Canada : ਪੰਜਾਬੀ ਔਰਤ ਦਾ ਕਤਲ; ਪਤੀ ਮਨਦੀਪ ਸਿੰਘ ਗ੍ਰਿਫ਼ਤਾਰ
ਲੰਡਨ (ਓਨਟਾਰੀਓ), 17 ਸਤੰਬਰ, 2026 : ਕੈਨੇਡਾ ਦੇ ਓਨਟਾਰੀਓ ਸੂਬੇ ਦੇ ਲੰਡਨ ਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਪਰਿਵਾਰ ਉਸ ਵੇਲੇ ਖੇਰੂੰ-ਖੇਰੂੰ ਹੋ ਗਿਆ ਜਦੋਂ ਇੱਕ ਔਰਤ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕਾ ਦੇ 41 ਸਾਲਾ ਪਤੀ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ 'ਤੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।
ਲੰਡਨ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਵਾਰਦਾਤ ਸਾਊਥ-ਈਸਟ ਲੰਡਨ ਦੇ ਸਮਰਸਾਈਡ ਇਲਾਕੇ ਵਿੱਚ ਚੈਲਟਨ ਰੋਡ 'ਤੇ ਸਥਿਤ ਇੱਕ ਘਰ ਵਿੱਚ ਮੰਗਲਵਾਰ ਸ਼ਾਮ ਨੂੰ ਵਾਪਰੀ। ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਔਰਤ ਬੇਹੱਦ ਗੰਭੀਰ ਅਤੇ ਨਾਜ਼ੁਕ ਹਾਲਤ ਵਿੱਚ ਮਿਲੀ। ਪੈਰਾਮੈਡਿਕਸ ਟੀਮ ਵੱਲੋਂ ਉਸਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਈ।
ਪੁਲਿਸ ਨੇ ਵਾਰਦਾਤ ਵਾਲੇ ਘਰ ਵਿੱਚ ਮੌਜੂਦ ਮ੍ਰਿਤਕਾ ਦੇ ਪਤੀ ਮਨਦੀਪ ਸਿੰਘ (41) ਨੂੰ ਮੌਕੇ ਤੋਂ ਹੀ ਹਿਰਾਸਤ ਵਿੱਚ ਲੈ ਲਿਆ। ਉਸ 'ਤੇ ਦੂਜੇ ਦਰਜੇ ਦੀ ਹੱਤਿਆ (ਸੈਕਿੰਡ ਡਿਗਰੀ ਮਰਡਰ) ਦੇ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਦੇ ਦੋ ਛੋਟੇ ਬੱਚੇ ਆਪਣੀ ਨਾਨੀ ਨਾਲ ਕਿਸੇ ਸੁਰੱਖਿਅਤ ਅਤੇ ਅਣਦੱਸੀ ਥਾਂ 'ਤੇ ਭੇਜ ਦਿੱਤੇ ਗਏ ਹਨ। ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।