ਨਾਰਵੇ ਪੁੱਜਣ ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਿੱਖ ਸੰਗਤ ਵੱਲੋਂ ਭਰਵਾਂ ਸੁਆਗਤ
-ਚਾਰ ਦਿਨਾਂ ਦੇ ਨਾਰਵੇ ਦੌਰੇ ਮੌਕੇ, ਓਸਲੋ ਵਿਖੇ ਗੁਰਮਤਿ ਸਮਾਗਮ ’ਚ ਸ਼ਮੂਲੀਅਤ ਤੇ ਸਥਾਨਕ ਸਿੱਖ ਸੰਗਤ ਨਾਲ ਕਰਨਗੇ ਵਿਚਾਰਾਂ
ਓਸਲੋ, ਨਾਰਵੇ, 23 ਅਕਤੂਬਰ-
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਚਾਰ ਦਿਨਾਂ ਲਈ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਦੀ ਪ੍ਰਬੰਧਕ ਕਮੇਟੀ ਦੇ ਸੱਦੇ ’ਤੇ ਨਾਰਵੇ ਦੇ ਦੌਰੇ ਉੱਤੇ ਬੀਤੀ ਰਾਤ ਓਸਲੋ ਪੁੱਜੇ। ਨਾਰਵੇ ਦੀ ਸਿੱਖ ਸੰਗਤ ਨੇ ਓਸਲੋ ਹਵਾਈ ਅੱਡੇ ਉੱਤੇ ਸਿੰਘ ਸਾਹਿਬ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਤੇ ਭਰਵਾਂ ਸੁਆਗਤ ਕੀਤਾ। ਨਾਰਵੇ ਦੌਰੇ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ ਵਿਖੇ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੇ ਨਾਲ-ਨਾਲ ਸਥਾਨਕ ਸਿੱਖ ਸੰਗਤ ਨਾਲ ਵੱਖ-ਵੱਖ ਮਾਮਲਿਆਂ ਸਬੰਧੀ ਵਿਚਾਰ ਚਰਚਾ ਵੀ ਕਰਨਗੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਆਪਣੇ ਮੂਲ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਵੱਸਦੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹਨ ਤੇ ਸੇਵਾ ਭਾਵਨਾ ਨਾਲ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਜਿੱਥੇ ਕਿਤੇ ਵੀ ਸਿੱਖ ਵੱਸੇ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਸਿੱਖੀ ਫੁਲਵਾੜੀ ਨੂੰ ਅਗਾਂਹ ਤੋਰਿਆ ਅਤੇ ਨਾਮਨਾ ਖੱਟਿਆ।
ਇਸ ਮੌਕੇ ਸ. ਗੁਰਦਿਆਲ ਸਿੰਘ ਪੱਡਾ, ਸ. ਪਰਮਜੀਤ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਓਸਲੋ, ਸ. ਕਸ਼ਮੀਰਾ ਸਿੰਘ, ਬੀਬੀ ਪਰਮਜੀਤ ਕੌਰ, ਸ. ਹਰਚਰਨ ਸਿੰਘ ਗਰੇਵਾਲ, ਸ. ਹਰਵੇਲ ਸਿੰਘ ਰੰਧਾਵਾ, ਸ. ਭੁਪਿੰਦਰ ਸਿੰਘ ਅਟਵਾਲ, ਸ. ਜਸਵੀਰ ਸਿੰਘ ਸ਼ੇਰਗਿੱਲ, ਸ. ਜਸਪਾਲ ਸਿੰਘ ਭੰਡਾਲ, ਸ. ਪਰਮਜੀਤ ਸਿੰਘ ਤੂਰ, ਸ. ਦਰਬਾਰਾ ਸਿੰਘ, ਸ. ਬਲਜੀਤ ਸਿੰਘ ਪੱਡਾ, ਸ. ਤੇਜਿੰਦਰ ਸਿੰਘ ਨਿੱਝਰ, ਸ. ਹਰਭਜਨ ਸਿੰਘ, ਸ. ਕਰਮਜੀਤ ਸਿੰਘ ਆਦਿ ਹਾਜ਼ਰ ਸਨ।