Canada: ਸਰੀ ਵਿਚ ਗ਼ਜ਼ਲ ਮੰਚ ਦੇ ਸ਼ਾਇਰਾਂ ਨੇ ਨਾਮਵਰ ਸ਼ਾਇਰ ਦਰਸ਼ਨ ਬੁੱਟਰ ਦਾ 72ਵਾਂ ਜਨਮ ਦਿਨ ਮਨਾਇਆ
ਹਰਦਮ ਮਾਨ
ਸਰੀ, 11 ਅਕਤੂਬਰ 2025-ਗ਼ਜ਼ਲ ਮੰਚ ਸਰੀ ਵੱਲੋਂ ਭਾਰਤੀ ਸਾਹਿਤ ਅਕੈਡਮੀ ਅਵਾਰਡ ਨਾਲ ਸਨਮਾਨਿਤ ਪੰਜਾਬੀ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦਾ 72ਵਾਂ ਜਨਮ ਦਿਨ ਮਨਾਇਆ ਗਿਆ। ਸ਼ਾਇਰਾ ਸੁਖਜੀਤ ਹੁੰਦਲ ਦੇ ਸਾਊਥ ਸਰੀ ਸਥਿਤ ਨਿਵਾਸ ਸਥਾਨ ‘ਤੇ ਦਰਸ਼ਨ ਬੁੱਟਰ ਦੇ ਮਾਣ ਵਿਚ ਇਕ ਸੰਖੇਪ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਪਾਕਿਸਤਾਨ ਦੀ ਮਹਿਬੂਬ ਪੰਜਾਬੀ ਸ਼ਾਇਰਾ ਤਾਹਿਰਾ ਸਰਾ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਗ਼ਜ਼ਲ ਮੰਚ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਦਰਸ਼ਨ ਬੁੱਟਰ ਦਾ ਸਵਾਗਤ ਕੀਤਾ ਗਿਆ। ਦਰਸ਼ਨ ਬੁੱਟਰ ਨੇ ‘ਬਰਥ ਡੇ’ ਕੇਕ ਕੱਟਿਆ ਅਤੇ ਗ਼ਜ਼ਲ ਮੰਚ ਦੇ ਮੈਂਬਰਾਂ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਿਆਂ ਉਹਨਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ। ਦਰਸ਼ਨ ਬੁੱਟਰ ਨੇ ਇਸ ਮਾਣ ਸਤਿਕਾਰ ਲਈ ਗ਼ਜ਼ਲ ਮੰਚ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਦਰਸ਼ਨ ਬੁੱਟਰ ਅਤੇ ਤਾਹਿਰਾ ਸਰਾ ਨੇ ਆਪਣੀ ਸ਼ਾਇਰੀ ਰਾਹੀਂ ਜਨਮ ਦਿਨ ਦੀ ਮਹਿਫ਼ਿਲ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ। ਦਰਸ਼ਨ ਬੁੱਟਰ ਨੇ ਆਪਣੀਆਂ ਪਿਆਰੀਆਂ ਅਤੇ ਮਕਬੂਲ ਨਜ਼ਮਾਂ-ਭਾਨਾ ਭਾਨੀਮਾਰ, ਘੀਚਰ ਦੀ ਘੀਚੋ, ਸੀਧੇ ਵਾਲੀ ਪਰਚੀ ਅਤੇ ਹੋਰ ਨਜ਼ਮਾਂ ਤੋਂ ਬਾਅਦ ਇਕ ਗੀਤ ਤਰੰਨੁਮ ਪੇਸ਼ ਕਰ ਕੇ ਖੂਬ ਵਾਹ ਵਾਹ ਲੁੱਟੀ। ਤਾਹਿਰਾ ਸਰਾ ਨੇ ਆਪਣੀਆਂ ਬਹੁਤ ਹੀ ਸੰਜੀਦਾ ਗ਼ਜ਼ਲਾਂ ਅਤੇ ਬੋਲੀਆਂ ਨਾਲ ਗ਼ਜ਼ਲ ਮੰਚ ਦੇ ਮੈਂਬਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਇਸ ਮੌਕੇ ਗ਼ਜ਼ਲ ਮੰਚ ਦੇ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਦਸ਼ਮੇਸ਼ ਗਿੱਲ ਫ਼ਿਰੋਜ਼, ਸੁਖਜੀਤ ਹੁੰਦਲ ਅਤੇ ਹਰਦਮ ਮਾਨ ਨੇ ਆਪਣੀਆਂ ਗ਼ਜ਼ਲਾਂ ਨਾਲ ਹਾਜਰੀ ਲੁਆਈ। ਇਸ ਮਹਿਫ਼ਿਲ ਦੇ ਹੋਸਟ ਹਰਿੰਦਰ ਹੁੰਦਲ, ਮਿਸਜ਼ ਰਾਜਵੰਤ ਰਾਜ ਅਤੇ ਮਿਸਜ਼ ਦਵਿੰਦਰ ਗੌਤਮ ਨੇ ਵੀ ਸਮੁੱਚੇ ਪ੍ਰੋਗਰਾਮ ਦਾ ਆਨੰਦ ਮਾਣਿਆ।