ਓਮਾਨ ਤੋਂ ਪਰਤੀ ਪੰਜਾਬਣ ਨੇ ਸੁਣਾਈ ਹੱਡਬੀਤੀ, 2 ਮਹੀਨੇ ਰੱਖਿਆ ਗਿਆ ਸੀ ਬੰਦੀ ਬਣਾ ਕੇ...!
ਗੁਲਾਮਾਂ ਵਾਂਗ ਕੀਤਾ ਜਾਂਦਾ ਸੀ ਵਤੀਰਾ, ਡਰਾ ਧਮਕਾ ਕੇ ਮਰਜ਼ੀ ਦੇ ਖਿਲਾਫ਼ ਕਰਵਾਏ ਜਾਂਦੇ ਸੀ ਕੰਮ: ਪੀੜਤਾ
ਕਿਸੇ ਪਿੱਛੇ ਲੱਗ ਅਰਬ ਮੁਲਕਾਂ ਵਿੱਚ ਨਾ ਜਾਣ ਲੜਕੀਆਂ : ਪੀੜਤਾ
ਅਰਬ ਵਿੱਚ ਲੜਕੀਆਂ ਨੂੰ ਫਸਾ ਰਹੇ ਗਿਰੋਹ ਤੇ ਨੱਥ ਪਾਉਣ ਦੀ ਸਖਤ ਲੋੜ : ਸੰਤ ਸੀਚੇਵਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 14 ਜੂਨ 2025- ਅਰਬ ਦੇਸ਼ਾਂ ਵਿੱਚ ਲੜਕੀ ਤੇ ਹੋ ਰਹੇ ਤਸ਼ਦੱਦ ਦੇ ਮਾਮਲੇ ਆਏ ਦਿਨ ਖਬਰਾਂ ਦੀ ਸੁਰੱਖੀਆਂ ਵਿੱਚ ਰਹਿੰਦੇ ਹਨ। ਇਹ ਮਾਮਲੇ ਉਸ ਵੇਲੇ ਹੋਰ ਵੀ ਗੰਭੀਰ ਰੂਪ ਧਾਰ ਲੈਂਦੇ ਹਨ ,ਜਦੋਂ ਇਹਨਾਂ ਲੜਕੀਆਂ ਨੂੰ ਫਸਾਉਣ ਵਿੱਚ ਉਹਨਾਂ ਦੇ ਆਪਣਿਆਂ ਜਾ ਦੀ ਹੀ ਵੱਡੀ ਭੂਮਿਕਾ ਹੁੰਦੀ ਹੈ। ਅਜਿਹਾ ਹੀ ਇਕ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਸਹੇਲੀ ਰਾਹੀਂ ਗਈ ਲੜਕੀ ਨੂੰ ਏਜੰਟ ਵਲੋਂ ਨੂੰ ਮਸਕਟ ਓਮਾਨ ਵਿੱਚ ਵੇਚ ਦਿੱਤਾ ਗਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਦੇਸ਼ ਮੰਤਰਾਲੇ ਦੇ ਯਤਨਾ ਸਦਕਾ ਵਾਪਿਸ ਪਰਤੀ ਪੀੜਤਾ ਹੱਡਬੀਤੀ ਸੁਣਾਉਂਦਿਆਂ ਉਸਨੇ ਦੱਸਿਆ ਕਿ ਓਥੇ ਉਸਨੂੰ ਕਲੀਨਿਕ ਦੇ ਕੰਮ ਦੀ ਬਜਾਏ ਜ਼ਬਰਨ ਉਸ ਕੋਲੋਂ ਹੋਰ ਕੰਮ ਕਰਵਾਏ ਜਾ ਰਹੇ ਸੀ। ਉਸਨੇ ਦੱਸਿਆ ਕਿ ਜਦੋਂ ਉਸ ਵਲੋਂ ਵਿਰੋਧ ਕੀਤਾ ਜਾਂਦਾ ਸੀ ਤਾਂ ਉਸਨੂੰ ਮੁਸਲਮਾਨਾਂ ਨੂੰ ਵੇਚਣ ਜਾਂ ਫੇਰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ ਪੜੀਤਾ ਨੇ ਵੱਡੇ ਖੁਲਾਸੇ ਕਰਦੇ ਦੱਸਿਆ ਕਿ ਉਥੇ ਦੇ ਹਲਾਤ ਲੜਕੀਆਂ ਦੇ ਰਹਿਣ ਯੋਗ ਨਹੀ ਹਨ। ਉਸਨੇ ਦੱਸਿਆ ਕਿ ਉਸਨੂੰ ਉੱਥੇ ਜਿਸ ਕੰਮ ਲਈ ਬੁਲਾਇਆ ਗਿਆ ਸੀ ਉਹ ਕੰਮ ਨਹੀ ਦਿੱਤਾ ਜਾਂਦਾ ਤੇ ਮਰਜ਼ੀ ਦੇ ਵਿਰੁੱਧ ਲੜਕੀਆਂ ਕੋਲੋਂ ਹੋਰ ਕੰਮ ਕਰਵਾਏ ਜਾਂਦੇ ਹਨ। ਸਾਰਾ ਦਿਨ ਕੰਮ ਕਰਵਾ ਕਿ ਖਾਣ ਲਈ ਨਹੀ ਦਿੱਤਾ ਜਾਂਦਾ ਤੇ ਆਰਾਮ ਲਈ ਵੀ 3 ਤੋਂ 4 ਘੰਟੇ ਦਿਤੇ ਜਾਂਦੇ ਸੀ। ਉਸਨੇ ਦੱਸਿਆ ਕਿ ਉੱਥੇ ਪਹੁੰਚਦੇ ਹੀ ਉਸਦਾ ਫੋਨ ਖੋਹ ਲਿਆ ਗਿਆ ਸੀ ਤੇ ਤਨਖਾਹ ਦੇਣ ਦੀ ਬਜਾਏ ਉਸ ਕੋਲ ਜਿਹੜੇ ਪੈਸੇ ਸੀ ਉਹ ਵੀ ਖੋਹ ਲਏ ਗਏ।
ਪੀੜਤ ਦੇ ਨਾਲ ਪਹੁੰਚੇ ਉਸਦੇ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਦੇ ਯਤਨਾ ਸਦਕਾ ਹੀ ਉਹਨਾਂ ਦੀ ਲੜਕੀ ਕੁਝ ਦਿਨਾਂ ਵਿੱਚ ਘਰ ਵਾਪਿਸ ਪਰਤੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਜਦੋਂ ਤੱਕ ਅਰਬ ਦੇਸ਼ਾਂ ਵਿੱਚ ਲੜਕੀਆਂ ਨੂੰ ਇਸ ਤਰ੍ਹਾਂ ਫਸਾ ਰਹੇ ਗਿਰੋਹ ਤੇ ਨੱਥ ਨਹੀ ਪਾਈ ਜਾਂਦੀ ਉਦੋਂ ਤੱਕ ਇਸ ਵਤੀਰੇ ਨੂੰ ਰੋਕਿਆ ਨਹੀ ਜਾ ਸਕਦਾ। ਉਹਨਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗਿਰੋਹ ਤੋਂ ਬੱਚ ਕਿ ਰਹਿਣ ਜੋ ਮਜ਼ਬੂਰੀ ਤੇ ਗਰੀਬੀ ਦਾ ਫਾਇਦਾ ਉਠਾ ਕਿ ਲੜਕੀਆਂ ਨੂੰ ਅਰਬ ਦੇਸ਼ਾਂ ਵਿੱਚ ਫਸਾ ਰਹੇ ਹਨ।