ਯੂਕਰੇਨ ਸਰਹੱਦ ਵਿੱਚ ਫਸੇ ਪੰਜਾਬੀ ਨੌਜਵਾਨ ਦੇ ਪਰਿਵਾਰ ਵੱਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ
*ਨੌਜਵਾਨ ਗਗਨਦੀਪ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਲਗਾਈ ਮਦੱਦ ਦੀ ਗੁਹਾਰ*
*ਮਾਂ-ਬਾਪ ਤੇ ਇੱਕ ਭਰਾ ਦੀ ਮੌਤ ਤੋਂ ਬਾਅਦ ਦੋ ਭੈਣਾ ਅਤੇ ਬਜ਼ੁਰਗ ਦਾਦੀ ਦਾ ਸਹਾਰਾ ਹੈ ਗਗਨਦੀਪ*
*7 ਮਹੀਨਿਆਂ ਤੋਂ ਫਰੰਟਲਾਈਨ ‘ਤੇ ਜੰਗ ਲੜਨ ਲਈ ਮਜਬੂਰ*
*ਉਚੇਰੀ ਸਿੱਖਿਆ ਲਈ ਰਸ਼ੀਆ ਗਿਆ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਕੇ ਆਰਮੀ ਵਿੱਚ ਭਰਤੀ*
ਬਲਵਿੰਦਰ ਸਿੰਘ ਧਾਲੀਵਾਲ
*ਸੁਲਤਾਨਪੁਰ ਲੋਧੀ, 14 ਅਪ੍ਰੈਲ:*2026
ਰੂਸ-ਯੂਕਰੇਨ ਵਿਚਾਲੇ ਚੱਲ ਰਹੇ ਭਿਆਨਕ ਯੁੱਧ ਨੇ ਇੱਕ ਹੋਰ ਪਰਿਵਾਰ ਨੂੰ ਗੰਭੀਰ ਸੰਕਟ ਵਿੱਚ ਧੱਕ ਦਿੱਤਾ ਹੈ। ਪਟਿਆਲਾ ਦਾ ਹੋਣਹਾਰ 35 ਸਾਲਾ ਦੋ ਭੈਣਾ ਦਾ ਸਹਾਰਾ ਨੌਜਵਾਨ ਗਗਨਦੀਪ ਸਿੰਘ, ਜੋ ਉੱਚੀ ਸਿੱਖਿਆ ਦੇ ਸੁਪਨੇ ਲੈ ਕੇ ਰਸ਼ੀਆ ਗਿਆ ਸੀ, ਅੱਜ ਜੰਗ ਦੇ ਮੈਦਾਨ ਵਿੱਚ ਮੌਤ ਦੇ ਸਾਏ ਹੇਠ ਫਰੰਟਲਾਇਨ ਤੇ ਜੰਗ ਲੜਨ ਲਈ ਮਜਬੂਰ ਹੈ। ਇਸ ਦੁਖਦਾਈ ਹਾਲਾਤ ਨੇ ਉਸਦੇ ਪਰਿਵਾਰ ਨੂੰ ਗਹਿਰੇ ਦੁੱਖ ਅਤੇ ਚਿੰਤਾ ਵਿੱਚ ਧੱਕ ਦਿੱਤਾ ਹੈ। ਇਸ ਬਾਰੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਕੇ ਗਗਨਦੀਪ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਅਪੀਲ ਕੀਤੀ ਗਈ ਹੈ।
ਪੀੜਤ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮੁਲਾਕਾਤ ਦੌਰਾਨ ਦੱਸਿਆ ਕਿ ਗਗਨਦੀਪ ਨੂੰ ਨੌਕਰੀ ਦਾ ਝਾਂਸਾ ਦੇ ਕੇ ਧੋਖੇ ਨਾਲ ਰਸ਼ੀਅਨ ਆਰਮੀ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ। ਗਨਦੀਪ ਦੀ ਭੈਣ ਲਖਵਿੰਦਰ ਕੌਰ ਨੇ ਦੱਸਿਆ ਕਿ ਗਗਨਦੀਪ ਐਮ.ੲੈ ਕਰਨ ਤੋਂ ਬਾਅਦ ਜੂਨ 2025 ਵਿੱਚ ਉਚੇਰੀ ਸਿੱਖਿਆ ਲਈ ਸਟੱਡੀ ਵੀਜ਼ੇ ‘ਤੇ ਰਸ਼ੀਆ ਗਿਆ ਸੀ। ਸ਼ੁਰੂਆਤੀ ਕੁਝ ਮਹੀਨਿਆਂ ਤੱਕ ਉਹ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ, ਪਰ ਸਤੰਬਰ 2025 ਤੋਂ ਬਾਅਦ ਉਸਦਾ ਸੰਪਰਕ ਘੱਟ ਹੋ ਗਿਆ। ਬਾਅਦ ਵਿੱਚ ਮਿਲੇ ਸੰਦੇਸ਼ਾਂ ਰਾਹੀਂ ਪਤਾ ਲੱਗਾ ਕਿ ਉਸਨੂੰ ਉਸਦੇ ਹੀ ਸਾਥੀ ਨੇ ਗਾਰਡ ਦੀ ਨੌਕਰੀ ਦਾ ਝਾਂਸਾ ਦੇ ਕੇ ਰਸ਼ੀਅਨ ਆਰਮੀ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।
ਲਖਵਿੰਦਰ ਕੌਰ ਨੇ ਦੱਸਿਆ ਗਗਨਦੀਪ ਪਿਛਲੇ ਲਗਭਗ 7 ਮਹੀਨਿਆਂ ਤੋਂ ਯੂਕਰੇਨ ਯੁੱਧ ਵਿੱਚ ਫਰੰਟਲਾਈਨ ‘ਤੇ ਜੰਗ ਲੜਨ ਲਈ ਮਜ਼ਬੂਰ ਹੈ, ਜਦਕਿ ਉਸਨੂੰ ਜੰਗ ਦੀ ਕੋਈ ਸਿਖਲਾਈ ਨਹੀਂ ਸੀ। ਉਸਦੇ ਸਾਥੀਆਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਗਗਨਦੀਪ ਮਾਨਸਿਕ ਤੌਰ ‘ਤੇ ਬਹੁਤ ਪ੍ਰਭਾਵਿਤ ਹੈ। ਪਰਿਵਾਰ ਮੁਤਾਬਕ, ਇੱਕ ਹੋਨਹਾਰਿਿ ਵਦਆਰਥੀ ਦੇ ਹੱਥਾਂ ਵਿੱਚ ਕਲਮ ਦੀ ਥਾਂ ਬੰਦੂਕ ਦੇ ਦਿੱਤੀ ਗਈ ਹੈ। ਪਰਿਵਾਰ ਨੇ ਇਹ ਵੀ ਦੱਸਿਆ ਕਿ ਗਗਨਦੀਪ ਹੀ ਘਰ ਦਾ ਇਕੱਲਾ ਸਹਾਰਾ ਹੈ, ਕਿਉਂਕਿ ਉਸਦੇ ਮਾਤਾ-ਪਿਤਾ ਅਤੇ ਇੱਕ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ‘ਤੇ ਦੋ ਭੈਣਾਂ ਅਤੇ ਦਾਦੀ ਦੀ ਜ਼ਿੰਮੇਵਾਰੀ ਹੈ।
ਨਾਲ ਆਏ ਇੱਕ ਹੋਰ ਪਰਿਵਾਰਕ ਮੈਂਬਰ ਜਗਤਾਰ ਸਿੰਘ ਨੇ ਦੱਸਿਆ ਕਿ ਆਖ਼ਰੀ ਵਾਰ ਗੱਲਬਾਤ ਦੌਰਾਨ ਗਗਨਦੀਪ ਨੇ ਉੱਥੇ ਦੇ ਬਹੁਤ ਹੀ ਖ਼ਤਰਨਾਕ ਹਾਲਾਤਾਂ ਬਾਰੇ ਦੱਸਿਆ ਸੀ, ਜਿੱਥੇ ਹਰ ਵੇਲੇ ਗੋਲੀਬਾਰੀ ਅਤੇ ਬੰਬਬਾਰੀ ਹੋ ਰਹੀ ਹੈ। ਭਾਸ਼ਾ ਦੀ ਸਮੱਸਿਆ ਕਾਰਨ ਉਸ ਤੋਂ ਜਬਰਦਸਤੀ ਦਸਤਖਤ ਵੀ ਕਰਵਾਏ ਗਏ। ਉਸਨੂੰ ਢੰਗ ਦਾ ਖਾਣਾ ਵੀ ਨਹੀਂ ਮਿਲ ਰਿਹਾ ਅਤੇ ਉਹ ਹਰ ਪਾਸੇ ਤਬਾਹੀ ਦੇ ਮੰਜ਼ਰ ਵੇਖ ਰਿਹਾ ਹੈ, ਜਿਨ੍ਹਾਂ ਦੀਆਂ ਵੀਡੀਓਜ਼ ਉਸਨੇ ਪਰਿਵਾਰ ਨਾਲ ਸਾਂਝੀਆਂ ਕੀਤੀਆਂ।
ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਮਾਮਲਾ ਉਹ ਜਨਵਰੀ ਮਹੀਨੇ ਤੋਂ ਲਗਾਤਾਰ ਵਿਦੇਸ਼ ਮੰਤਰਾਲੇ ਕੋਲ ਉਠਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਵੱਲੋਂ ਵੀ ਗਗਨਦੀਪ ਦੀ ਰਿਹਾਈ ਲਈ ਯਤਨ ਜਾਰੀ ਹਨ। ਉਹਨਾਂ ਮੁੜ ਤੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਸਥਿਤੀ ਵਿੱਚ ਤੁਰੰਤ ਦਖਲ ਦਿੱਤਾ ਜਾਵੇ ਅਤੇ ਰੂਸ ਸਰਕਾਰ ਨਾਲ ਸੰਪਰਕ ਕਰਕੇ ਗਗਨਦੀਪ ਸਿੰਘ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਭਾਰਤ ਲਿਆਂਦਾ ਜਾਵੇ।