ਪੰਜਾਬ ਵਿਚ ਚੱਲੀਆਂ ਗੋਲੀਆਂ- ਘਟਨਾ CCTV 'ਚ ਕੈਦ
ਕਪੂਰਥਲਾ 9 ਅਗਸਤ 2026
: ਕਪੂਰਥਲਾ ਦੇ ਕਸਬਾ ਕਾਲਾ ਸੰਘਿਆਂ ਦੇ ਮੁੱਖ ਬਾਜ਼ਾਰ ਵਿੱਚ ਅੱਧੀ ਰਾਤ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਕੱਪੜਾ ਵਪਾਰੀ ਦੀ ਦੁਕਾਨ ਅਤੇ ਘਰ 'ਤੇ ਤਾਬੜਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਵਾਰਦਾਤ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਖ਼ੁਸ਼ਕਿਸਮਤੀ ਨਾਲ ਇਸ ਗੋਲੀਬਾਰੀ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਅਨੁਸਾਰ, ਦੋ ਅਣਪਛਾਤੇ ਨੌਜਵਾਨਾਂ ਨੇ ਕੱਪੜਾ ਕਾਰੋਬਾਰੀ ਕੁਲਦੀਪ ਕੁਮਾਰ ਲੂੰਬਾ ਦੀ ਦੁਕਾਨ ਅਤੇ ਉਸ ਦੇ ਉੱਪਰ ਬਣੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਭਗ ਚਾਰ ਰੌਂਦ ਫਾਇਰ ਕੀਤੇ। ਗੋਲੀਆਂ ਸ਼ਟਰ ਨੂੰ ਵਿੰਨ੍ਹਦੀਆਂ ਹੋਈਆਂ ਅੰਦਰ ਲੱਗੇ ਸ਼ੀਸ਼ੇ 'ਤੇ ਜਾ ਲੱਗੀਆਂ, ਜਿਸ ਨਾਲ ਸ਼ੀਸ਼ਾ ਪੂਰੀ ਤਰ੍ਹਾਂ ਟੁੱਟ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਬਾਜ਼ਾਰ ਦੇ ਗਾਰਡਾਂ ਨੇ ਪਰਿਵਾਰ ਅਤੇ ਪਿੰਡ ਦੇ ਪਤਵੰਤਿਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਮੁੱਖ ਅਫ਼ਸਰ ਮੇਜਰ ਸਿੰਘ ਅਤੇ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਘਟਨਾ ਸਥਾਨ ਤੋਂ ਚਾਰ ਖੋਲ ਬਰਾਮਦ ਕੀਤੇ। ਡੀਐੱਸਪੀ ਸ਼ੀਤਲ ਸਿੰਘ ਅਤੇ ਕਾਲਾ ਸੰਘਿਆਂ ਚੌਕੀ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
- Download Babushahi App
-
-