Justice For Jasmine! ਅਮਰੀਕਾ 'ਚ ਜੈਸਮੀਨ ਦੇ ਕਤਲ ਦਾ ਮਾਮਲਾ; ਸਹੁਰੇ ਪਿੰਡ ਨੇ ਮਾਰਿਆ ਹਾਅ ਦਾ ਨਾਅਰਾ, ਪੰਚਾਇਤ ਨੇ ਪਾਇਆ ਸ਼ੋਕ ਮਤਾ
Babushahi Network
ਲੁਧਿਆਣਾ/ ਅਮਰੀਕਾ, 24 ਅਕਤੂਬਰ 2026: Justice For Jasmine! ਅਮਰੀਕਾ ਵਿਖੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਗਈ ਪਿੰਡ ਡਾਲਾ ਦੀ ਨੂੰਹ ਜੈਸਮੀਨ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਉਸ ਦੇ ਸਹੁਰੇ ਪਿੰਡ ਡਾਲਾ ਦੇ ਨਿਵਾਸੀਆਂ ਨੇ ਡਟ ਕੇ ਆਵਾਜ਼ ਬੁਲੰਦ ਕੀਤੀ ਹੈ। ਜ਼ਿਕਰਯੋਗ ਹੈ ਕਿ ਲੰਘੀ 30 ਸਤੰਬਰ ਦੀ ਰਾਤ ਨੂੰ ਅਮਰੀਕਾ ਵਿੱਚ ਜੈਸਮੀਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਾਤਲਾਂ ਨੇ ਅਪਰਾਧ ਲੁਕਾਉਣ ਦੀ ਨੀਅਤ ਨਾਲ ਉਸ ਦੀ ਮ੍ਰਿਤਕ ਦੇਹ ਨੂੰ ਜੰਗਲ ਵਿੱਚ ਲੈ ਜਾ ਕੇ ਅੱਗ ਲਗਾ ਦਿੱਤੀ ਸੀ।
ਇਸ ਘਿਨਾਉਣੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਅਮਰੀਕਾ ਦੇ ਸੈਕਰਾਮੈਂਟੋ ਸ਼ਹਿਰ, ਜਿੱਥੇ ਜੈਸਮੀਨ ਆਪਣੇ ਸਹੁਰੇ ਪਰਿਵਾਰ ਨਾਲ ਰਹਿ ਰਹੀ ਸੀ, ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਜੈਸਮੀਨ ਦੇ ਪਤੀ ਗੁਰਿੰਦਰ ਗਿੱਲ ਨੂੰ ਹੀ ਇਸ ਕਤਲ ਦਾ ਮੁੱਖ ਦੋਸ਼ੀ ਠਹਿਰਾਉਂਦਿਆਂ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਅੱਗੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਇਸ ਦੁਖਦਾਈ ਘਟਨਾ ਤੋਂ ਬਾਅਦ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੇ ਭਾਈਚਾਰੇ ਵੱਲੋਂ "ਜੈਸਮੀਨ ਲਈ ਇਨਸਾਫ਼" (Justice for Jasmine) ਦੇ ਬੈਨਰ ਹੇਠ ਥਾਂ-ਥਾਂ ਇਕੱਤਰਤਾਵਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਜੈਸਮੀਨ ਦੇ ਸਹੁਰੇ ਪਿੰਡ ਡਾਲਾ ਦੀ ਗ੍ਰਾਮ ਪੰਚਾਇਤ ਨੇ ਵੀ ਵਿਸ਼ੇਸ਼ ਇਕੱਤਰਤਾ ਕਰਕੇ ਜੈਸਮੀਨ ਲਈ ਸ਼ੋਕ ਮਤਾ ਪਾਸ ਕੀਤਾ ਹੈ ਅਤੇ ਇਸ ਅਤੀ ਘਿਨਾਉਣੇ ਕਾਰਨਾਮੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਦੱਸਣਯੋਗ ਹੈ ਕਿ ਜੈਸਮੀਨ ਅਮਰੀਕਾ ਵਿੱਚ ਇੱਕ ਨਰਸ ਵਜੋਂ ਸੇਵਾਵਾਂ ਨਿਭਾ ਰਹੀ ਸੀ ਅਤੇ ਉਸ ਕੋਲ ਅਮਰੀਕਾ ਦਾ ਗ੍ਰੀਨ ਕਾਰਡ ਵੀ ਮੌਜੂਦ ਸੀ। ਕਾਤਲਾਂ ਵੱਲੋਂ ਇਸ ਘਿਨਾਉਣੇ ਕਤਲ ਨੂੰ ਛੁਪਾਉਣ ਅਤੇ ਪੁਲਿਸ ਨੂੰ ਗੁਮਰਾਹ ਕਰਨ ਲਈ ਇੱਕ ਝੂਠੀ ਕਹਾਣੀ ਘੜੀ ਗਈ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਜੈਸਮੀਨ ਨੂੰ ਅਮਰੀਕੀ ਇਮੀਗ੍ਰੇਸ਼ਨ ਵਿਭਾਗ (ICE) ਵੱਲੋਂ ਡਿਪੋਰਟ ਕਰਕੇ ਲਿਜਾਇਆ ਗਿਆ ਹੈ। ਪਰ ਸੈਕਰਾਮੈਂਟੋ ਪੁਲਿਸ ਦੀ ਬਾਰੀਕੀ ਨਾਲ ਕੀਤੀ ਜਾਂਚ ਦੌਰਾਨ ਇਹ ਬਿਆਨ ਪੂਰੀ ਤਰ੍ਹਾਂ ਝੂਠਾ ਅਤੇ ਗੁਮਰਾਹਕੁੰਨ ਸਾਬਤ ਹੋਇਆ, ਜਿਸ ਤੋਂ ਬਾਅਦ ਸੱਚਾਈ ਸਾਹਮਣੇ ਆਈ।
ਪੀੜਤ ਪਰਿਵਾਰ ਵੱਲੋਂ ਧੰਨਵਾਦ ਪੱਤਰ ਜਾਰੀ
ਦੂਜੇ ਪਾਸੇ, ਲੁਧਿਆਣਾ ਦੇ ਹੈਬੋਵਾਲ ਕਲਾਂ ਵਿਖੇ ਰਹਿੰਦੇ ਜੈਸਮੀਨ ਦੇ ਪਰਿਵਾਰ, ਜਿਨ੍ਹਾਂ ਵਿੱਚ ਉਸ ਦੀ ਮਾਤਾ ਸੁਖਵਿੰਦਰ ਕੌਰ, ਭਰਾ ਪਾਸ਼ ਅਤੇ ਭਾਬੀ ਹਰਸਿਮਰਨ ਕੌਰ ਸ਼ਾਮਲ ਹਨ, ਨੇ ਪਿੰਡ ਡਾਲਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
ਪਰਿਵਾਰ ਨੇ ਇੱਕ ਧੰਨਵਾਦ ਪੱਤਰ ਲਿਖ ਕੇ ਆਪਣੀ ਧੀ/ਨੂੰਹ ਲਈ ਆਵਾਜ਼ ਬੁਲੰਦ ਕਰਨ ਬਦਲੇ ਪਿੰਡ ਵਾਸੀਆਂ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਨੇ ਆਸ ਅਤੇ ਪੂਰਾ ਯਕੀਨ ਜਤਾਇਆ ਹੈ ਕਿ ਸਹੁਰੇ ਪਿੰਡ ਦੇ ਸਹਿਯੋਗ ਨਾਲ ਜੈਸਮੀਨ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਇਹ ਧੰਨਵਾਦ ਪੱਤਰ ਅੱਜ ਡਾਲਾ ਗ੍ਰਾਮ ਪੰਚਾਇਤ ਦੇ ਪਾਸ ਕੀਤੇ ਮਤੇ ਦੀ ਕਾਪੀ ਸਮੇਤ ਪ੍ਰੈਸ ਨੂੰ ਜਾਰੀ ਕੀਤਾ ਗਿਆ ਹੈ। ਮੀਡੀਆ ਨੂੰ ਇਹ ਸਾਰੀ ਜਾਣਕਾਰੀ ਜੈਸਮੀਨ ਦੇ ਭਰਾ ਪਾਸ਼ ਵੱਲੋਂ ਸਾਂਝੀ ਕੀਤੀ ਗਈ ਹੈ।