ਸ਼ਹੀਦ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਜਸਜੀਤ ਸਿੰਘ ਸਮੁੰਦਰੀ ਦੀ ਪਹਿਲੀ ਬਰਸੀ ਮੌਕੇ ਨਾਮਵਰ ਹਸਤੀਆਂ ਅਤੇ ਸੈਂਕੜੇ ਲੋਕਾਂ ਵੱਲੋਂ ਭਰਪੂਰ ਸ਼ਰਧਾਂਜਲੀਆਂ
ਬਰਸੀ ਮੌਕੇ ਤਰਨਜੀਤ ਸਿੰਘ ਸਮੁੰਦਰੀ ਵੱਲੋਂ ਡਿਗਰੀਆਂ ਦੇ ਨਾਲ ਹੁਨਰ ਵਧਾਉਣ 'ਤੇ ਜ਼ੋਰ
ਕੁਲਵਿੰਦਰ ਸਿੰਘ
ਅੰਮ੍ਰਿਤਸਰ 8 ਅਗਸਤ 2026- ਦਿੱਲੀ ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸਮੁੰਦਰੀ ਆਪਣੇ ਭਰਾ ਜਸਜੀਤ ਸਿੰਘ ਸਮੁੰਦਰੀ ਦੀ ਪਹਿਲੀ ਬਰਸੀ ਮੌਕੇ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਰਣਜੀਤ ਐਵਨਿਊ ਸਥਿਤ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਜਸਜੀਤ ਸਿੰਘ ਸਮੁੰਦਰੀ ਦੀ ਯਾਦ ਵਿੱਚ ਬਰਸੀ ਸਮਾਗਮ ਕਰਵਾਇਆ ਗਿਆ, ਜਿੱਥੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸਮੁੰਦਰੀ ਨੇ ਆਪਣੇ ਭਰਾ ਜਸਜੀਤ ਸਿੰਘ ਸਮੁੰਦਰੀ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਸਰਵਿਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨਾਲ ਜੁੜੇ ਰਹੇ, ਪਰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।

ਤਰਨਜੀਤ ਸਿੰਘ ਸਮੁੰਦਰੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਸਿੱਖਿਆ ਨਾਲ ਜੁੜੀ ਵਿਰਾਸਤ ਪੁਰਾਣੀ ਹੈ। ਉਨ੍ਹਾਂ ਦੱਸਿਆ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਵੱਲੋਂ 1917 ਵਿੱਚ ਸੂਹੇਵਾਲੀ ਵਿੱਚ ਦੋ ਸਕੂਲ ਸ਼ੁਰੂ ਕੀਤੇ ਗਏ ਸਨ ਅਤੇ ਇਹ ਸਿੱਖਿਆ ਸੰਸਥਾਵਾਂ ਅੱਜ ਵੀ ਜਾਰੀ ਹਨ। ਉਨ੍ਹਾਂ ਕਿਹਾ ਕਿ 2026 ਵਿੱਚ ਵੀ ਸਿੱਖਿਆ ਦੀ ਲੋੜ ਓਨੀ ਹੀ ਮਹੱਤਵਪੂਰਨ ਹੈ ਅਤੇ ਸਭ ਤੋਂ ਵੱਡੀ ਸ਼ਰਧਾਂਜਲੀ ਇਹ ਹੋਵੇਗੀ ਕਿ ਇਨ੍ਹਾਂ ਸੰਸਥਾਵਾਂ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਰਫ਼ ਡਿਗਰੀਆਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਉਨ੍ਹਾਂ ਕੋਲ ਹੁਨਰ ਵੀ ਹੋਣੇ ਚਾਹੀਦੇ ਹਨ, ਤਾਂ ਜੋ ਉਹ ਆਪਣੇ ਪਰਿਵਾਰਾਂ ਦੀ ਆਮਦਨ ਵਧਾਉਣ ਵਿੱਚ ਯੋਗਦਾਨ ਪਾ ਸਕਣ।

ਅੰਮ੍ਰਿਤਸਰ ਨਾਲ ਆਪਣੇ ਪੁਰਾਣੇ ਸਬੰਧ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ 'ਵਿਕਸਿਤ ਅੰਮ੍ਰਿਤਸਰ' ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 50 ਬੱਚਿਆਂ ਲਈ ਅੱਠ ਹਫ਼ਤਿਆਂ ਦਾ AI ਡਿਪਲੋਮਾ ਕੋਰਸ ਕਰਵਾਇਆ ਗਿਆ, ਜੋ ਕਿ ਨੌਜਵਾਨਾਂ ਬਿਲਕੁਲ ਮੁਫ਼ਤ ਕਰਵਾਇਆ ਗਿਆ ਹੈ। LG ਨੇ ਕਿਹਾ ਕਿ ਸਮਾਜ ਨਾਲ ਜੁੜੇ ਲੋਕ ਜੇਕਰ ਆਪਣੇ ਤਜ਼ਰਬੇ ਅਤੇ ਸਮਰੱਥਾ ਵਿੱਚੋਂ ਥੋੜ੍ਹਾ ਜਿਹਾ ਵੀ ਅਗਲੀ ਪੀੜ੍ਹੀ ਲਈ ਯੋਗਦਾਨ ਪਾਉਣ, ਤਾਂ ਨੌਜਵਾਨਾਂ ਲਈ ਬਹੁਤ ਕੁਝ ਕੀਤਾ ਜਾ ਸਕਦਾ ਹੈ। ਓਹਨਾ ਵਿਦੇਸ਼ਾਂ ਚ ਬੈਠੇ ਪਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਓਹੋ ਆਪਣੇ ਪੰਜਾਬ ਨੂੰ ਕੁਝ ਵਾਪਿਸ ਦੇਣ ਬਾਰੇ ਸੋਚਣ ਤਾਂ ਹੀ ਪੰਜਾਬ ਦਾ ਵਿਕਾਸ ਸੰਭਵ ਹੈ।

ਜ਼ਿਕਰਯੋਗ ਹੈ ਕਿ ਸ ਤੇਜਾ ਸਿੰਘ ਸਮੁੰਦਰੀ ਦੀ 100 ਵੀ ਬਰਸੀ ਮੌਕੇ 10 ਅਗਸਤ ਨੂੰ ਇਕ ਸਨਮਾਨ ਪ੍ਰੋਗਰਾਮ ਡਾਕਟਰ ਅਵਤਾਰ ਸਿੰਘ, ਅਮਨਦੀਪ ਹਸਪਤਾਲ ਵੱਲੋਂ ਰੱਖਿਆ ਗਿਆ ਹੈ ਜਿੱਥੇ ਤਰਨਜੀਤ ਸਿੰਘ ਸਮੁੰਦਰੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਬਰਸੀ ਮੌਕੇ ਤਰਨਜੀਤ ਸਿੰਘ ਸੰਧੂ ਦੇ ਵੱਡੇ ਭਰਾਤਾ ਜਸਜੀਤ ਸਿੰਘ ਸੰਧੂ ਸਮੁੰਦਰੀ ਦੀ ਸਪੁੱਤਰੀ ਜਸਲੀਨ ਕੌਰ ਅਤੇ ਤਰਨਜੀਤ ਸਿੰਘ ਸਮੁੰਦਰੀ ਦੇ ਦੋਹਤੇ ਮਹਿਤਾਬ ਸਿੰਘ ਵੱਲੋਂ ਜਸਜੀਤ ਸਿੰਘ ਸਮੁੰਦਰੀ ਦੀ ਯਾਦ ਚ ਭਾਵੁਕ ਸ਼ਬਦ ਵੀ ਸ਼ਰਧਾਂਜ਼ਲੀ ਵਜੋਂ ਕਹੇ ਗਏ। ਇਸ ਮੌਕੇ ਸ਼ਹਿਰ ਦੇ ਹੋਰਨਾਂ ਪਤਵੰਤਿਆਂ ਸੱਜਣਾ ਤੋਂ ਇਲਾਵਾ ਸਾਬਕਾ ਡਿਪਟੀ ਚੀਫ਼ ਮਨਿਸਟਰ ਓਮ ਪ੍ਰਕਾਸ਼ ਸੋਨੀ, ਬਾਬੂਸ਼ਾਹੀ (Babushahi.com) ਦੇ ਸੰਪਾਦਕ ਬਲਜੀਤ ਬੱਲੀ, TZ Food & Life ਤੋਂ ਤ੍ਰਿਪਤਾ ਕੰਧਾਰੀ, ਵਿਧਾਇਕ ਕੁੰਵਰ ਵਿਜੈ ਪਰਤਾਪ ਸਿੰਘ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ, ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ, ਰਜੇਸ਼ ਹਨੀ ਗੁਰਪ੍ਰਤਾਪ ਸਿੰਘ ਟਿੱਕਾ ਡਾਕਟਰ ਅਵਤਾਰ ਸਿੰਘ ਅਮਨਦੀਪ ਹਸਪਤਾਲ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ ਪ੍ਰੋਫ਼ ਰੰਧਾਵਾ, ਵੀ ਮੌਜੂਦ ਸਨ। ਵਿਸ਼ੇਸ਼ ਤੌਰ ਤੇ ਰਾਜ ਸਭਾ ਸੰਸਦ ਮੈਂਬਰ ਅਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਵਲੋਂ ਰਾਜੇਸ਼ ਮਹਿਤਾ ਜੀ ਦੇ ਹੱਥ ਸ਼ੋਕ ਸੁਨੇਹਾ ਭੇਜਿਆ ਗਿਆ।
- Download Babushahi App
-
-