ਅਮਰੀਕਾ : ਭਾਰਤੀ ਪਰਿਵਾਰ ਦੇ 3 ਜੀਆਂ ਸਮੇਤ 6 ਦੀ ਦਰਦਨਾਕ ਮੌਤ
ਬਾਬੂਸ਼ਾਹੀ ਬਿਊਰੋ
ਕੈਲੇਫ਼ੋਰਨੀਆ/ਹੈਦਰਾਬਾਦ, 22 ਜੁਲਾਈ (2026): ਅਮਰੀਕਾ ਦੇ ਕੈਲੇਫ਼ੋਰਨੀਆ ਵਿੱਚ ਵਾਪਰੇ ਦੋ ਅਲੱਗ-ਅਲੱਗ ਦਿਲ ਕੰਬਾਊ ਸੜਕ ਹਾਦਸਿਆਂ ਵਿੱਚ ਭਾਰਤੀ ਪਰਿਵਾਰ ਦੇ 3 ਮੈਂਬਰਾਂ ਸਮੇਤ ਕੁੱਲ 6 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਨਾਜ਼ੁਕ ਹਾਲਤ ਵਿੱਚ ਹਸਪਤਾਲ ਦਾਖ਼ਲ ਹਨ।
ਪਹਿਲਾ ਹਾਦਸਾ ਸਾਲਟਨ ਸਿਟੀ (Salton City) ਨੇੜੇ ਵਾਪਰਿਆ, ਜਿੱਥੇ ਦੋ ਗੱਡੀਆਂ ਦੀ ਆਹਮੋ-ਸਾਹਮਣੀ ਹੋਈ ਜ਼ੋਰਦਾਰ ਟੱਕਰ ਵਿੱਚ ਹੈਦਰਾਬਾਦ ਦੇ ਸਈਦਾਬਾਦ ਨਾਲ ਸਬੰਧਤ ਭਾਰਤੀ ਪਰਿਵਾਰ ਦੀ 45 ਸਾਲਾ ਨਾਜ਼ੀਆ ਸਲਮਾ, ਉਸ ਦੀ 19 ਸਾਲਾ ਬੇਟੀ ਹਫ਼ੀਜ਼ਾ ਨੇਹਾ ਸ਼ੇਖ ਅਤੇ 14 ਸਾਲਾ ਬੇਟੇ ਹਫ਼ੀਜ਼ ਓਮਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਦੂਜੀ ਕਾਰ ਦਾ ਡਰਾਈਵਰ ਵੀ ਮਾਰਿਆ ਗਿਆ। ਨਾਜ਼ੀਆ ਦੇ ਪਤੀ ਸ਼ੇਖ ਅਬਦੁਲ ਨਵੀਦ, ਜੋ ਕਿ ਅਮਰੀਕਾ ਵਿੱਚ ਵਿਗਿਆਨੀ ਹਨ, ਅਤੇ ਉਨ੍ਹਾਂ ਦੀ ਬੇਟੀ ਖਾਤੀਜਾ ਸ਼ੇਖ ਗੰਭੀਰ ਜ਼ਖ਼ਮੀ ਹਨ ਅਤੇ ਕੈਲੇਫ਼ੋਰਨੀਆ ਦੇ ਹਸਪਤਾਲ ਵਿੱਚ ਇਲਾਜ ਅਧੀਨ ਹਨ। ਇਹ ਪਰਿਵਾਰ ਸੈਰ-ਸਪਾਟੇ ਤੋਂ ਬਾਅਦ ਵਾਪਸ ਆ ਰਿਹਾ ਸੀ ਜਦੋਂ ਸਾਹਮਣੇ ਤੋਂ ਆਉਂਦੀ ਬੇਕਾਬੂ ਗੱਡੀ ਨਾਲ ਇਹ ਭਿਆਨਕ Collision ਹੋ ਗਿਆ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਅਤੇ ਤੇਲੰਗਾਨਾ ਸਰਕਾਰ ਤੋਂ ਜ਼ਖ਼ਮੀਆਂ ਦੀ ਦੇਖਭਾਲ ਅਤੇ ਅੰਤਮ ਸਸਕਾਰ ਲਈ ਅਮਰੀਕਾ ਦਾ ਇਮਰਜੈਂਸੀ Visa ਦਿਵਾਉਣ ਦੀ ਮੰਗ ਕੀਤੀ ਹੈ।
ਦੂਜਾ ਹਾਦਸਾ ਕੈਲੇਫ਼ੋਰਨੀਆ ਦੇ ਹਾਈਵੇਅ 152 'ਤੇ ਵਾਪਰਿਆ, ਜਿੱਥੇ ਫ਼ਰਿਜ਼ਨੋ (Fresno) ਦੀਆਂ ਰਹਿਣ ਵਾਲੀਆਂ ਮਾਂ-ਧੀ ਦੀ ਕਾਰ ਬੇਕਾਬੂ ਹੋ ਕੇ ਇੱਕ ਟਰੱਕ ਦੇ ਪਿੱਛੇ ਜਾ ਵੱਜੀ। ਕੈਲੇਫ਼ੋਰਨੀਆ ਹਾਈਵੇਅ ਪੈਟਰੋਲ (CHP) ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਟਰੱਕ ਦੇ ਹੇਠਾਂ ਪੂਰੀ ਤਰ੍ਹਾਂ ਪਿਸ ਗਿਆ, ਜਿਸ ਕਾਰਨ 50 ਸਾਲਾ ਔਰਤ ਅਤੇ ਉਸ ਦੀ ਬੇਟੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਦੋਵਾਂ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।