ਸਰੀ ਦੇ ਲੇਖਕ ਮਿੱਤਰਾਂ ਵੱਲੋਂ ਪੱਤਰਕਾਰ ਤੇ ਲੇਖਕ ਕੁਲਵੰਤ ਸਰੋਤਾ ਨੂੰ ਨਿੱਘੀ ਵਿਦਾਇਗੀ
ਹਰਦਮ ਮਾਨ
ਸਰੀ, 13 ਅਪ੍ਰੈਲ 2026- ਪਿਛਲੇ ਪੰਜ ਮਹੀਨਿਆਂ ਤੋਂ ਕੈਨੇਡਾ ਫੇਰੀ ’ਤੇ ਆਏ ਪੰਜਾਬ ਦੇ ਨਾਮਵਰ ਪੱਤਰਕਾਰ ਅਤੇ ਲੇਖਕ ਕੁਲਵੰਤ ਸਰੋਤਾ ਦੀ ਵਤਨ ਵਾਪਸੀ ਮੌਕੇ ਸਰੀ ਦੇ ਲੇਖਕਾਂ ਵੱਲੋਂ ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਇੱਕ ਵਿਸ਼ੇਸ਼ ਸਾਹਿਤਕ ਮਹਿਫ਼ਿਲ ਦਾ ਪ੍ਰਬੰਧ ਕੀਤਾ ਗਿਆ। ਕੁਲਵੰਤ ਸਰੋਤਾ ਦੇ ਮਾਣ ਵਿੱਚ ਜੁੜੀ ਇਸ ਮਹਿਫ਼ਿਲ ਦੌਰਾਨ ਸਾਹਿਤਕ ਵਿਚਾਰ ਚਰਚਾ ਅਤੇ ਸਨੇਹ ਭਰੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ।
ਆਪਣੇ ਅਨੁਭਵ ਸਾਂਝੇ ਕਰਦਿਆਂ ਕੁਲਵੰਤ ਸਰੋਤਾ ਨੇ ਕਿਹਾ ਕਿ ਸਰੀ ਵਿੱਚ ਗੁਜ਼ਾਰਿਆ ਇਹ ਪੰਜ ਮਹੀਨਿਆਂ ਦਾ ਸਮਾਂ ਉਨ੍ਹਾਂ ਲਈ ਬੇਹੱਦ ਯਾਦਗਾਰੀ ਰਿਹਾ ਹੈ। ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਉਸ ਨੇ ਦੱਸਿਆ ਕਿ ਇਸ ਫੇਰੀ ਦੌਰਾਨ ਜਿੱਥੇ ਕਈ ਪੁਰਾਣੇ ਸਾਹਿਤਕ ਮਿੱਤਰਾਂ ਨਾਲ ਮੁਲਾਕਾਤ ਹੋਈ ਅਤੇ ਕਈ ਨਵੇਂ ਲੇਖਕਾਂ ਨਾਲ ਨੇੜਤਾ ਹੋਈ, ਉੱਥੇ ਹੀ ਜਸਵੀਰ ਭਲੂਰੀਆ ਅਤੇ ਸੁਖਪ੍ਰੀਤ ਦੌਲਤ ਵਰਗੇ ਨਵੇਂ ਤੇ ਸੁਹਿਰਦ ਦੋਸਤ ਮਿਲੇ। ਇਨ੍ਹਾਂ ਲੇਖਕਾਂ ਦੀ ਸੰਗਤ ਨੇ ਮੇਰੇ ਇਸ ਪ੍ਰਵਾਸ ਨੂੰ ਸਾਹਿਤਕ ਰੰਗ ਵਿੱਚ ਰੰਗ ਦਿੱਤਾ।
ਮਹਿਫ਼ਿਲ ਦੌਰਾਨ ਸਾਹਿਤ ਰਚਨਾ, ਪੱਤਰਕਾਰੀ ਅਤੇ ਸੋਸ਼ਲ ਮੀਡੀਆ ਦੇ ਮੌਜੂਦਾ ਦੌਰ 'ਤੇ ਵੀ ਗੰਭੀਰ ਵਿਚਾਰ-ਚਰਚਾ ਹੋਈ। ਇਸ ਮੌਕੇ ਪ੍ਰਸਿੱਧ ਸ਼ਾਇਰ ਜਸਵਿੰਦਰ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਨੇ ਗੰਭੀਰ ਸਾਹਿਤਕ ਕਾਰਜ ਨੂੰ ਵੱਡੀ ਠੇਸ ਪਹੁੰਚਾਈ ਹੈ। ਉਨ੍ਹਾਂ ਨਵੇਂ ਲੇਖਕਾਂ ਨੂੰ ਸਲਾਹ ਦਿੱਤੀ ਕਿ ਉਹ ਸੋਸ਼ਲ ਮੀਡੀਆ ਦੀ ਚਮਕ-ਧਮਕ ਵਿੱਚ ਉਲਝਣ ਦੀ ਬਜਾਏ ਚੰਗੀਆਂ ਕਿਤਾਬਾਂ ਪੜ੍ਹਨ ਵੱਲ ਵੱਧ ਧਿਆਨ ਦੇਣ ਤਾਂ ਹੀ ਮਿਆਰੀ ਸਾਹਿਤ ਦੀ ਸਿਰਜਣਾ ਸੰਭਵ ਹੈ।
ਜਸਵੀਰ ਭਲੂਰੀਆ ਅਤੇ ਹਰਦਮ ਮਾਨ ਨੇ ਵੀ ਇਸ ਚਰਚਾ ਵਿੱਚ ਹਿੱਸਾ ਲੈਂਦਿਆਂ ਸਾਹਿਤਕ ਕਦਰਾਂ-ਕੀਮਤਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਨੌਜਵਾਨ ਸ਼ਾਇਰ ਸੁਖਪ੍ਰੀਤ ਦੌਲਤ ਨੇ ਆਪਣੀ ਖ਼ੂਬਸੂਰਤ ਕਵਿਤਾ ਰਾਹੀਂ ਮਹਿਫ਼ਿਲ ਵਿੱਚ ਰੰਗ ਭਰਿਆ। ਅੰਤ ਵਿੱਚ ਸਮੂਹ ਲੇਖਕਾਂ ਨੇ ਕੁਲਵੰਤ ਸਰੋਤਾ ਨੂੰ ਉਸ ਦੀ ਪੰਜਾਬ ਵਾਪਸੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਆਪਣੀ ਕਲਮ ਰਾਹੀਂ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਂਦਾ ਰਹੇਗਾ।