ਢਿੱਲਵਾਂ ਕਲਾਂ 'ਚ ਕਿਸਾਨਾਂ 'ਤੇ ਟੁੱਟਿਆ ਕਹਿਰ; ਅੱਗ ਲੱਗਣ ਕਾਰਨ 15 ਏਕੜ ਤੋਂ ਵੱਧ ਕਣਕ ਸੜ ਕੇ ਸੁਆਹ
ਪੰਜਗਰਾਈ ਕਲਾਂ, 13 ਅਪ੍ਰੈਲ (ਸੁਖਜਿੰਦਰ ਸਿੰਘ ਪੰਜਗਰਾਈਂ) : ਅੱਜ ਦੁਪਿਹਰ ਦੇ ਤਕਰੀਬਨ ਦੋ-ਢਾਈ ਵਜੇ ਇਥੋਂ ਥੋੜੀ ਦੂਰ ਪਿੰਡ ਢਿੱਲਵਾਂ ਕਲਾਂ ਦੇ ਨੇੜੇ ਦੀ ਜਾਂਦੇ ਸੂਏ ਅਤੇ ਗੁਰੂੁਕੁਲ ਕਾਲਜ ਦੇ ਪਿਛਲੇ ਪਾਸੇ ਖੇਤਾਂ ’ਚ ਅਚਾਨਕ ਅੱਗ ਲੱਗਣ ਕਾਰਨ ਕਰੀਬ 15 ਏਕੜ ਤੋਂ ਵੱਧ ਕਿਸਾਨਾਂ ਦੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਢਿਲਵਾਂ ਕਲਾਂ ਦੇ ਭਜਨ ਸਿੰਘ ਦੀ 4 ਏਕੜ, ਭਿੰਦਾ ਢਿੱਲੋਂ ਦੇ 2 ਏਕੜ ਅਤੇ ਲਖਵਿੰਦਰ ਸਿੰਘ ਸਿੰਦਾ ਦੀ 7 ਏਕੜ ਸਮੇਤ ਹੋਰ ਵੀ ਕਈ ਕਿਸਾਨਾਂ ਦੀ ਫਸਲ ਸੜ ਗਈ ਜਿਸ ਕਾਰਨ ਕਿਸਾਨਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋ ਗਿਆ ਹੈ ਤੇ ਫਸ਼ਲ ਸ਼ੜਨ ਕਾਰਨ ਕਿਸਾਨਾਂ ਦੇ ਅਰਮਾਨ ਚਕਨਾਚੂਰ ਹੋ ਗਏ। ਅੱਗ ਬਝਾਉਣ ਲਈ ਅੱਗ ਬੁਝਾਊ ਗੱਡੀਆਂ ਸਮੇਤ ਵੱਖ ਵੱਖ ਪਿੰਡਾਂ ’ਚ ਅੱਗ ਬਝਾਉਣ ਲਈ ਬਣਾਈਆਂ ਪਾਣੀ ਦੀਆਂ ਟੈਂਕੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ।
ਇਸ ਤੋਂ ਇਲਾਵਾ ਲੋਕਾਂ ਨੇ ਦਰੱਖਤਾਂ ਦੀਆਂ ਟਾਹਣੀਆਂ ਤੇ ਪਾਣੀ ਨਾਲ ਅੱਗ ਬਝਾਉਣ ਦੇ ਸਿਰਤੋੜ ਯਤਨ ਕੀਤੇ। ਕਿਸਾਨਾਂ ਨੇ ਦੱਸਿਆ ਕਿ ਸੂਏ ਦੀ ਪਟੜੀ ਦੇ ਨਾਲ ਖੜ੍ਹੇ ਸਫੈਦਿਆਂ ਚੋਂ ਅੱਗ ਨਿਕਲੀ ਜੋ ਕਿ ਹਵਾ ਨਾਲ ਕਣਕ ਦੀ ਫਸਲ ਨੂੰ ਪੈ ਗਈ। ਅੱਗ ਲੱਗਣ ਦੀ ਖਬਰ ਸੁਣਦਿਆਂ ਹੀ ਆਸ ਪਾਸ ਦੇ ਲੋਕ ਵੱਡੀ ਗਿਣਤੀ ’ਚ ਟਰੈਕਟਰ, ਹਲ, ਤਵੀਆਂ ਸਮੇਤ ਹੋਰ ਲੋੜੀਂਦੇ ਸਾਧਨ ਲੈ ਕੇ ਘਟਨਾ ਸਥਾਨ ’ਤੇ ਪੁੱਜੇ ਤੇ ਅੱਗ ਬਝਾਉਣ ’ਚ ਮਦਦ ਕੀਤੀ। ਪੀੜ੍ਹਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੁੱਤਾਂ ਵਾਗੂੰ ਪਾਲੀ ਕਣਕ ਦੀ ਪੱਕੀ ਫਸ਼ਲ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦੇ ਬਲਾਕ ਕੋਟਕਪੂਰਾ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਭੁੱਲਰ ਸਮੇਤ ਹੋਰ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨੀ ਫਸਲ ਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ।
Click to Follow Babushahi Facebook page →