ਸੇਂਟ ਕਬੀਰ ਪਬਲਿਕ ਸਕੂਲ ਵਿਚ ਵਿਸਾਖੀ ਦਾ ਤਿਓਹਾਰ ਚਾਵਾਂ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 14 ਅਪ੍ਰੈਲ 2026- ਸੇਂਟ ਕਬੀਰ ਪਬਲਿਕ ਸਕੂਲ ਵਿਚ ਪ੍ਰਿੰਸੀਪਲ ਐਸ.ਬੀ.ਨਾਯਰ ਜੀ ਦੀ ਸਰਪ੍ਰਸਤੀ ਹੇਠ ਵਿਸਾਖੀ ਦੇ ਤਿਓਹਾਰ ਤੇ ਰੰਗਾ-ਰੰਗ ਪ੍ਰੋਗਰਾਮ ਕਰਵਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਧੁਰ ਸ਼ਬਦ ਕੀਰਤਨ ਨਾਲ ਕੀਤੀ। ਇਸ ਦੇ ਨਾਲ ਹੀ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਸਵਰੀਤ ਕੌਰ ਦੁਆਰਾ ਵਿਸਾਖੀ ਦੇ ਮੇਲੇ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਵਿਚਾਰ ਸਾਰੇ ਵਿਦਿਆਰਥੀਆਂ ਦੇ ਸਨਮੁੱਖ ਪੇਸ਼ ਕੀਤੇ ਗਏ। ਸੱਤਵੀਂ ਜਮਾਤ ਦੇ ਵਿਦਿਆਰਥੀ ਅਵੰਸ਼ ਗਿੱਲ ਨੇ ਕਣਕਾਂ ਦੀ ਵਾਢੀ ਦੀ ਖੁਸ਼ੀ ਜ਼ਾਹਿਰ ਕਰਦੇ ਤੇ ਪੁਰਾਣੇ ਜਜ਼ਬਾਤਾਂ ਅਤੇ ਮਨਾਂ ਦੀਆਂ ਤਰੰਗਾਂ ਦੀ ਝਲਕ ਦਿਖਾਉਂਦੇ ਗੀਤ ਦੀ ਪੇਸ਼ਕਾਰੀ ਕੀਤੀ ਗਈ। ਯੂਨੀਅਰ ਬਲਾਕ ਦੇ ਛੋਟੇ-ਛੋਟੇ ਵਿਦਿਆਰਥੀਆਂ ਦੁਆਰਾ ਵੀ ਇਸ ਖੁਸ਼ੀ ਦੇ ਮੌਕੇ ਤੇ ਬੋਲੀਆਂ ਤੇ ਟੱਪਿਆਂ ਰਾਹੀਂ ਸਾਰਿਆਂ ਦਾ ਮਨੋਰੰਜਨ ਕੀਤਾ ।
ਸਕੂਲ ਦੇ ਚਾਰ ਹਾਊਸ ਸਫਾਇਰ, ਐਮਰਲਡ ,ਐਂਬਰ ਤੇ ਰੂਬੀ ਨੇ ਪੰਜਾਬੀ ਵਿਰਸਾ ਸਟਾਲ ਲਗਾ ਕੇ ਪੁਰਾਤਨ ਖਾਣ- ਪੀਣ, ਬਰਤਨ, ਖੇਤੀਬਾੜੀ ਦੇ ਸੰਦ,ਰੀਤੀ-ਰਿਵਾਜ ਤੇ ਸੱਭਿਆਚਾਰਕ ਪਹਿਨਣ- ਪਹਿਰਾਵੇ ਦੀ ਝਲਕ ਨੂੰ ਸਾਰਿਆਂ ਦੇ ਰੂਬਰੂ ਕੀਤਾ ਜਿਸ ਨੇ ਸਾਡੀ ਵਿਲੱਖਣ ਪੁਰਾਤਨ ਪੇਂਡੂ ਮਲਕੀਅਤ ਦੀਆਂ ਸਾਰੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਸਕੂਲੀ ਵਿਦਿਆਰਥੀਆਂ ਦੁਆਰਾ ਸੁੰਦਰ ਕਲਾਕ੍ਰਿਤੀਆਂ ਦੁਆਰਾ ਹਾਊਸ ਬੋਰਡ ਨੂੰ ਸਜਾਇਆ ਗਿਆ। ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਜੀ ਦੁਆਰਾ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਦੁਆਰਾ ਸਮੂਹ ਸਕੂਲ ਨੂੰ ਵਿਸਾਖੀ ਦੇ ਤਿਓਹਾਰ ਦੀ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਹਮੇਸ਼ਾ ਸਹੀ ਰਸਤੇ ਤੇ ਚੱਲਣ, ਆਪਣੇ ਵਿਰਸੇ- ਵਿਰਾਸਤ ਨੂੰ ਸਾਂਭੀ ਰੱਖਣ ਤੇ ਆਪਣੇ ਧਰਮ ਵਿੱਚ ਹਮੇਸ਼ਾ ਪਰਿਪੱਕ ਰਹਿਣ ਦੀ ਪ੍ਰੇਰਣਾ ਵੀ ਦਿੱਤੀ ਗਈ । ਇਸ ਮੌਕੇ ਸਮੂਹ ਅਧਿਆਪਕ ਤੇ ਵਿਦਿਆਰਥੀ ਸ਼ਾਮਲ ਸਨ ।
Click to Follow Babushahi Facebook page →