ਸਿਆਸੀ ਘਮਸਾਨ: AAP ਛੱਡ ਅਕਾਲੀ ਦਲ 'ਚ ਗਏ ਕੌਂਸਲਰ ਦੀਆਂ ਦੁਕਾਨਾਂ 'ਤੇ ਚੱਲਿਆ ਪੀਲਾ ਪੰਜਾ
ਰਵਿੰਦਰ ਢਿੱਲੋਂ
ਖੰਨਾ, 13 ਅਪ੍ਰੈਲ 2026: ਖੰਨਾ ਵਿੱਚ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਂਝੀ ਕਾਰਵਾਈ ਕਰਦਿਆਂ ਅਕਾਲੀ ਕੌਂਸਲਰ ਸਰਵਦੀਪ ਸਿੰਘ ਕਾਲੀਰਾਓ ਦੀਆਂ ਦੁਕਾਨਾਂ ਨੂੰ ਨਾਜਾਇਜ਼ ਦੱਸ ਕੇ ਢਾਹ ਦਿੱਤਾ। ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਕਿਉਂਕਿ ਕਾਲੀਰਾਓ ਨੇ ਮਹਿਜ਼ 12 ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਸੀ।
ਕਾਰਵਾਈ ਦੌਰਾਨ ਮੌਕੇ 'ਤੇ ਤਿੰਨ ਡੀ.ਐਸ.ਪੀ., ਚਾਰ ਐਸ.ਐਚ.ਓ. ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਜਿਉਂ ਹੀ ਪ੍ਰਸ਼ਾਸਨ ਦੀ ਟੀਮ ਜੇ.ਸੀ.ਬੀ. ਲੈ ਕੇ ਪਹੁੰਚੀ, ਤਾਂ ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਕਾਰਵਾਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਇਸ ਨੂੰ ਗੈਰ-ਕਾਨੂੰਨੀ ਦੱਸਦਿਆਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਦੇ ਸਖ਼ਤ ਪਹਿਰੇ ਹੇਠ ਦੁਕਾਨਾਂ ਢਾਹੁਣ ਦਾ ਕੰਮ ਜਾਰੀ ਰਿਹਾ।
ਕੌਂਸਲਰ ਕਾਲੀਰਾਓ ਦੇ ਸਮਰਥਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਕਈ ਮੌਜੂਦਾ ਅਤੇ ਸਾਬਕਾ ਕੌਂਸਲਰ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਦੁਕਾਨਾਂ ਦਾ ਨਕਸ਼ਾ ਪਾਸ ਹੈ ਅਤੇ ਫੀਸ ਵੀ ਜਮ੍ਹਾਂ ਕਰਵਾਈ ਗਈ ਸੀ। ਪ੍ਰਸ਼ਾਸਨ ਨੇ ਬਿਨਾਂ ਕਿਸੇ ਨੋਟਿਸ ਦਿੱਤੇ ਇਹ ਕਾਰਵਾਈ ਕੀਤੀ ਹੈ।
ਉਨ੍ਹਾਂ ਕਿਹਾ, "ਵਿਧਾਇਕ ਜਿੰਨਾ ਜ਼ੋਰ ਲਾਉਣਾ ਚਾਹੁੰਦੇ ਨੇ ਲਾ ਲੈਣ, ਮੈਂ ਕਿਸੇ ਦਬਾਅ ਅੱਗੇ ਨਹੀਂ ਝੁਕਾਂਗਾ ਅਤੇ ਅਕਾਲੀ ਦਲ ਵਿੱਚ ਰਹਿ ਕੇ ਹੀ ਚੋਣ ਲੜਾਂਗਾ।" ਉਨ੍ਹਾਂ ਦੋਸ਼ ਲਾਇਆ ਕਿ ਨਗਰ ਕੌਂਸਲ ਚੋਣਾਂ ਵਿੱਚ ਆਪਣੀ ਹਾਰ ਦੇਖ ਕੇ ਵਿਧਾਇਕ ਬੁਖਲਾ ਗਏ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਕਾਲੀ ਦਲ ਦੀ ਸਰਕਾਰ ਬਣਨ 'ਤੇ "21 ਦੇ 51 ਵਾਪਸ ਕੀਤੇ ਜਾਣਗੇ।"
ਦੂਜੇ ਪਾਸੇ ਨਗਰ ਕੌਂਸਲ ਦੇ ਈ.ਓ. ਚਰਨਜੀਤ ਸਿੰਘ ਨੇ ਸਿਆਸੀ ਬਦਲਾਖੋਰੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਉਸਾਰੀ ਪੂਰੀ ਤਰ੍ਹਾਂ ਨਾਜਾਇਜ਼ ਸੀ। ਨਗਰ ਕੌਂਸਲ ਨੇ ਐਕਟ ਅਨੁਸਾਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਾਰਵਾਈ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਜਿੱਥੇ ਵੀ ਨਾਜਾਇਜ਼ ਉਸਾਰੀ ਹੋਵੇਗੀ, ਉਸ ਵਿਰੁੱਧ ਕਾਰਵਾਈ ਜਾਰੀ ਰਹੇਗੀ।
Click to Follow Babushahi Facebook page →