ਸ਼ਰਾਬ ਦੇ ਨਸ਼ੇ ’ਚ ਦੋਸਤ ਦਾ ਕਤਲ, ਲਾਸ਼ ਗਲੀ ’ਚ ਸੁੱਟੀ; ਮੁਲਜ਼ਮ ਗ੍ਰਿਫ਼ਤਾਰ
ਥਾਣਾ ਟਿੱਬਾ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾਇਆ ਕਤਲ ਮਾਮਲਾ, ਮੁਲਜ਼ਮ ਦਾ 4 ਦਿਨ ਦਾ ਪੁਲਿਸ ਰਿਮਾਂਡ

ਸੁਖਮਿੰਦਰ ਭੰਗੂ
ਲੁਧਿਆਣਾ, 10 ਅਗਸਤ 2026
ਥਾਣਾ ਟਿੱਬਾ ਪੁਲਿਸ ਨੇ ਗਲੀ ਵਿੱਚ ਕੱਪੜੇ ਵਿੱਚ ਲਪੇਟੀ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ ਦੇ ਮਾਮਲੇ ਨੂੰ ਸੁਲਝਾਉਂਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਹਰਸ਼ ਕੁਮਾਰ ਪੁੱਤਰ ਸੋਮਨਾਥ, ਵਾਸੀ ਗਲੀ ਨੰਬਰ 4, ਪ੍ਰੀਤ ਨਗਰ, ਨੇੜੇ ਮਸਜਿਦ, ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਨੇ ਉਸ ਨੂੰ 8 ਅਗਸਤ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਤੋਂ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
ਪੁਲਿਸ ਅਨੁਸਾਰ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ 6 ਅਗਸਤ ਦੀ ਸਵੇਰ ਰਿੰਕੂ ਪੁੱਤਰ ਬਾਲ ਕ੍ਰਿਸ਼ਨ, ਵਾਸੀ ਨਿਊ ਸ਼ਕਤੀ ਨਗਰ, ਥਾਣਾ ਟਿੱਬਾ, ਆਪਣੇ ਘਰ ਤੋਂ ਬਾਹਰ ਆਇਆ। ਉਸ ਨੇ ਘਰ ਦੇ ਬਾਹਰ ਗਲੀ ਵਿੱਚ ਕੱਪੜੇ ਵਿੱਚ ਲਪੇਟੀ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਦੇਖੀ। ਲਾਸ਼ ਦੇ ਸਿਰ ਅਤੇ ਮੂੰਹ ’ਤੇ ਖੂਨ ਦੇ ਨਿਸ਼ਾਨ ਸਨ।
ਰਿੰਕੂ ਨੇ ਤੁਰੰਤ ਇਸ ਦੀ ਸੂਚਨਾ ਆਸ-ਪਾਸ ਦੇ ਲੋਕਾਂ, ਇਲਾਕੇ ਦੀ ਕੌਂਸਲਰ ਦੇ ਪਤੀ ਅਨੁਜ ਚੌਧਰੀ ਅਤੇ ਪੁਲਿਸ ਨੂੰ ਦਿੱਤੀ। ਸ਼ੁਰੂਆਤੀ ਜਾਂਚ ਦੌਰਾਨ ਸ਼ੱਕ ਜਤਾਇਆ ਗਿਆ ਕਿ ਕਿਸੇ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਕਤਲ ਕਰਨ ਤੋਂ ਬਾਅਦ ਜੁਰਮ ਦੇ ਸਬੂਤ ਛੁਪਾਉਣ ਦੀ ਨੀਅਤ ਨਾਲ ਲਾਸ਼ ਨੂੰ ਰਾਤ ਸਮੇਂ ਗਲੀ ਵਿੱਚ ਸੁੱਟਿਆ ਗਿਆ।
ਇਸ ਸਬੰਧੀ ਥਾਣਾ ਟਿੱਬਾ ਵਿੱਚ ਮੁਕੱਦਮਾ ਨੰਬਰ 180 ਮਿਤੀ 07-08-2026, ਧਾਰਾ 103 ਅਤੇ 238 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਸ਼ਨਾਖਤ ਲਈ ਇਸ਼ਤਿਹਾਰ ਜਾਰੀ ਕਰਵਾਉਣ ਸਮੇਤ ਹੋਰ ਲੋੜੀਂਦੇ ਯਤਨ ਕੀਤੇ ਜਾ ਰਹੇ ਹਨ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਤਲ ਦਾ ਕਾਰਨ
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਹਰਸ਼ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅਤੇ ਰਿਤਿਕ ਇਕੱਠੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਦੋਵਾਂ ਵਿਚਕਾਰ ਝਗੜਾ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜ਼ਿਆਦਾ ਸ਼ਰਾਬ ਪੀਤੀ ਹੋਣ ਕਾਰਨ ਹੋਏ ਝਗੜੇ ਦੌਰਾਨ ਹਰਸ਼ ਕੁਮਾਰ ਵੱਲੋਂ ਰਿਤਿਕ ਦਾ ਕਤਲ ਹੋ ਗਿਆ। ਇਸ ਤੋਂ ਬਾਅਦ ਲਾਸ਼ ਨੂੰ ਗਲੀ ਵਿੱਚ ਸੁੱਟ ਦਿੱਤਾ ਗਿਆ।
ਪੁਲਿਸ ਵੱਲੋਂ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਨਾਲ ਸਬੰਧਤ ਹੋਰ ਤੱਥਾਂ ਅਤੇ ਘਟਨਾ ਦੀ ਪੂਰੀ ਕੜੀ ਦਾ ਪਤਾ ਲਗਾਇਆ ਜਾ ਸਕੇ।
ਪੁਲਿਸ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀ ਗਈ। ਡੀ.ਸੀ.ਪੀ. ਦਿਹਾਤੀ ਜਸਕਿਰਨਜੀਤ ਸਿੰਘ ਤੇਜਾ, ਏ.ਡੀ.ਸੀ.ਪੀ. ਜ਼ੋਨ-1 ਜਸ਼ਨਦੀਪ ਸਿੰਘ ਗਿੱਲ ਅਤੇ ਏ.ਸੀ.ਪੀ. ਇੰਡਸਟਰੀ ਏਰੀਆ-ਏ ਕਮ ਐਡੀਸ਼ਨਲ ਚਾਰਜ ਏ.ਸੀ.ਪੀ. ਪੂਰਬੀ ਇੰਦਰਜੀਤ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਥਾਣਾ ਟਿੱਬਾ ਦੇ ਐੱਸ.ਐੱਚ.ਓ. ਇੰਸਪੈਕਟਰ ਗਗਨਪ੍ਰੀਤ ਸਿੰਘ ਅਤੇ ਪੁਲਿਸ ਪਾਰਟੀ ਵੱਲੋਂ ਕਾਰਵਾਈ ਕੀਤੀ ਗਈ।
- Download Babushahi App
-
-