USA: ਫਰੀਮੌਂਟ ਵਿੱਚ 27 ਸਤੰਬਰ 2026 ਨੂੰ ਹੋਵੇਗੀ ਵਿਪਸਾ ਦੀ 26ਵੀਂ ਅੰਤਰਰਾਸ਼ਟਰੀ ਕਾਨਫਰੰਸ
ਡਾ. ਨਬੀਲਾ ਰਹਿਮਾਨ, ਡਾ. ਰਾਜੇਸ਼ ਸ਼ਰਮਾ ਤੇ ਡਾ. ਆਤਮ ਸਿੰਘ ਰੰਧਾਵਾ ਵਿਸ਼ੇਸ਼ ਤੌਰ ’ਤੇ ਹੋਣਗੇ ਸ਼ਾਮਲ
ਹਰਦਮ ਮਾਨ
ਹੇਵਰਡ, 10 ਅਗਸਤ 2026-ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾ), ਕੈਲੀਫੋਰਨੀਆ ਵੱਲੋਂ ਸਿਲਵਰ ਜੁਬਲੀ ਸਮਾਗਮ ਦੀ ਸਫ਼ਲਤਾ ਤੋਂ ਬਾਅਦ ਹੁਣ ਆਪਣੀ 26ਵੀਂ ਅੰਤਰਰਾਸ਼ਟਰੀ ਕਾਨਫਰੰਸ 27 ਸਤੰਬਰ 2026 ਨੂੰ ਫਰੀਮੌਂਟ ਵਿਖੇ ਕਰਵਾਈ ਜਾ ਰਹੀ ਹੈ। ਇਹ ਕਾਨਫਰੰਸ Paradise Ballroom, 4100 Peralta Boulevard, Fremont, California ਵਿਖੇ ਹੋਵੇਗੀ।
ਅਕਾਦਮੀ ਦੇ ਪ੍ਰਧਾਨ ਅਤੇ ਪ੍ਰਸਿੱਧ ਸ਼ਾਇਰ ਕੁਲਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਲਹਿੰਦੇ ਪੰਜਾਬ ਦੀ ਉੱਘੀ ਚਿੰਤਕ ਅਤੇ ਵਿਦਵਾਨ ਡਾ. ਨਬੀਲਾ ਰਹਿਮਾਨ, ਜਦਕਿ ਚੜ੍ਹਦੇ ਪੰਜਾਬ ਤੋਂ ਪ੍ਰਸਿੱਧ ਵਿਦਵਾਨ ਡਾ. ਰਾਜੇਸ਼ ਸ਼ਰਮਾ ਅਤੇ ਡਾ. ਆਤਮ ਸਿੰਘ ਰੰਧਾਵਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਇਨ੍ਹਾਂ ਵਿਦਵਾਨਾਂ ਦੀ ਸ਼ਮੂਲੀਅਤ ਨਾਲ ਕਾਨਫਰੰਸ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੁੜੇ ਸਮਕਾਲੀ ਸਰੋਕਾਰਾਂ ’ਤੇ ਹੋਣ ਵਾਲੇ ਸੰਵਾਦ ਨੂੰ ਵਿਸ਼ੇਸ਼ ਮਹੱਤਵ ਮਿਲਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਪੰਜਾਬੀ ਦੇ ਸਾਹਿਤਕਾਰ, ਵਿਦਵਾਨ, ਬੁੱਧੀਜੀਵੀ, ਲੇਖਕ ਅਤੇ ਪੰਜਾਬੀ ਭਾਸ਼ਾ-ਪ੍ਰੇਮੀ ਵੀ ਇਸ ਕਾਨਫਰੰਸ ਵਿੱਚ ਸ਼ਿਰਕਤ ਕਰਨਗੇ। ਕਾਨਫਰੰਸ ਦੌਰਾਨ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਰਤਮਾਨ ਸਰੋਕਾਰਾਂ, ਭਵਿੱਖ ਦੀਆਂ ਚੁਣੌਤੀਆਂ ਅਤੇ ਵਿਸ਼ਵ ਪੱਧਰ ’ਤੇ ਪੰਜਾਬੀ ਦੀ ਸਥਿਤੀ ਨਾਲ ਸਬੰਧਤ ਅਹਿਮ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਲੰਮੇ ਸਮੇਂ ਤੋਂ ਸਰਗਰਮ ਵਿਪਸਾ ਦੀ ਇਹ ਕਾਨਫਰੰਸ ਵਿਦੇਸ਼ੀ ਧਰਤੀ ’ਤੇ ਵੱਸਦੇ ਪੰਜਾਬੀ ਸਾਹਿਤਕਾਰਾਂ ਅਤੇ ਪੰਜਾਬ ਤੋਂ ਆਉਣ ਵਾਲੇ ਵਿਦਵਾਨਾਂ ਨੂੰ ਇੱਕ ਸਾਂਝੇ ਮੰਚ ’ਤੇ ਇਕੱਠਾ ਕਰਨ ਦਾ ਅਹਿਮ ਉਪਰਾਲਾ ਹੋਵੇਗੀ। ਖ਼ਾਸ ਕਰਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਿਦਵਾਨਾਂ ਦੀ ਸਾਂਝੀ ਹਾਜ਼ਰੀ ਇਸ ਸਮਾਗਮ ਨੂੰ ਪੰਜਾਬੀ ਸਾਹਿਤਕ ਸੰਵਾਦ ਦੇ ਪੱਖੋਂ ਹੋਰ ਵੀ ਮਹੱਤਵਪੂਰਨ ਬਣਾਵੇਗੀ।
ਵਿਪਸਾ ਪ੍ਰਧਾਨ ਨੇ ਦੱਸਿਆ ਕਿ ਕਾਨਫਰੰਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਆਉਣ ਵਾਲੀ ਅਗਸਤ ਮਹੀਨੇ ਦੀ ਸਾਹਿਤਕ ਮੀਟਿੰਗ ਦੌਰਾਨ ਕਾਨਫਰੰਸ ਦੇ ਵਿਸਥਾਰਤ ਪ੍ਰੋਗਰਾਮ, ਵਿਚਾਰ-ਚਰਚਾ ਦੇ ਵਿਸ਼ਿਆਂ ਅਤੇ ਹੋਰ ਗਤੀਵਿਧੀਆਂ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
- Download Babushahi App
-
-