Canada: ਸਰੀ ਦੀਆਂ ਸਾਹਿਤਕ ਸੰਸਥਾਵਾਂ ਵੱਲੋਂ ਨੌਜਵਾਨ ਸ਼ਾਇਰ ਸੁਖਪ੍ਰੀਤ ਬਰਾੜ ਦਾ ਸਨਮਾਨ ਤੇ ਵਿਦਾਇਗੀ
ਹਰਦਮ ਮਾਨ
ਸਰੀ, 22 ਅਕਤੂਬਰ 2026 - ਸਰੀ ਦੀਆਂ ਸਾਹਿਤਕ ਸਰਗਰਮੀਆਂ ਵਿੱਚ ਪਿਛਲੇ ਡੇਢ ਸਾਲ ਤੋਂ ਆਪਣੀ ਹਾਜ਼ਰੀ, ਕਾਵਿਕ ਪ੍ਰਤਿਭਾ ਅਤੇ ਮਿਲਾਪੜੇ ਸੁਭਾਅ ਨਾਲ ਵਿਸ਼ੇਸ਼ ਥਾਂ ਬਣਾਉਣ ਵਾਲੇ ਨੌਜਵਾਨ ਸ਼ਾਇਰ ਸੁਖਪ੍ਰੀਤ ਬਰਾੜ ਨੂੰ ਪੰਜਾਬ ਵਾਪਸੀ ਮੌਕੇ ਸਾਹਿਤਕ ਸੰਸਥਾਵਾਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਸਰੀ-ਡੈਲਟਾ ਇੰਡੋ-ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਸਾਂਝੇ ਉੱਦਮ ਨਾਲ ਕਰਵਾਏ ਇਸ ਸਮਾਗਮ ਵਿੱਚ ਸਾਹਿਤਕਾਰਾਂ ਨੇ ਉਸ ਦੀ ਸ਼ਾਇਰੀ, ਸਾਹਿਤਕ ਲਗਨ ਅਤੇ ਨਿਮਰ ਸੁਭਾਅ ਦੀ ਭਰਪੂਰ ਸ਼ਲਾਘਾ ਕੀਤੀ।
ਸਰੀ-ਡੈਲਟਾ ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਵਿੱਚ ਹੋਏ ਇਸ ਸਮਾਗਮ ਦੀ ਸ਼ੁਰੂਆਤ ਕਰਦਿਆਂ ਸੈਂਟਰ ਦੇ ਸਕੱਤਰ ਹਰਚੰਦ ਸਿੰਘ ਗਿੱਲ ਨੇ ਸੁਖਪ੍ਰੀਤ ਬਰਾੜ ਦੇ ਸਾਹਿਤਕ ਸਫ਼ਰ ਅਤੇ ਸਭਾ ਨਾਲ ਜੁੜਨ ਤੋਂ ਬਾਅਦ ਉਸ ਦੀਆਂ ਨਿਰੰਤਰ ਸਰਗਰਮੀਆਂ ਦਾ ਜ਼ਿਕਰ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਉਸ ਦੀ ਕਲਮ ਦੀ ਪ੍ਰਸ਼ੰਸਾ ਕਰਦਿਆਂ ਉਸ ਨੂੰ ਭਵਿੱਖ ਦਾ ਸੰਭਾਵਨਾਵਾਂ ਭਰਪੂਰ ਸ਼ਾਇਰ ਕਰਾਰ ਦਿੱਤਾ। ਸੁਰਜੀਤ ਸਿੰਘ ਮਾਧੋਪੁਰੀ ਨੇ ਉਸ ਦੇ ਨਿਮਰ ਅਤੇ ਮਿਲਾਪੜੇ ਸੁਭਾਅ ਨੂੰ ਸਲਾਹਿਆ, ਜਦਕਿ ਜਸਵੀਰ ਸਿੰਘ ਭਲੂਰੀਆ ਨੇ ਉਸ ਦੀ ਮਿਹਨਤ, ਸਾਹਿਤਕ ਸਰਗਰਮੀ ਅਤੇ ਸਾਹਿਤਕਾਰਾਂ ਨਾਲ ਬਣਾਈ ਸਾਂਝ ਨੂੰ ਉਸ ਦੀ ਸ਼ਖ਼ਸੀਅਤ ਦਾ ਅਹਿਮ ਪੱਖ ਦੱਸਿਆ।
ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਦੇ ਸੰਸਥਾਪਕ ਪ੍ਰੋ. ਮਲੂਕ ਚੰਦ ਕਲੇਰ ਨੇ ਕਿਹਾ ਕਿ ਸੁਖਪ੍ਰੀਤ ਬਰਾੜ ਵਰਗੇ ਨੌਜਵਾਨ ਸ਼ਾਇਰ ਦਾ ਸਨਮਾਨ ਕਰਨਾ ਸਮੁੱਚੇ ਸਾਹਿਤਕ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉੱਘੇ ਗ਼ਜ਼ਲਗੋ ਅਤੇ ਪੱਤਰਕਾਰ ਹਰਦਮ ਮਾਨ ਨੇ ਸੁਖਪ੍ਰੀਤ ਨਾਲ ਜੁੜੀਆਂ ਆਪਣੀਆਂ ਸਾਹਿਤਕ ਯਾਦਾਂ ਸਾਂਝੀਆਂ ਕਰਦਿਆਂ ਉਸ ਦੀ ਕਾਵਿ-ਉਡਾਰੀ ਦੀ ਸ਼ਲਾਘਾ ਕੀਤੀ ਅਤੇ ਸੁਖਪ੍ਰੀਤ ਬਰਾੜ ਨੂੰ ਪੰਜਾਬ ਵਾਪਸੀ ਲਈ ਸ਼ੁਭਕਾਮਨਾਵਾਂ ਦਿੱਤੀਆਂ
ਇਸ ਮੌਕੇ ਸਰੀ ਡੈਲਟਾ ਇੰਡੋ ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਸੁਖਪ੍ਰੀਤ ਬਰਾੜ ਨੂੰ ਯਾਦਗਾਰੀ ਸਨਮਾਨ-ਚਿੰਨ੍ਹ ਭੇਟ ਕਰਕੇ ਉਸ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਯੋਗਦਾਨ ਦੀ ਕਦਰ ਕੀਤੀ ਗਈ। ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਸੁਖਪ੍ਰੀਤ ਦੇ ਸਾਹਿਤਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਮਾਗਮ ਵਿੱਚ ਸ਼ਾਮਲ ਸਭਨਾਂ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਮੱਲ੍ਹਾ, ਗੁਰਦਿਆਲ ਸਿੰਘ ਜੌਹਲ,ਸੁਰਜੀਤ ਸਿੰਘ ਗਿੱਲ,ਗੁਰਚਰਨ ਸਿੰਘ ਬਰਾੜ, ਮਾਸਟਰ ਅਮਰੀਕ ਸਿੰਘ ਲੇਹਲ, ਪਵਨ ਭੰਮੀਆਂ, ਪੱਤਰਕਾਰ ਨਿਰੰਜਨ ਸਿੰਘ ਲੇਹਲ ਅਤੇ ਗੁਰਚਰਨ ਸਿੰਘ ਨੱਥੂਵਾਲਾ (ਗਰਬੀ) ਸਮੇਤ ਹੋਰ ਸਾਹਿਤਕ ਸ਼ਖ਼ਸੀਅਤਾਂ ਹਾਜ਼ਰ ਸਨ। ਸੁਖਪ੍ਰੀਤ ਬਰਾੜ ਨੇ ਇਸ ਮਾਣ ਸਨਮਾਨ ਲਈ ਦੋਹਾਂ ਸੰਸਥਾਵਾਂ ਅਤੇ ਹਾਜਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।