ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਨੇ ਬਦਲਿਆ ਬਡਬਰ ਦੀ ਹਰਜਿੰਦਰ ਕੌਰ ਦਾ ਜੀਵਨ ਪੱਧਰ
ਸੈਲਫ ਹੈਲਪ ਗਰੁੱਪ ਬਦੌਲਤ ਆਪਣਾ ਅਤੇ ਪਤੀ ਦਾ ਕਾਰੋਬਾਰ ਕੀਤਾ ਸ਼ੁਰੂ
*ਬੇਕਰੀ ਉਤਪਾਦਾਂ, ਕਰਿਆਨਾ ਦੁਕਾਨ, ਫਾਸਟ ਫੂਡ, ਮੁਰਗੀ ਪਾਲਣ ਨਾਲ ਚਾਰ ਗੁਣਾ ਵਧੀ ਆਮਦਨ*
ਅਸ਼ੋਕ ਵਰਮਾ
ਬਰਨਾਲਾ, 10ਅਗਸਤ 2026 : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਨੇ ਜ਼ਿਲ੍ਹੇ ਦੇ ਪਿੰਡ ਬਡਬਰ ਦੀ ਹਰਜਿੰਦਰ ਕੌਰ ਦੀ ਜ਼ਿੰਦਗੀ ਵਿਚ ਆਰਥਿਕ ਖੁਸ਼ਹਾਲੀ ਲਿਆਂਦੀ ਹੈ। ਜਿੱਥੇ ਉਸਦਾ ਪਰਿਵਾਰ ਪਹਿਲਾਂ ਦਿਹਾੜੀ ਕਰਕੇ ਗੁਜ਼ਾਰਾ ਕਰਦਾ ਸੀ, ਹੁਣ ਉਹ ਆਪਣੇ ਕਾਰੋਬਾਰ ਦੇ ਖ਼ੁਦ ਮਾਲਕ ਹਨ। ਉਹ ਸਵੈ ਸਹਾਇਤਾ ਸਮੂਹ ਨਾਲ ਜੁੜ ਕੇ ਜਿੱਥੇ ਆਪ ਆਰਥਿਕ ਤੌਰ ਉੱਤੇ ਆਤਮ ਨਿਰਭਰ ਹੋਈ, ਓਥੇ ਆਪਣੀ ਪਤੀ ਦਾ ਵੀ ਕਾਰੋਬਾਰ ਸ਼ੁਰੂ ਕੀਤਾ ਜਿਸ ਨਾਲ ਹੁਣ ਉਹ ਚਾਰ ਗੁਣਾ ਵੱਧ ਕਮਾਈ ਕਰ ਰਹੇ ਹਨ।
ਹਰਜਿੰਦਰ ਕੌਰ (36 ਸਾਲ) ਪਤਨੀ ਗੁਰਜਿੰਦਰ ਸਿੰਘ ਵਾਸੀ ਪਿੰਡ ਬਡਬਰ ਨੇ ਦੱਸਿਆ ਕਿ ਉਸ ਦੇ ਪਤੀ ਦਿਹਾੜੀ ਕਰਦੇ ਸਨ ਅਤੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਸੀ।
ਉਹ ਪਰਿਵਾਰ ਦੀ ਆਰਥਿਕ ਖੁਸ਼ਹਾਲੀ ਦੀ ਸੋਚ ਨਾਲ ਸਾਲ 2019 ਵਿਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਵੈ ਸਹਾਇਤਾ ਗਰੁੱਪ ਨਾਲ ਜੁੜੀ। ਉਹਨਾਂ ਨੇ 10 ਮੈਂਬਰਾਂ ਦਾ "ਬਾਬਾ ਵਾਲਮੀਕਿ ਜੀ ਸਵੈ ਸਹਾਇਤਾ ਸਮੂਹ" ਬਣਾਇਆ। ਗਰੁੱਪ ਦੇ ਸਾਰੇ ਮੈਂਬਰਾਂ ਨੇ ਪ੍ਰਤੀ ਮਹੀਨਾ 100 ਰੁਪਏ ਬੱਚਤ ਕਰਕੇ ਜਮ੍ਹਾਂ ਕਰਨੀ ਸ਼ੁਰੂ ਕੀਤੀ। ਕਰੀਬ ਤਿੰਨ ਮਹੀਨਿਆਂ ਬਾਅਦ ਸਰਕਾਰ ਵੱਲੋਂ ਗਰੁੱਪ ਨੂੰ 15 ਹਜ਼ਾਰ ਰੁਪਏ ਦਾ ਰੀਵਾਲਵਿੰਗ ਫੰਡ (ਆਰਐਫ ਫੰਡ) ਆਇਆ ਜਿਸ ਵਿਚੋਂ ਮੈਂਬਰਾਂ ਦੀ ਸਹਿਮਤੀ ਨਾਲ ਪੰਜ ਹਜ਼ਾਰ ਰੁਪਏ ਕਰਜ਼ਾ ਲਿਆ ਅਤੇ ਪਿੰਡ ਵਿੱਚ ਹੀ ਕਿਰਾਏ 'ਤੇ ਦੁਕਾਨ ਲੈ ਕੇ ਕਰਿਆਨੇ ਦੀ ਦੁਕਾਨ ਸ਼ੁਰੂ ਕੀਤੀ, ਜਿਸ ਵਿਚੋਂ ਓਸਨੂੰ ਆਮਦਨ ਆਉਣੀ ਸ਼ੁਰੂ ਹੋ ਗਈ ਤਾਂ ਓਸਨੇ ਕਰਜ਼ਾ ਮੋੜਨਾ ਸ਼ੁਰੂ ਕਰ ਦਿੱਤਾ।
ਇਸ ਮਗਰੋਂ ਉਸਨੇ 2022 ਵਿਚ ਮੁਰਗੀ ਪਾਲਣ ਦਾ ਕੰਮ ਸ਼ੁਰੂ ਕੀਤਾ ਜਿਸ ਵਾਸਤੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਤੋਂ ਮੁਰਗੀ ਪਾਲਣ ਦੀ ਸਿਖਲਾਈ ਲਈ ਅਤੇ ਓਸਨੂੰ 50 ਚੂਚੇ ਮੁਫ਼ਤ ਮਿਲੇ। ਉਸਨੇ ਮੁਰਗੀ ਪਾਲਣ ਦਾ ਕੰਮ ਵਧਾਉਂਦੇ ਹੋਏ ਆਪਣੀ ਦੁਕਾਨ 'ਤੇ ਅੰਡੇ ਵੇਚਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਆਮਦਨ ਵਿੱਚ ਹੋਰ ਵਾਧਾ ਹੋਇਆ। ਇਸ ਵੇਲੇ ਉਹ ਕਰੀਬ 200 ਮੁਰਗੀਆਂ ਪਾਲ ਰਹੀ ਹੈ।
ਇਸ ਮਗਰੋਂ ਉਸਨੇ ਸਾਲ 2024 ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਬੱਕਰੀ ਪਾਲਣ ਦੀ ਸਿਖਲਾਈ ਲਈ ਅਤੇ ਇੱਕ ਨਗ ਨਾਲ ਬੱਕਰੀ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ 5 ਨਗ ਤਿਆਰ ਕਰ ਲਏ। ਇਸ ਮਗਰੋਂ ਉਸਨੇ ਆਪਣੇ ਪਤੀ ਨੂੰ ਕੰਮ ਸ਼ੁਰੂ ਕਰਵਾਉਣ ਦੀ ਵਿਉਂਤ ਬਣਾਏ ਜਿਸ ਵਾਸਤੇ ਉਸਨੂੰ ਸਾਲ 2023 ਵਿਚ ਫਾਸਟ ਫੂਡ ਦੀ ਸਿਖਲਾਈ ਦਿਵਾਈ।
ਸਾਲ 2023 ਵਿਚ ਉਨ੍ਹਾਂ ਦੇ ਗਰੁੱਪ ਨੂੰ 50 ਹਜ਼ਾਰ ਰੁਪਏ ਸੀਆਈਐਫ਼ (ਕਮਿਊਨਟੀ ਇਨਵੈਸਟਮੈਂਟ ਫੰਡ) ਪ੍ਰਾਪਤ ਹੋਇਆ ਅਤੇ ਮੈਂਬਰਾਂ ਦੀ ਸਹਿਮਤੀ ਨਾਲ ਫੰਡ ਅਤੇ ਆਪਣੀ ਬੱਚਤ ਦੇ ਪੈਸੇ ਖਰਚ ਕਰਕੇ ਕਰੀਬ 80 ਹਜ਼ਾਰ ਦੀ ਲਾਗਤ ਨਾਲ ਆਪਣੇ ਪਤੀ ਨੂੰ ਫਾਸਟ ਫੂਡ ਦਾ ਕੰਮ ਸ਼ੁਰੂ ਕਰਵਾ ਕੇ ਦਿੱਤਾ।ਹਰਜਿੰਦਰ ਕੌਰ ਨੇ ਕਿਹਾ ਕਿ ਸਵੈ ਸਹਾਇਤਾ ਸਮੂਹ ਨਾਲ ਜੁੜਨ ਤੋਂ ਪਹਿਲਾਂ ਉਹਨਾਂ ਦੀ ਸਿਰਫ ਦਿਹਾੜੀ ਦੀ ਆਮਦਨ ਸੀ ਜੋ ਕਿ 250-300 ਰੁਪਏ ਦਿਹਾੜੀ ਸੀ ਜਿਸ ਨਾਲ ਮੁਸ਼ਕਿਲ ਨਾਲ ਗੁਜ਼ਾਰਾ ਚਲਦਾ ਸੀ ਅਤੇ ਹੁਣ ਓਹਨਾਂ ਦੀ ਪ੍ਰਤੀ ਦਿਨ ਵਿਕਰੀ 5 ਹਜ਼ਾਰ ਦੇ ਕਰੀਬ ਹੋ ਜਾਂਦੀ ਹੈ ਅਤੇ ਸਾਰੇ ਖਰਚੇ ਕੱਢ ਕੇ ਰੋਜ਼ਾਨਾ 1000 ਰੁਪਏ ਦੇ ਕਰੀਬ ਬੱਚਤ ਹੋ ਜਾਂਦੀ ਹੈ ਤੇ ਪ੍ਰਤੀ ਮਹੀਨਾ ਕਰੀਬ 30,000 ਹਜ਼ਾਰ ਰੁਪਏ ਬੱਚਤ ਹੋ ਜਾਂਦੀ ਹੈ।
ਹਰਿੰਦਰ ਨੇ ਦਸਿਆ ਕਿ ਉਸਨੇ ਆਪਣਾ ਅਤੇ ਗਰੁੱਪ ਦਾ ਕੰਮ ਹੋਰ ਵਧਾਉਣ ਲਈ ਪਿਛਲੇ ਸਾਲ ਬੇਕਰੀ ਉਤਪਾਦਾਂ ਦੀ ਸਿਖਲਾਈ ਲਈ। ਉਹਨਾਂ ਦੇ ਗਰੁੱਪ ਨੂੰ ਨਾਬਾਰਡ ਵਲੋਂ ਬੇਕਰੀ ਮਸ਼ੀਨਰੀ ਅਤੇ ਬਰਤਨ ਮੁਫ਼ਤ ਦਿੱਤੇ ਗਏ ਜਿਸ ਨਾਲ ਓਹਨਾਂ ਦਾ ਕੰਮ ਹੋਰ ਪ੍ਰਫੁਲਿਤ ਹੋਇਆ ਅਤੇ ਵੱਡਾ ਆਰਥਿਕ ਸਹਾਰਾ ਮਿਲਿਆ।
ਉਸਨੇ ਦਸਿਆ ਕਿ ਇਸ ਤੋਂ ਇਲਾਵਾ ਉਹਨਾਂ ਦਾ ਸੈਲਫ ਹੈਲਪ ਗਰੁੱਪ ਸੇਵੀਆਂ, ਬਿਸਕੁਟ, ਬਰੈਡ, ਪੀਜ਼ਾ ਬਰੈਡ ਸਮੇਤ ਬੇਕਰੀ ਦੇ ਵੱਖ ਵੱਖ ਉਤਪਾਦਾਂ ਦੀ ਵਿਕਰੀ ਵੱਖ ਵੱਖ ਮੇਲਿਆਂ 'ਤੇ ਕਰਦਾ ਹੈ ਅਤੇ ਆਸ - ਪਾਸ ਦੇ ਜ਼ਿਲ੍ਹਿਆਂ ਤੋਂ ਇਲਾਵਾ ਰਾਜਧਾਨੀ ਚੰਡੀਗੜ੍ਹ ਤੱਕ ਹੱਥ ਨਾਲ ਵੱਟੀਆਂ ਸੇਵੀਆਂ ਅਤੇ ਹੋਰ ਸਮਾਨ ਜਾਂਦਾ ਹੈ। ਉਹਨਾਂ ਵਲੋਂ ਜ਼ਿਲ੍ਹਾ ਬਰਨਾਲਾ ਵਿੱਚ ਇਸ ਸਾਲ ਫਰਵਰੀ ਵਿੱਚ ਲੱਗੇ ਸਖੀ ਮੇਲੇ ਵਿੱਚ ਵੀ ਫਾਸਟ ਫੂਡ ਅਤੇ ਬੇਕਰੀ ਉਤਪਾਦਾਂ ਦਾ ਸਟਾਲ ਲਾਇਆ ਗਿਆ ਸੀ ਜਿਸ ਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ ਸੀ ਤੇ ਉਹਨਾਂ ਨੇ 3 ਦਿਨਾਂ ਵਿਚ 40 ਹਜ਼ਾਰ ਦੇ ਕਰੀਬ ਕਮਾਈ ਕੀਤੀ।
ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਉਸਨੇ ਆਪਣੀ ਕਮਾਈ ਨਾਲ ਆਪਣੇ ਘਰ ਦੀ ਮੁਰੰਮਤ ਕਰਵਾਈ ਜਿੱਥੇ ਜ਼ਮੀਨੀ ਮੰਜ਼ਿਲ ਤੇ ਉਸਦਾ ਪਰਿਵਾਰ ਰਹਿ ਰਿਹਾ ਹੈ ਅਤੇ ਪਹਿਲੀ ਮੰਜ਼ਿਲ 'ਤੇ ਉਹ ਮੁਰਗੀਆਂ ਪਾਲ ਰਹੀ ਹੈ।
ਉਸਨੇ ਦਸਿਆ ਕਿ ਹੁਣ ਉਹ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਕਮਿਊਨਿਟੀ ਰੀਸੋਰਸ ਪਰਸਨ ਵਜੋਂ ਕੰਮ ਕਰ ਰਹੀ ਹੈ ਤੇ ਉਸਦੇ ਅਧੀਨ ਬਡਬਰ, ਬਾਜ਼ੀਗਰ ਬਸਤੀ, ਭੈਣੀ ਮਹਿਰਾਜ, ਦਾਨਗੜ੍ਹ, ਧੂਰਕੋਟ ਪਿੰਡ ਹਨ ਜਿੱਥੇ ਉਹ ਔਰਤਾਂ ਨੂੰ ਸੈਲਫ਼ ਹੈਲਪ ਗਰੁੱਪਾਂ ਨਾਲ ਜੁੜਨ ਲਈ ਅਤੇ ਆਪਣੀ ਆਰਥਿਕ ਖੁਸ਼ਹਾਲੀ ਲਈ ਪ੍ਰੇਰਿਤ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਸ਼ਲਾਘਾ
ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਹਰਜਿੰਦਰ ਕੌਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਲੋੜਵੰਦ ਔਰਤਾਂ ਦੀ ਜ਼ਿੰਦਗੀ ਵਿਚ ਜਿਥੇ ਆਰਥਿਕ ਖੁਸ਼ਹਾਲੀ ਲਿਆ ਰਿਹਾ ਹੈ, ਓਥੇ ਉਹ ਸਮਾਜਿਕ ਤੌਰ 'ਤੇ ਵੀ ਮਜ਼ਬੂਤ ਹੋ ਰਹੀਆਂ ਹਨ। ਓਹਨਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਇਸ ਮਿਸ਼ਨ ਅਧੀਨ ਔਰਤਾਂ ਨੂੰ ਸਵੈ ਰੁਜ਼ਗਾਰ ਨਾਲ ਜੋੜਿਆ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਸਵੈ ਸਹਾਇਤਾ ਸਮੂਹਾਂ ਨਾਲ ਜੁੜ ਕੇ ਔਰਤਾਂ ਰਵਾਇਤੀ ਖਾਣਿਆਂ, ਰਵਾਇਤੀ ਸਮਾਨ, ਬੇਕਰੀ ਉਤਪਾਦਾਂ, ਅਚਾਰ , ਚਟਨੀਆਂ, ਮੁਰੱਬਿਆਂ, ਸੇਵੀਆਂ ਸਮੇਤ ਵੱਖ ਵੱਖ ਤਰ੍ਹਾਂ ਦੇ ਉਤਪਾਦਾਂ ਦੀ ਵਿਕਰੀ ਸਫਲਤਾਪੂਰਵਕ ਕਰ ਰਹੀਆਂ ਹਨ।
- Download Babushahi App
-
-