Punjab News : ਪ੍ਰਿੰਸੀਪਲ ਵੱਲੋਂ ਕਥਿਤ ਤੌਰ ’ਤੇ ਥੱਪੜ ਮਾਰਨ ਦਾ ਮਾਮਲਾ: ਪਰਿਵਾਰ ਨੇ ਦੋਵੇਂ ਧੀਆਂ ਨੂੰ ਸਕੂਲੋਂ ਹਟਾਇਆ
ਬਾਬੂਸ਼ਾਹੀ ਬਿਊਰੋ
ਨਾਭਾ, 9 August 2026 : ਨਾਭਾ ਤਹਿਸੀਲ ਦੇ ਇੱਕ ਸੀ ਬੀ ਐੱਸ ਸੀ ਬੋਰਡ ਨਾਲ ਜੁੜੇ ਪ੍ਰਾਈਵੇਟ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਨੂੰ ਕਲਾਸ ਵਿੱਚ 1984 ਦੇ ਦੰਗਾ ਪੀੜਤਾਂ ਲਈ ਇਨਸਾਫ਼ ਦੀ ਗੱਲ ਕਰਨ ’ਤੇ ਸਕੂਲ ਪ੍ਰਿੰਸੀਪਲ ਵੱਲੋਂ ਕਥਿਤ ਤੌਰ ’ਤੇ ਥੱਪੜ ਮਾਰਨ ਦਾ ਮਾਮਲਾ ਗਰਮਾ ਗਿਆ ਹੈ। ਇਸ ਘਟਨਾ ਤੋਂ ਦੁਖੀ ਹੋ ਕੇ ਵਿਦਿਆਰਥਣ ਦੇ ਪਰਿਵਾਰ ਨੇ ਆਪਣੀਆਂ ਦੋਵੇਂ ਧੀਆਂ ਨੂੰ ਸਕੂਲ ਵਿੱਚੋਂ ਹਟਾ ਲਿਆ ਹੈ। ਦੂਜੇ ਪਾਸੇ, ਸਕੂਲ ਪ੍ਰਬੰਧਕਾਂ ਨੇ ਵਿਦਿਆਰਥਣ ਦੀ ਕੁੱਟਮਾਰ ਅਤੇ ਨੱਕ ਵਿੱਚੋਂ ਖੂਨ ਵਗਣ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦਿਆਂ ਇਨ੍ਹਾਂ ਨੂੰ ਸੰਸਥਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਘਟਨਾ ਤੋਂ ਬਾਅਦ ਵਿਦਿਆਰਥਣ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਕੂਲ ਪ੍ਰਬੰਧਕਾਂ ਨਾਲ ਮੁਲਾਕਾਤ ਕੀਤੀ।
ਵਿਦਿਆਰਥਣ ਦੇ ਪਿਤਾ ਨੇ ਦੋਸ਼ ਲਾਇਆ ਕਿ ਕਲਾਸ ਵਿੱਚ ‘ਲੋਕਤੰਤਰ’ ਅਧਿਆਇ ਪੜ੍ਹਾਉਂਦੇ ਸਮੇਂ ਜਦੋਂ ਉਨ੍ਹਾਂ ਦੀ ਧੀ ਨੇ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਤਾਂ ਅਧਿਆਪਕ ਨੇ ਉਸ ਨੂੰ ਝਿੜਕਿਆ ਅਤੇ ਪ੍ਰਿੰਸੀਪਲ ਨੂੰ ਬੁਲਾ ਲਿਆ। ਅਧਿਆਪਕਾਂ ਨੇ ਬੱਚੀ ਦੀਆਂ ਗੱਲਾਂ ਨੂੰ ਖ਼ਾਲਿਸਤਾਨ ਨਾਲ ਜੋੜਦਿਆਂ ਉਸ ਨੂੰ ਪਾਕਿਸਤਾਨ ਜਾਣ ਲਈ ਵੀ ਕਿਹਾ। ਇਸ ਤੋਂ ਬਾਅਦ ਪ੍ਰਿੰਸੀਪਲ ਨੇ ਬੱਚੀ ਦੇ ਦੋ ਥੱਪੜ ਮਾਰੇ, ਜਿਸ ਨਾਲ ਉਸ ਦੇ ਨੱਕ ਵਿੱਚੋਂ ਖੂਨ ਆ ਗਿਆ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਸਕੂਲ ਨੇ ਘਟਨਾ ਦੀ ਸੀ ਸੀ ਟੀ ਵੀ ਫੁਟੇਜ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਕੂਲ ਵਿੱਚ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ। ਲਗਾਤਾਰ ਬਣੇ ਦਬਾਅ ਕਾਰਨ ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਸਕੂਲੋਂ ਹਟਾਉਣ ਦਾ ਫ਼ੈਸਲਾ ਲਿਆ। ਕਿਸਾਨ ਆਗੂ ਗਮਦੂਰ ਸਿੰਘ ਨੇ ਦੱਸਿਆ ਕਿ ਪ੍ਰਬੰਧਕਾਂ ਨੇ 10 ਦਿਨਾਂ ਦੇ ਅੰਦਰ ਪ੍ਰਿੰਸੀਪਲ ਨੂੰ ਅਹੁਦੇ ਤੋਂ ਹਟਾਉਣ ਦਾ ਭਰੋਸਾ ਦਿੱਤਾ ਹੈ, ਅਤੇ ਜੇਕਰ ਕਾਰਵਾਈ ਨਾ ਹੋਈ ਤਾਂ ਯੂਨੀਅਨ ਵੱਲੋਂ ਅਗਲਾ ਕਦਮ ਚੁੱਕਿਆ ਜਾਵੇਗਾ।
ਦੂਜੇ ਪਾਸੇ ਸਕੂਲ ਦੇ ਚੇਅਰਮੈਨ ਸ੍ਰੀ ਔਲਖ ਨੇ ਗੰਭੀਰ ਕੁੱਟਮਾਰ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਨੇ ਬੱਚੀ ਦੇ ਅਸਧਾਰਨ ਅਤੇ ਅਣ-ਉੱਚਿਤ ਵਿਵਹਾਰ ਕਾਰਨ ਸਿਰਫ਼ ਜ਼ੁਬਾਨੀ ਝਿੜਕਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਕੂਲ ਦਾ ਮਕਸਦ ਸਿੱਖਿਆ ਦੇਣਾ ਹੈ ਅਤੇ ਕਲਾਸਰੂਮ ਵਿੱਚ ਬਾਹਰੀ ਸਿਆਸੀ ਮੁੱਦਿਆਂ ਨੂੰ ਨਹੀਂ ਲਿਆਂਦਾ ਜਾਣਾ ਚਾਹੀਦਾ। ਚੇਅਰਮੈਨ ਨੇ ਪੰਜਾਬੀ ਬੋਲਣ 'ਤੇ ਪਾਬੰਦੀ ਦੇ ਦੋਸ਼ਾਂ ਨੂੰ ਰੱਦ ਕੀਤਾ ਅਤੇ ਸੀ ਸੀ ਟੀ ਵੀ ਫੁਟੇਜ ਨਾ ਮਿਲਣ ਦਾ ਕਾਰਨ ਹਾਰਡ ਡਿਸਕ ਵਿੱਚ ਆਈ ਤਕਨੀਕੀ ਖ਼ਰਾਬੀ ਦੱਸਿਆ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਪ੍ਰਿੰਸੀਪਲ ਨੂੰ 21 ਜੁਲਾਈ ਤੋਂ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ ਅਤੇ ਉਹ ਸਿਰਫ਼ ਜ਼ਰੂਰੀ ਕੰਮਾਂ ਲਈ ਹੀ ਕਦੇ-ਕਦਾਈਂ ਸਕੂਲ ਆਉਂਦੇ ਹਨ।
- Download Babushahi App
-
-