ਲੈਬਨਾਨ ਤੋਂ 12 ਸਾਲ ਬਾਅਦ ਭਾਰਤ ਪਰਤ ਰਹੇ ਨੌਜਵਾਨ ਦਾ ਸਾਮਾਨ ਪਹੁੰਚ ਗਿਆ ਦਿੱਲੀ ਪਰ ਆਪ ਹੋ ਗਿਆ ਲਾਪਤਾ
ਨੌਜਵਾਨ ਦਾ ਇੱਕ ਹਾਦਸੇ ਦੌਰਾਨ ਮਾਨਸਿਕ ਸੰਤੁਲਨ ਗਿਆ ਸੀ ਵਿਗੜ, ਪਰਿਵਾਰ ਨੇ ਸਰਕਾਰ ਤੋਂ ਪਤਾ ਲਗਾਉਣ ਦੀ ਲਗਾਈ ਗੁਹਾਰ
ਰੋਹਿਤ ਗੁਪਤਾ
ਗੁਰਦਾਸਪੁਰ , 9 ਅਗਸਤ 2026 :
ਰੋਜ਼ੀ-ਰੋਟੀ ਦੀ ਭਾਲ ਵਿੱਚ ਕਰੀਬ 12 ਸਾਲ ਪਹਿਲਾਂ ਸੱਤ ਸਮੁੰਦਰ ਪਾਰ ਗਏ ਪੁੱਤਰ ਦੀ ਘਰ ਵਾਪਸੀ ਦੀ ਉਡੀਕ ਕਰ ਰਹੇ ਪੁਰਾਣਾ ਸ਼ਾਲਾ ਦੇ ਇੱਕ ਗਰੀਬ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਚਿੰਤਾ ਅਤੇ ਬੇਚੈਨੀ ਵਿੱਚ ਬਦਲ ਗਈਆਂ, ਜਦੋਂ ਲੇਬਨਾਨ ਤੋਂ ਦੁਬਈ ਰਾਹੀਂ ਭਾਰਤ ਪਰਤ ਰਿਹਾ 35 ਸਾਲਾ ਪੁੱਤਰ ਭੁਪਿੰਦਰ ਸਿੰਘ ਦੁਬਈ ਏਅਰਪੋਰਟ ਤੋਂ ਭੇਤਭਰੇ ਹਾਲਤਾਂ ਵਿੱਚ ਲਾਪਤਾ ਹੋ ਗਿਆ। ਇੱਕ ਹਾਦਸੇ ਕਾਰਨ ਭੁਪਿੰਦਰ ਤੁਰਨ-ਫਿਰਨ ਤੋਂ ਅਸਮਰੱਥ ਹੋ ਗਿਆ ਸੀ ਅਤੇ ਪਰਿਵਾਰ ਮੁਤਾਬਕ ਉਹ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਹੈ।
ਲਾਪਤਾ ਨੌਜਵਾਨ ਦੀ ਭੈਣ ਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ 35 ਸਾਲਾ ਭਰਾ ਭੁਪਿੰਦਰ ਸਿੰਘ ਕਰੀਬ 12 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਲੇਬਨਾਨ ਗਿਆ ਸੀ, ਜਿੱਥੇ ਉਹ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਕੰਮ ਦੌਰਾਨ ਇੱਕ ਹਾਦਸਾ ਵਾਪਰਨ ਕਾਰਨ ਉਸ ਦੀ ਲੱਤ ਟੁੱਟ ਗਈ, ਜਿਸ ਤੋਂ ਬਾਅਦ ਉਹ ਤੁਰਨ-ਫਿਰਨ ਤੋਂ ਅਸਮਰੱਥ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਬਾਅਦ ਭੁਪਿੰਦਰ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਰਹਿਣ ਲੱਗ ਪਿਆ।
ਮਨਦੀਪ ਕੌਰ ਨੇ ਦੱਸਿਆ ਕਿ ਅਜਿਹੀ ਹਾਲਤ ਵਿੱਚ ਕੰਪਨੀ ਵੱਲੋਂ ਉਸ ਦੀ ਸਾਂਭ-ਸੰਭਾਲ ਕਰਨ ਦੀ ਬਜਾਏ ਉਸ ਨੂੰ ਵ੍ਹੀਲਚੇਅਰ ਦੇ ਸਹਾਰੇ ਲੇਬਨਾਨ ਏਅਰਪੋਰਟ ਤੋਂ ਭਾਰਤ ਲਈ ਰਵਾਨਾ ਕਰ ਦਿੱਤਾ ਗਿਆ। ਪਰਿਵਾਰ ਮੁਤਾਬਕ ਭੁਪਿੰਦਰ 6 ਅਗਸਤ ਨੂੰ ਰਾਤ ਕਰੀਬ 11 ਵਜੇ ਲੇਬਨਾਨ ਤੋਂ ਰਵਾਨਾ ਹੋਇਆ ਸੀ ਅਤੇ ਉਸ ਨੇ ਦੁਬਈ ਰਾਹੀਂ ਭਾਰਤ ਪਹੁੰਚਣਾ ਸੀ।
ਪਰਿਵਾਰ ਨੇ ਦੱਸਿਆ ਕਿ ਦੁਬਈ ਏਅਰਪੋਰਟ 'ਤੇ ਭੁਪਿੰਦਰ ਦੀ ਕਰੀਬ 7 ਘੰਟਿਆਂ ਦੀ ਸਟੇਅ ਸੀ ਪਰ ਉਹ ਉਥੋਂ ਗਾਇਬ ਹੋ ਗਿਆ ਤੇ ਉਸਦੀ ਫਲਾਈਟ ਦਿੱਲੀ ਪਹੁੰਚ ਗਈ ਪਰ ਉਹ ਨਾ ਪਹੁੰਚਿਆ । ਪਰਿਵਾਰ ਮੁਤਾਬਕ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਨਾਲ ਸਬੰਧਤ ਅਧਿਕਾਰੀਆਂ ਵੱਲੋਂ ਫੋਨ ਆਇਆ ਕਿ ਭੁਪਿੰਦਰ ਦਾ ਬੈਗ ਅਤੇ ਹੋਰ ਸਾਮਾਨ ਦਿੱਲੀ ਏਅਰਪੋਰਟ ਪਹੁੰਚ ਗਿਆ ਹੈ, ਜਿਸ ਨੂੰ ਪਰਿਵਾਰ ਆ ਕੇ ਲੈ ਸਕਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਨੌਜਵਾਨ ਦਾ ਸਾਮਾਨ ਦਿੱਲੀ ਪਹੁੰਚ ਗਿਆ, ਉਸ ਭੁਪਿੰਦਰ ਸਿੰਘ ਦਾ ਖੁਦ ਅਜੇ ਤੱਕ ਕੋਈ ਅਤਾ-ਪਤਾ ਨਹੀਂ ਲੱਗ ਸਕਿਆ।
ਪੁੱਤਰ ਦੇ ਲਾਪਤਾ ਹੋਣ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੂੰ ਸਭ ਤੋਂ ਵੱਧ ਚਿੰਤਾ ਇਸ ਗੱਲ ਦੀ ਹੈ ਕਿ ਭੁਪਿੰਦਰ ਸਰੀਰਕ ਤੌਰ 'ਤੇ ਤੁਰਨ-ਫਿਰਨ ਤੋਂ ਅਸਮਰੱਥ ਹੋਣ ਦੇ ਨਾਲ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਹੈ ਅਤੇ ਉਸ ਕੋਲ ਪਾਸਪੋਰਟ ਵੀ ਨਹੀਂ ਦੱਸਿਆ ਜਾ ਰਿਹਾ।
ਪਰਿਵਾਰ ਨੇ ਭਾਰਤ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਦੁਬਈ ਤੇ ਦਿੱਲੀ ਏਅਰਪੋਰਟ ਦੇ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭੁਪਿੰਦਰ ਸਿੰਘ ਦੀ ਭਾਲ ਕੀਤੀ ਜਾਵੇ ਅਤੇ ਉਸ ਨੂੰ ਸੁਰੱਖਿਅਤ ਪਰਿਵਾਰ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਜਾਵੇ।
ਪਰਿਵਾਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਭੁਪਿੰਦਰ ਦੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਪਰਿਵਾਰ ਨੂੰ ਇਤਲਾਹ ਦਿੱਤੀ ਜਾਵੇ.
- Download Babushahi App
-
-