ਨਿਊਜ਼ੀਲੈਂਡ: ਪਾਸਪੋਰਟ ਕਾਲਾ: ਲਾਗਤ ਲਾਲ
ਕੱਲ੍ਹ 2 ਮਈ ਤੋਂ ਨਿਊਜ਼ੀਲੈਂਡ ਬਾਲਗ ਪਾਸਪੋਰਟ ਦੀ ਲਾਗਤ 247 ਡਾਲਰ-32 ਡਾਲਰ ਦਾ ਵਾਧਾ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 01 ਮਈ 2025 -ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ ‘ਡਿਪਾਰਟਮੈਂਟ ਆਫ਼ ਇੰਟਰਨਲ ਅਫ਼ੇਅਰਜ਼’ (491) ਨੇ ਅੱਜ ਪਾਸਪੋਰਟ ਅਤੇ ਯਾਤਰਾ ਦਸਤਾਵੇਜ਼ ਅਰਜ਼ੀ ਫੀਸਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇਹ ਫੀਸਾਂ ਕੱਲ੍ਹ 2 ਮਈ ਤੋਂ ਲਾਗੂ ਹੋ ਜਾਣਗੀਆਂ। ਹੁਣ ਬਾਲਗ ਪਾਸਪੋਰਟ ਦੀ ਲਾਗਤ 215 ਡਾਲਰ ਦੀ ਥਾਂ 247 ਡਾਲਰ ਹੋਇਆ ਕਰੇਗੀ। ਬੱਚੇ ਦੇ ਪਾਸਪੋਰਟ ਦੀ ਲਾਗਤ ਹੁਣ 125 ਡਾਲਰ ਦੀ ਥਾਂ ਤੋਂ 144 ਡਾਲਰ ਸਮੇਤ ਜੀ. ਐਸ. ਟੀ. ਹੋਇਆ ਕਰੇਗੀ। ਤੱਤਕਾਲ ਪਾਸਪੋਰਟ (ਅਰਜੈਂਟ ਪ੍ਰੋਸੈਸਿੰਗ) ਦੇ ਅਧੀਨ ਪਾਸਪੋਰਟ ਤਿੰਨ ਦਿਨ ਵਿਚ ਮਿਲ ਜਾਂਦਾ ਹੈ। ਇਸਦੀ ਲਾਗਤ ਬਾਲਗ ਪਾਸਪੋਰਟ ਵਾਸਤੇ 430 ਡਾਲਰ ਤੋਂ 500 ਡਾਲਰ ਕੀਤੀ ਜਾ ਰਹੀ ਹੈ ਜਦ ਕਿ ਬੱਚੇ ਦੇ ਪਾਸਪੋਰਟ ਲਈ ਤੱਤਕਾਲ ਪਾਸਪੋਰਟ ਲਾਗਤ 340 ਡਾਲਰ ਤੋਂ 391 ਡਾਲਰ ਕੀਤੀ ਜਾ ਰਹੀ ਹੈ। ਕੋਰੀਅਰ ਦਾ ਖਰਚਾ ਨਿਊਜ਼ੀਲੈਂਡ ਦੇ ਲਈ 5 ਡਾਲਰ ਅਲੱਗ ਤੋਂ ਹੁੰਦਾ ਹੈ। ਸੋ ਲਗਦਾ ਹੈ ਕਿ ਕਾਲੇ ਰੰਗ ਵਾਲੇ ਪਾਸਪੋਰਟ ਦੀਆਂ ਫੀਸਾਂ ਨੇ ਆਪਣਾ ਰੰਗ ਹਾਲ ਦੀ ਘੜੀ ਲਾਲ ਕਰ ਲਿਆ ਹੈ। 25 ਮਈ 2023 ਤੋਂ ਪਹਿਲਾਂ ਇਹ ਫੀਸ ਬਾਲਗ 199 ਡਾਲਰ ਅਤੇ ਬੱਚਿਆਂ ਲਈ 115 ਡਾਲਰ ਹੋਇਆ ਕਰਦੀ ਸੀ।
ਵਿਭਾਗ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਅਜਿਹਾ ਵਾਧਾ ਪਾਸਪੋਰਟ ਬਣਾਉਣ ਦੀਆਂ ਵਧਦੀਆਂ ਲਾਗਤਾਂ ਦਾ ਨਤੀਜਾ ਹੈ। ਇਹ ਲਾਗਤਾਂ ਤਨਖਾਹਾਂ, ਪ੍ਰਣਾਲੀਆਂ ਅਤੇ ਤਕਨਾਲੋਜੀ, ਬੀਮਾ, ਅਤੇ ਪਾਸਪੋਰਟ ਬਣਾਉਣ ਵਿੱਚ ਜਾਣ ਵਾਲੀ ਸਮੱਗਰੀ ਦੀਆਂ ਵਧਦੀਆਂ ਲਾਗਤਾਂ ਨਾਲ ਜੁੜੀਆਂ ਹੋਈਆਂ ਹਨ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਪਾਸਪੋਰਟ ਧਾਰਕ 185 ਤੋਂ ਵੱਧ ਦੇਸ਼ਾਂ ਵਿੱਚ ਵੀਜ਼ਾ-ਮੁਕਤ ਜਾਂ ਵੀਜ਼ਾ ਆਨ ਅਰਾਈਵਲ ਯਾਤਰਾ ਕਰਨ ਦੀ ਸੁਵਿਧਾ ਦੇ ਪਾਤਰ ਹਨ। ਪਾਸਪੋਰਟ ਬਨਾਉਣ ਦੇ ਲਈ 20 ਕੰਮ ਵਾਲੇ ਦਿਨਾਂ ਦਾ ਸਮਾਂ ਮੰਗਿਆ ਜਾਂਦਾ ਹੈ ਪਰ 91.2% ਲੋਕਾਂ ਦੇ ਪਾਸਪੋਰਟ 10 ਦਿਨਾਂ ਦੇ ਅੰਦਰ ਹੀ ਬਣਾ ਕੇ ਭੇਜ ਦਿੱਤੇ ਜਾਂਦੇ ਹਨ।
ਅੱਜ ਰਾਤ ਵੈਬਸਾਈਟ ਰਹੇਗੀ ਬੰਦ: ਅੱਜ ਰਾਤ 9 ਵਜੇ ਤੋਂ ਲੈ ਕੇ ਕੱਲ੍ਹ ਸਵੇਰੇ 4 ਵਜੇ ਤੱਕ ਪਾਸਪੋਰਟ ਅਪਲਾਈ ਕਰਨ ਵਾਲੀ ਵੈਬਸਾਈਟ www.passports.govt.n੍ਰ ਬੰਦ ਰਹੇਗੀ ਅਤੇ ਇਹ ਦੁਬਾਰਾ ਫਿਰ ਦੁਬਾਰਾ 4 ਮਈ ਨੂੰ ਸਵੇਰੇ 9 ਵਜੇ ਤੋਂ 3 ਵਜੇ ਤੱਕ ਬੰਦ ਰਹੇਗੀ.