ਬੈਂਕ ਨਾਲ ਜੁੜੀ ਹੁੰਦੀ ਹੈ।
ਪਿਛੋਕੜ ’ਤੇ ਪੰਛੀ ਝਾਤ
ਰਤਾ ਪਿਛੋਕੜ ’ਚ ਝਾਤ ਮਾਰੀਏ ਤਾਂ ਆਮ ਆਦਮੀ ਪਾਰਟੀ ਨੇ ਦੁਆਬੇ ਦੇ 23 ਵਿਧਾਨ ਸਭਾ ਹਲਕਿਆਂ ਚੋਂ 10 ’ਤੇ ਜਿੱਤ ਪ੍ਰਾਪਤ ਕੀਤੀ ਸੀ ਜਦੋਂਕਿ 9 ਹਲਕਿਆਂ ’ਚ ਕਾਂਗਰਸ ਨੇ ਬਾਜੀ ਮਾਰੀ ਸੀ। ਸਾਲ 2017 ’ਚ ਕਾਂਗਰਸ ਨੇ ਦੁਆਬੇ ਚੋਂ 15 ਸੀਟਾਂ ਜਿੱਤੀਆਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਦੁਆਬੇ ਦਾ ਚੋਣ ਗਣਿਤ ਬਦਲਦਾ ਹੀ ਰਹਿੰਦਾ ਹੈ। ਦੁਆਬੇ ਦੇ 8 ਰਾਖਵੇਂ ਹਲਕਿਆਂ ਤੋਂ ਇਲਾਵਾ ਸੂਬੇ ਦੀਆਂ 15 ਜਰਨਲ ਸੀਟਾਂ ’ਤੇ ਵੀ ਦਲਿਤ ਵੋਟ ਬੈਂਕ Çੀ ਫੈਸਲਾਕੁੰਨ ਭੂਮਿਕਾ ਰਹਿੰਦੀ ਹੈ।
- Download Babushahi App
-
-