ਚੰਨੀ ਧੜੇ ਦੀਆਂ ਬੈਠਕਾਂ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ; ਕਿਹਾ- ਜਲਦੀ ਇੱਕ ਮੰਚ 'ਤੇ ਦਿਖਣਗੇ ਸਾਰੇ ਲੀਡਰ
ਚੰਡੀਗੜ੍ਹ, 06 ਜੁਲਾਈ 2026- ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀਆਂ ਸਿਆਸੀ ਸਰਗਰਮੀਆਂ ਅਤੇ ਧੜੇਬੰਦੀ ਦੀਆਂ ਚਰਚਾਵਾਂ ਦੇ ਵਿਚਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇੱਕ ਬਹੁਤ ਹੀ ਵੱਡਾ ਅਤੇ ਅਹਿਮ ਬਿਆਨ ਸਾਹਮਣੇ ਆਇਆ ਹੈ। ਸਾਬਕਾ ਮੁੱਖ ਮੰਤਰੀ & MP ਚਰਨਜੀਤ ਸਿੰਘ ਚੰਨੀ ਦੇ ਧੜੇ ਵੱਲੋਂ ਮੋਰਿੰਡਾ ਅਤੇ ਮੋਹਾਲੀ ਵਿਖੇ ਕੀਤੀਆਂ ਗਈਆਂ ਮੀਟਿੰਗਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਜਾ ਵੜਿੰਗ ਨੇ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਫੁੱਟ ਤੋਂ ਸਾਫ਼ ਇਨਕਾਰ ਕੀਤਾ ਹੈ।
ਰਾਜਾ ਵੜਿੰਗ ਨੇ ਵਿਰੋਧੀਆਂ ਅਤੇ ਮੀਡੀਆ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ, "ਮੋਰਿੰਡਾ ਵਿਖੇ ਹੋਈ ਮੀਟਿੰਗ ਕੋਈ ਪੀਓਕੇ (POK) ਦੀ ਮੀਟਿੰਗ ਨਹੀਂ ਸੀ, ਜਿਸ ਨੂੰ ਇੰਨਾ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈ।" ਉਨ੍ਹਾਂ ਸਪੱਸ਼ਟ ਕੀਤਾ ਕਿ ਮੋਰਿੰਡਾ ਅਤੇ ਮੋਹਾਲੀ ਵਿੱਚ ਹੋ ਰਹੀਆਂ ਇਹ ਬੈਠਕਾਂ ਕਿਸੇ ਬਗਾਵਤ ਦਾ ਹਿੱਸਾ ਨਹੀਂ, ਬਲਕਿ ਪਾਰਟੀ ਦੀ ਮਜਬੂਤੀ ਲਈ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਅੰਦਰ ਕਾਂਗਰਸ ਨੂੰ ਹੋਰ ਤਕੜਾ ਕਰਨ ਲਈ ਲਗਾਤਾਰ ਅਜਿਹੀਆਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ।
ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਨਾਲ ਇਕੱਠੀ ਅਤੇ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਬਹੁਤ ਜਲਦ ਇਹ ਏਕਤਾ ਦੇਖਣ ਨੂੰ ਮਿਲੇਗੀ, ਕਿਉਂਕਿ ਅਗਲੇ ਇੱਕ-ਦੋ ਦਿਨਾਂ ਦੇ ਅੰਦਰ-ਅੰਦਰ ਕਾਂਗਰਸ ਦੇ ਸਾਰੇ ਸੀਨੀਅਰ ਲੀਡਰ ਇੱਕੋ ਮੰਚ 'ਤੇ ਇਕੱਠੇ ਨਜ਼ਰ ਆਉਣਗੇ।
ਇਸ ਦੌਰਾਨ ਰਾਜਾ ਵੜਿੰਗ ਨੇ ਮੀਡੀਆ ਦੇ ਇੱਕ ਹਿੱਸੇ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ 'ਸੂਤਰਾਂ ਦੇ ਹਵਾਲੇ' ਨਾਲ ਪਾਰਟੀ ਵਿੱਚ ਕਲੇਸ਼ ਅਤੇ ਫੁੱਟ ਦੀਆਂ ਝੂਠੀਆਂ ਖ਼ਬਰਾਂ ਚਲਾਉਣੀਆਂ ਬੰਦ ਕੀਤੀਆਂ ਜਾਣ। ਜੋ ਵੀ ਸੱਚਾਈ ਹੈ, ਉਹ ਅਸੀਂ ਖੁਦ ਬਿਲਕੁਲ ਸਾਫ਼ ਤੌਰ 'ਤੇ ਮੀਡੀਆ ਦੇ ਸਾਹਮਣੇ ਰੱਖ ਰਹੇ ਹਾਂ ਅਤੇ ਪਾਰਟੀ ਅੰਦਰ ਸਭ ਕੁਝ ਠੀਕ-ਠਾਕ ਹੈ।
- Download Babushahi App
-
-