Babushahi Special ਲੀਡਰਾਂ ਦੀ ਆਪਸੀ ਦੂਸ਼ਣਬਾਜੀ ਅਤੇ ਸਿਆਸੀ ਮਿਹਣਿਆਂ ਤੋਂ ਮਹਿਰੂਮ ਰਹੇਗਾ ਵਿਸਾਖੀ ਮੇਲਾ
ਅਸ਼ੋਕ ਵਰਮਾ
ਬਠਿੰਡਾ, 13 ਅਪਰੈਲ 2026: ਵਿਸ਼ਵ ਭਰ ’ਚ ਇਤਿਹਾਸਕ ਤੇ ਧਾਰਮਿਕ ਮਹੱਤਤਾ ਰੱਖਦੇ ਸਿੱਖ ਕੌਮ ਦੇ ਪੰਜਵੇਂ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿਸਾਖੀ ਮੇਲਾ ਦੌਰਾਨ ਐਤਕੀਂ ਮੇਲੀਆਂ ਦਾ ਲੀਡਰਾਂ ਦੀ ਆਪਸੀ ਦੂਸ਼ਣਬਾਜੀ ਅਤੇ ਸਿਆਸੀ ਮਿਹਣਿਆਂ ਤੋਂ ਬਚਾਅ ਰਹੇਗਾ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਆਖਰੀ ਵਿਸਾਖੀ ਸੀ ਜਿੱਥੇ ਸਿਆਸੀ ਧਿਰਾਂ ਦੇ ਆਪਸੀ ਸਿੰਗ ਫਸਣ ਦੀ ਆਸ ਸੀ । ਕਾਂਗਰਸੀ ਆਗੂ ਖੁਸ਼ਬਾਜ ਜਟਾਣਾ ਦੀ ਅਚਾਨਕ ਮੌਤ ਨੇ ਪ੍ਰਸਥਿਤੀਆਂ ਬਦਲ ਕੇ ਰੱਖ ਦਿੱਤੀਆਂ ਹਨ। ਇਹੋ ਕਾਰਨ ਹੈ ਕਿ ਇੱਕ ਦੋ ਪਾਰਟੀਆਂ ਨੂੰ ਛੱਡਕੇ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਐਤਕੀਂ ਕਾਨਫਰੰਸਾਂ ਤੋਂ ਕਿਨਾਰਾ ਕਰ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਮੇਲੀਆਂ ਦਾ ਸਿਆਸੀ ਚੌਕੇ ਛੱਕਿਆਂ ਤੋਂ ਵੱਡੀ ਪੱਧਰ ’ਤੇ ਬਚਾਅ ਰਹਿਣ ਦੇ ਅਨੁਮਾਨ ਹਨ। ਸ਼੍ਰੋਮਣੀ ਅਕਾਲੀ ਦਲ 11 ਅਪ੍ਰੈਲ ਨੂੰ ਪੰਜਾਬ ਬਚਾਓ ਰੈਲੀਆਂ ਤਹਿਤ ਆਪਣੀ ਰੈਲੀ ਕਰ ਚੁੱਕਿਆ ਹੈ ।
ਉਨ੍ਹਾਂ ਦੱਸਿਆ ਕਿ 14 ਅਪ੍ਰੈਲ ਨੂੰ ਕੋਈ ਹੋਰ ਪ੍ਰੋਗਰਾਮ ਨਹੀਂ ਹੈ ਬਲਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਇਸ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਗੇ। ਹਲਕਾ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਫਲ ਰੈਲੀਆਂ ਅਤੇ ਪੰਜਾਬ ਦੀ ਤਰੱਕੀ ਲਈ ਅਰਦਾਸ ਕਰੇਗੀ। ਉਨ੍ਹਾਂ ਕਿਹਾ ਕਿ ਦੋ ਦਿਨਾਂ ਦੇ ਫਰਕ ਨਾਲ ਫਿਰ ਤੋਂ ਇਕੱਠ ਕਰਨਾ ਵੀ ਔਖਾ ਹੈ ਇਸ ਲਈ ਪਾਰਟੀ 14 ਅਪ੍ਰੈਲ ਨੂੰ ਸਿਆਸੀ ਕਾਨਫਰੰਸ ਨਹੀ ਕਰ ਰਹੀ ਹੈ। ਇਸੇ ਤਰਾਂ ਹੀ ਹਾਕਮ ਧਿਰ ਆਮ ਆਦਮੀ ਪਾਰਟੀ ਨੇ ਬੇਸ਼ੱਕ ਕੋਈ ਸਿਆਸੀ ਕਾਨਫਰੰਸ ਤਾਂ ਨਹੀਂ ਰੱਖੀ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 12 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪ੍ਰਸ਼ਾਸ਼ਕੀ ਦਫਤਰਾਂ ਵਾਲੀ ਇਮਾਰਤ ਦਾ ਕੀਤਾ ਗਿਆ ਉਦਘਾਟਨ ਇੱਕ ਤਰਾਂ ਨਾਲ ਸਿਆਸੀ ਪ੍ਰੋਗਰਾਮ ਹੀ ਸੀ।
ਇਸ ਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦਾ ਵੀ 14 ਅਪ੍ਰੈਲ ਨੂੰ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ। ਕਾਂਗਰਸ ਪਾਰਟੀ ਲਈ ਤਾਂ ਅਪ੍ਰੈਲ ਮਹੀਨਾ ਕਾਫੀ ਮੰਦਭਾਗਾ ਸਾਬਤ ਹੋਇਆ ਹੈ। ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਖੁਸ਼ਬਾਜ ਜਟਾਣਾ ਦੀ ਸੜਕ ਹਾਦਸੇ ’ਚ ਮੌਤ ਹੋਣ ਕਾਰਨ ਕਾਂਗਰਸ ਨੇ ਆਪਣੇ ਸਾਰੇ ਪ੍ਰੋਗਰਾਮ ਮਨਸੂਖ ਕਰ ਦਿੱਤੇ ਹਨ। ਹੁਣ ਵੀ ਜਿਆਦਾਤਰ ਕਾਂਗਰਸੀ ਆਗੂ ਅਤੇ ਵਰਕਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਰਹੇ ਹਨ। ਕਾਂਗਰਸ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਇੱਕ ਧਾਕੜ ਲੀਡਰ ਦੇ ਬੇਵਕਤੀ ਚਲੇ ਜਾਣ ਕਰਕੇ ਕਾਹਦੇ ਰੌਣਕ ਮੇਲੇ ਹਨ। ਪੰਜਾਬ ’ਚ ਮਿਸ਼ਨ 2024 ਤਹਿਤ ਪੱਬਾਂ ਭਾਰ ਚੱਲ ਰਹੀ ਭਾਜਪਾ ਵੀ ਐਤਕੀਂ ਵਿਸਾਖੀ ਮੌਕੇ ਇੱਕ ਮੈਰਿਜ ਪੈਲੇਸ ਵਿੱਚ ਸਿਆਸੀ ਕਾਨਫਰੰਸ ਕਰ ਰਹੀ ਹੈ। ਪਤਾ ਲੱਗਿਆ ਹੈ ਕਿ ਕੁੱਝ ਸਮਾਂ ਪਹਿਲਾਂ ਨਵੇਂ ਬਣੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਗੁਰਦੁਆਰਾ ਜੰਡ ਸਾਹਿਬ ਦੇ ਨਜ਼ਦੀਕ ਸਿਆਸੀ ਕਾਨਫਰੰਸ ਕੀਤੀ ਜਾਣੀ ਹੈ।
ਵਿਧਾਨ ਸਭਾ ਹਲਕਾ ਮੋਗਾ ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸੋਸਣ ਦਾ ਕਹਿਣਾ ਸੀ ਕਿ ਇਸ ਮੌਕੇ ਪਾਰਟੀ ਪੰਜਾਬੀਆਂ ਅੱਗੇ ਆਪਣਾ ਸਿਆਸੀ ਏਜੰਡਾ ਰੱਖੇਗੀ । ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ’ਚ 20 ਤੋਂ 25 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੇ ਅਨੁਮਾਨ ਹਨ। ਓਧਰ ਇੱਕ ਦਿਨ ਪਹਿਲਾਂ ਤੋਂ ਹੀ ਸ਼ਰਧਾਲੂ ਗੁਰੂ ਘਰ ’ਚ ਨਤਮਸਤਕ ਹੋਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਨੇ ਇਸ ਮੌਕੇ ਅਰਦਾਸ ਕਰਕੇ ਫਸਲਾਂ ਦੀ ਸੁੱਖ ਮੰਗੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਸਲ ਦੀ ਕਟਾਈ ਤੇ ਸਾਂਭ ਸੰਭਾਲ ਦਾ ਸ਼ੁਰੂ ਕਰਨੀ ਹੈ ਜਿਸ ਕਰਕੇ ਉਹ ਦੁਆ ਮੰਗਣ ਲਈ ਆਏ ਹਨ। ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਆਏ ਮਹਿਰਾਜ ਦੇ ਕਿਸਾਨ ਦਰਸ਼ਨ ਸਿੰਘ ਨੇ ਕਿਹਾ ਕਿ ਫਸਲ ਸੁੱਖੀਂ ਸਾਂਦੀ ਵਿਕ ਜਾਏੇ ਇਹੋ ਵਿਸਾਖੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਮੌਸਮ ਰੰਗ ਬਦਲ ਰਿਹਾ ਹੈ ਉਸ ਨੂੰ ਦੇਖਦਿਆਂ ਉਨ੍ਹਾਂ ਦੇ ਫਿਕਰ ਵਧੇ ਹੋਏ ਹਨ।
ਕਿਸਾਨੀ ਲਈ ਜਾਗਣ ਦਾ ਵੇਲਾ
ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਇਸ ਵਾਰ ਨਹੀਂ ਤਾਂ ਇਹ ਵੱਖਰੀ ਗੱਲ ਹੈ ਪਰ ਆਮ ਤੌਰ ’ਤੇ ਵਿਸਾਖੀ ਮੇਲਾ ਸਿਆਸੀ ਮੇਲਾ ਬਣ ਗਿਆ ਹੈ ਜਿੱਥੇ ਕਿਸਾਨਾਂ ਦੇ ਮੁੱਦਿਆਂ ਦੀ ਚਰਚਾ ਤਾਂ ਹੁੰਦੀ ਹੈ ਪਰ ਮਰਜ ਦਾ ਇਲਾਜ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜੇ ਤਾਂ ਹੜ੍ਹਾਂ ਦੀ ਮਾਰ ਦਾ ਫਿਕਰ ਨਹੀਂ ਮੁੱਕਿਆ ਸੀ ਤੇ ਹੁਣ ਕਣਕ ਦੀ ਚਿੰਤਾ ਸਤਾ ਰਹੀ ਹੈ ਜਿਸ ਕਰਕੇ ਕਿਸਾਨੀ ਲਈ ਇਹ ਜਾਗਣ ਦਾ ਵੇਲਾ ਹੈ। ਉਨ੍ਹਾਂ ਕਿਹਾ ਕਿ ਨੇਤਾਵਾਂ ਵੱਲੋਂ ਵੰਡੀਆਂ ਪਾਉਣ ਦੇ ਬਾਵਜੂਦ ਕੁਦਰਤ ਨੇ ਕਹਿਰ ਵਰਤਾਉਣ ਮੌਕੇ ਕਿਸੇ ਦੀ ਸਿਆਸੀ ਜਮਾਤ ਨਹੀਂ ਪੁੱਛੀ ਹੈ।
ਚਾਅ ਦਾ ਸਬੱਬ ਨਹੀਂ ਮੇਲੇ
ਪਿੰਡ ਕੋਟਗੁਰੂ ਦੇ ਕਿਸਾਨ ਸੁਖਤੇਜ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਜਦੋਂ ਕਿਸਾਨਾਂ ਨੂੰ ਫਸਲ ਦੀ ਚਿੰਤਾ ਵੱਢ ਵੱਢ ਖਾ ਰਹੀ ਹੋਵੇ ਤਾਂ ਰੌਣਕ ਮੇਲਾ ਕਿੱਥੇ ਚੰਗਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੌਸਮ ਨੇ ਨੀਂਦ ਖਰਾਬ ਕੀਤੀ ਹੋਈ ਹੈ ਜਿਸ ਕਾਰਨ ਹੁਣ ਹਰ ਪ੍ਰਕਾਰ ਦੇ ਮੇਲੇ ਚਾਅ ਦਾ ਸਬੱਬ ਨਹੀਂ ਰਹੇ ਹਨ। ਉਨ੍ਹਾਂ ਕਿਹਾ ਕਿ ਤਖਤ ਸਾਹਿਬ ’ਤੇ ਨਤਮਸਤਕ ਹੋਕੇ ਗੂਰੂ ਦਾ ਸ਼ਕਰਾਨਾ ਹਰ ਲੋਕਾਂ ਦੀ ਤਰਜੀਹ ਹੈ ਅਤੇ ਹਮੇਸ਼ਾ ਰਹੇਗੀ।
Click to Follow Babushahi Facebook page →