ਅਖਾੜਾ ਦੀ ਧਰਤੀ ਝੁਕਣ ਦੇ ਮੂਡ 'ਚ ਨਹੀਂ
ਨਰਾਇਣ ਦੱਤ
28-30 ਮਾਰਚ 2005 ਨੂੰ ਬਰਨਾਲਾ ਦੀ ਸੈਸ਼ਨ ਕੋਰਟ ਨੇ ਮਹਿਲਕਲਾਂ ਲੋਕ ਘੋਲ ਦੇ ਤਿੰਨ ਪ੍ਰਮੁੱਖ ਆਗੂਆਂ ਨਰਾਇਣ ਦੱਤ, ਮਨਜੀਤ ਧਨੇਰ ਅਤੇ ਪ੍ਰੇਮ ਕੁਮਾਰ ਨੂੰ ਇੱਕ ਝੂਠੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਦਿੱਤੀ ਸੀ। ਇਸ ਨਿਹੱਕੀ ਸਜ਼ਾ ਖਿਲਾਫ਼ ਸ਼ੁਰੂ ਹੋਏ ਸਾਂਝੇ ਸੰਘਰਸ਼ ਸਮੇਂ ਲੋਕ ਪੱਖੀ ਕਲਮਾਂ ਨੇ 'ਮਹਿਲਕਲਾਂ ਦੀ ਧਰਤੀ ਝੁਕਣ ਦੇ ਮੂਡ 'ਚ ਨਹੀਂ' ਲੇਖ ਲਿਖੇ। ਅਖੀਰ 14 ਸਾਲ 14 ਨਵੰਬਰ 2019 ਤੱਕ ਤਿੰਨੇ ਲੋਕ ਆਗੂਆਂ ਦੀ ਸਜ਼ਾ ਰੱਦ ਕਰਵਾਉਣ ਤੱਕ ਲੰਮੀ ਜੰਗ ਲੜ੍ਹਕੇ ਕਲਮਾਂ ਦੀ ਭਵਿੱਖਬਾਣੀ ਨੂੰ ਸੱਚ ਸਾਬਤ ਕੀਤਾ। ਹਾਲਾਂਕਿ ਇਸ ਦਹਾਕਿਆਂ ਬੱਧੀ ਲੰਮੇ 'ਜ਼ਬਰ ਵਿਰੁੱਧ ਟਾਕਰੇ ਦੀ ਲਹਿਰ' ਦੀ ਮਿਸਾਲ ਬਣੇ ਇਸ ਲੋਕ ਘੋਲ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਸੇ ਹੀ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਤੋਂ ਬਾਇਓ ਗੈਸ ਪਲਾਂਟ ਲਾਉਣ ਦੇ ਨਾਂ ਹੇਠ ਪਿੰਡਾਂ ਦਾ ਵਾਤਾਵਰਨ ਪਲੀਤ ਕਰਨ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲਾਉਣ ਵਾਲੀਆਂ ਪੰਜਾਬ ਵਿੱਚ 45 ਦੇ ਲੱਗਭਗ ਬਾਇਓ ਗੈਸ ਫੈਕਟਰੀਆਂ ਲਾਉਣ ਦੀ ਯੋਜਨਾ ਹੈ। ਲੁਧਿਆਣਾ ਜ਼ਿਲ੍ਹੇ ਅੰਦਰ ਪੰਜ ਫੈਕਟਰੀਆਂ ਘੁੰਗਰਾਲੀ ਰਾਜਪੂਤ,ਮੁਸ਼ਕਾਬਾਦ,ਬੱਗੇਕਲਾਂ,ਭੂੰਦੜੀ ਅਤੇ ਅਖਾੜਾ ਆਦਿ ਪਿੰਡਾਂ ਵਿੱਚ ਇਹ ਬਾਇਓ ਗੈਸ ਫੈਕਟਰੀਆਂ ਲੱਗ ਰਹੀਆਂ ਹਨ। ਇਨ੍ਹਾਂ ਵਿੱਚੋਂ ਘੁੰਗਰਾਲੀ ਰਾਜਪੂਤ ਵਿਖੇ ਇਹ ਬਾਇਓ ਗੈਸ ਪਲਾਂਟ ਚੱਲ ਰਿਹਾ ਹੈ। ਬਾਕੀ ਸਾਰੇ ਥਾਵਾਂ 'ਤੇ ਇਹ ਬਾਇਓ ਗੈਸ ਪਲਾਂਟ ਉਸਾਰੀ ਅਧੀਨ ਹਨ। ਘੁੰਗਰਾਲੀ ਰਾਜਪੂਤ ਵਿਖੇ ਚੱਲ ਰਹੀ ਬਾਇਓ ਗੈਸ ਫੈਕਟਰੀ ਦਾ ਦੌਰਾ ਕਰਨ ਉਪਰੰਤ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗਾ ਕਿ ਇਸ ਬਾਇਓ ਗੈਸ ਪਲਾਂਟ ਵਿੱਚੋਂ ਮਾਰਦੀ ਬਦਬੂ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ।
ਕੁੱਝ ਅਰਥਸ਼ਾਸਤਰੀ ਫ਼ਸਲੀ ਭਿੰਨਤਾ ਪੱਖੋਂ ਮੱਕੀ ਅਤੇ ਗੰਨੇ 'ਤੇ ਆਧਾਰਿਤ ਬਾਇਓ ਡੀਜ਼ਲ ਅਤੇ ਬਾਇਓ ਗੈਸ ਪ੍ਰੋਜੈਕਟ ਬਣਾਉਣ ਦੀ ਮੰਗ ਕਰਦੇ ਰਹਿੰਦੇ ਹਨ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਲਈ ਤਕਨਾਲੋਜੀ ਅਮਰੀਕੀਆਂ ਅਤੇ ਦੱਖਣੀ ਅਮਰੀਕੀਆਂ ਦੁਆਰਾ ਤਿਆਰ ਕੀਤੀ ਗਈ ਹੈ ਜਿੱਥੇ ਆਬਾਦੀ ਵਾਲੇ ਇਲਾਕੇ ਖੇਤੀਬਾੜੀ ਖੇਤਰਾਂ ਤੋਂ ਬਹੁਤ ਦੂਰ ਹਨ ਅਤੇ ਖੇਤ ਹਜ਼ਾਰਾਂ ਏਕੜ ਤੋਂ ਵੱਡੇ ਹਨ। ਜ਼ੀਰਾ ਫੈਕਟਰੀ ਵਰਗੇ ਇਹ ਪ੍ਰੋਜੈਕਟ ਬਹੁਤ ਉੱਚ ਪੱਧਰ 'ਤੇ ਪਾਣੀ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ।
ਪੰਜਾਬ ਵਿੱਚ ਅਆਬਾਦੀ ਲਾਗੇ-ਲਾਗੇ ਹੈ ਤੇ 52 ਹਜ਼ਾਰ ਵਰਗ ਕਿਲੋਮੀਟਰ ਦੇ ਖੇਤਰ ਵਿੱਚ 13 ਹਜ਼ਾਰ ਪਿੰਡ ਹਨ ਜਾਂ ਹਰ ਪਿੰਡ ਇੱਕ ਦੂਜੇ ਤੋਂ 1 ਜਾਂ 2 ਕਿਲੋਮੀਟਰ ਦੀ ਦੂਰੀ 'ਤੇ ਹੈ ਜਿੱਥੇ ਹਜ਼ਾਰਾਂ ਲੋਕ ਰਹਿੰਦੇ ਹਨ। ਕਾਰਪੋਰੇਟਾਂ ਨੂੰ ਪੰਜਾਬ ਵਿੱਚ ਬਾਇਓ ਗੈਸ ਅਤੇ ਬਾਇਓ ਡੀਜ਼ਲ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨ ਲਈ ਸਰਕਾਰ ਤੋਂ ਹਜ਼ਾਰਾਂ ਕਰੋੜ ਰੁਪਏ ਦੀਆਂ ਗ੍ਰਾਂਟਾਂ ਅਤੇ ਮਨਜ਼ੂਰੀਆਂ ਮਿਲੀਆਂ ਹਨ। ਜਦਕਿ ਪਿੰਡਾਂ ਦੇ ਲੋਕ ਇਨ੍ਹਾਂ ਬਾਇਓ ਫਿਊਲ ਯੂਨਿਟਾਂ ਤੋਂ ਨਿਕਲਣ ਵਾਲੀ ਗੰਦੀ ਬੋ ਦਾ ਵਿਰੋਧ ਕਰਦੇ ਹਨ, ਦਿੱਲੀ ਤੋਂ ਕੰਟਰੋਲ ਹੁੰਦੀ 'ਆਪ' ਸਰਕਾਰ ਪੁਲਿਸ ਦੀ ਬੇਰਹਿਮੀ ਦਾ ਸਹਾਰਾ ਲੈ ਰਹੀ ਹੈ।
ਮਾਰਚ ਅਪ੍ਰੈਲ 2024 ਤੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਅਖਾੜਾ,ਭੂੰਦੜੀ, ਮੁਸ਼ਕਾਬਾਦ ਤੋ ਬਾਅਦ ਇਹ ਸੰਘਰਸ਼ ਲਾਢੂਵਾਲ ਲਾਗੇ ਤਿੰਨ ਪਿੰਡਾਂ ਬੱਗਾ ਕਲਾਂ, ਚਾਹੜ, ਰਜਾ ਕਲਾਂ 'ਚ ਵੀ ਸ਼ੁਰੂ ਹੋ ਗਿਆ ਸੀ। ਬੀਤੇ ਫਰਵਰੀ ਮਹੀਨੇ 'ਚ ਪਹਿਲਾਂ ਬੱਗਾ ਕਲਾਂ ਤੇ ਦੋ ਨਾਲ ਦੇ ਪੀੜਤ ਪਿੰਡਾਂ ਦੇ ਲੋਕਾਂ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੰਨੇ ਪਿੰਡਾਂ ਦੀ ਹੱਦ ਤੇ ਜਮਾਂ ਜੜਾਂ 'ਚ ਰਿਲਾਇੰਸ ਗਰੁੱਪ ਵੱਲੋਂ ਲਗਾਈ ਜਾ ਰਹੀ ਕੈਂਸਰ ਗੈਸ ਫੈਕਟਰੀ ਨੂੰ ਇੱਕ ਫਰਵਰੀ 2025 ਨੂੰ ਪੱਕਾ ਤਾਲਾ ਜੜ ਦਿੱਤਾ। ਇੰਨਾਂ ਪਿੰਡਾਂ ਦੇ ਲੋਕ ਪਿਛਲੇ ਪੰਜ ਮਹੀਨਿਆਂ ਤੋਂ ਹੀ ਪੱਕੇ ਧਰਨੇ 'ਤੇ ਡਟੇ ਹੋਏ ਸਨ। ਪਰ ਫੈਕਟਰੀ 'ਚ ਉਸਾਰੀ ਦਾ ਕੰਮ ਚਲਦਾ ਰਿਹਾ। ਤਾਲਮੇਲ ਕਮੇਟੀ ਦੀ ਅਗਵਾਈ 'ਚ ਤਾਲਾ ਜੜਣ ਦੀ ਦੇਰ ਸੀ ਕਿ 3 ਫਰਵਰੀ ਨੂੰ ਲੁਧਿਆਣਾ ਪੁਲਸ ਨੇ ਪਿੰਡ ਚਾਹੜ ਤੇ ਧਾਵਾ ਬੋਲ ਦਿੱਤਾ। ਸਵੇਰੇ ਸਾਜਰੇ ਬੋਲੇ ਇਸ ਧਾਵੇ ਰਾਹੀਂ ਪੁਲਸ ਨੇ ਘਰਾਂ ਦੀਆ ਕੰਧਾਂ ਟੱਪ ਕੇ ਵੀਹ ਦੇ ਕਰੀਬ ਆਗੂ ਨੌਜਵਾਨਾਂ ਨੂੰ ਅਗਵਾ ਕਰ ਲਿਆ। ਲੋਕਾਂ ਵੱਲੋਂ ਫੈਕਟਰੀ ਨੂੰ ਲਾਇਆ ਤਾਲਾ ਤੋੜ ਦਿੱਤਾ ਗਿਆ, ਟੈਟ ਪੱਟ ਦਿੱਤਾ ਗਿਆ, ਸਮਾਨ ਪੁਲਸ ਨੇ ਕਬਜ਼ੇ 'ਚ ਕਰ ਲਿਆ। ਇਸ ਗੱਲ ਦਾ ਪਤਾ ਜਦੋ ਲੋਕਾਂ ਨੂੰ ਲੱਗਾ ਤਾਂ ਚਾਹੜ ਪਿੰਡ ਪੂਰੇ ਦਾ ਪੂਰਾ ਬਾਹਰ ਨਿਕਲ ਆਇਆ। ਲੋਕਾਂ ਨੇ ਟ੍ਰਾਲੀਆਂ ਲਾ ਕੇ ਸਾਰਾ ਪਿੰਡ ਕੰਟਰੋਲ ਕਰ ਲਿਆ। ਲੰਮਾ ਸਮਾਂ ਪੁਲਸ ਦਾ ਘਿਰਾਓ ਚੱਲਣ ਤੋਂ ਬਾਦ ਪੁਲਸ ਨੂੰ ਫੜੇ ਬੰਦੇ ਰਿਹਾ ਕਰਨੇ ਪਏ। ਚੁੱਕਿਆ ਸਮਾਨ ਵਾਪਸ ਕਰਨਾ ਪਿਆ। ਪਿੰਡ ਵਾਸੀਆਂ ਨੇ ਮੁੜ ਕੇ ਉਸੇ ਥਾਂ ਤੇ ਧਰਨਾ ਸੁਰੂ ਕਰ ਦਿੱਤਾ । ਸ਼ਾਨਦਾਰ ਲੋਕ ਏਕਤਾ ਨੇ ਪੁਲਸ ਨੂੰ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ। ਚੰਗੀ ਗੱਲ ਇਹ ਹੋਈ ਕਿ ਇਸ ਮੋਰਚੇ ਦੀ ਅਗਵਾਈ ਮੁੱਖ ਤੌਰ 'ਤੇ ਨੌਜਵਾਨਾਂ ਦੇ ਹੱਥਾਂ 'ਚ ਹੈ।
ਅਖਾੜਾ, ਭੂੰਦੜੀ, ਮੁਸ਼ਕਾਬਾਦ ਤਿੰਨੇ ਪਿੰਡਾਂ 'ਚ ਉਸਾਰੀ ਅਧੀਨ ਬਾਇਓ ਗੈਸ ਫ਼ੈਕਟਰੀਆਂ ਦੇ ਮਾਲਕਾਂ ਨੇ ਹਾਈਕੋਰਟ ਚ ਪਟੀਸ਼ਨ ਪਾਕੇ ਇਹਨਾਂ ਫ਼ੈਕਟਰੀਆਂ ਦਾ ਕੰਮ ਚਾਲੂ ਕਰਾਉਣ ਦੀ ਮੰਗ ਕੀਤੀ ਹੋਈ ਹੈ। ਪਿਛਲੇ ਲਗਭਗ ਦਸ ਮਹੀਨਿਆਂ ਤੋਂ ਤਿੰਨੇ ਥਾਵਾਂ ਦੇ ਸੰਘਰਸ਼ ਮੋਰਚੇ ਅਪਣੇ ਅਪਣੇ ਵਕੀਲ ਖੜੇ ਕਰਕੇ ਇਸ ਕੇਸ ਦੀ ਪੈਰਵਾਈ ਕਰ ਰਹੇ ਹਨ ਕਿ ਇਹ ਫ਼ੈਕਟਰੀਆਂ ਕਿਉਂਕਿ ਕੈਸਰ ਫ਼ੈਕਟਰੀਆਂ ਹਨ. ਇਸ ਲਈ ਇਹਨਾਂ ਦੀ ਉਸਾਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਪੰਜਾਬ ਸਰਕਾਰ ਦੇ ਵਕੀਲ ਹਾਈਕੋਰਟ ਚ ਸਹੀ ਤੱਥ ਪੇਸ਼ ਨਹੀ ਕਰ ਰਹੇ। ਇਹ ਉਸਾਰੀ ਅਧੀਨ ਫ਼ੈਕਟਰੀਆਂ ਪੇਂਡੂ ਵੱਸੋਂ ਤੋਂ ਕਨੂੰਨ ਅਨੁਸਾਰ ਤਿੰਨ ਸੌ ਮੀਟਰ ਦੂਰ ਹੋਣ, ਪਿੰਡ ਦੀ ਪੰਚਾਇਤ ਜਾਂ ਗ੍ਰਾਮ ਸਭਾ ਦੀ ਮਨਜ਼ੂਰੀ ਨਾ ਹੋਣ, ਘੁੰਗਰਾਲੀ ਰਾਜਪੂਤਾਂ, ਜ਼ੀਰਾ ਸ਼ਰਾਬ ਫੈਕਟਰੀ ਖ਼ਿਲਾਫ਼ ਅੰਦੋਲਨ ਨੂੰ ਅਧਾਰ ਬਣਾ ਕੇ ਕਿ ਇਹਨਾਂ ਫ਼ੈਕਟਰੀਆਂ ਵੱਲੋਂ ਕੀਤੀ ਪੈਦਾਵਾਰ 'ਚ ਵਰਤਿਆ ਜ਼ਹਿਰੀਲਾ ਪਾਣੀ ਧਰਤੀ ਚ ਜਾ ਕੇ ਫਸਲਾਂ ਨਾਲ ਨਾਲ ਨਸਲਾਂ ਦਾ ਵੀ ਘਾਣ ਕਰੋਗਾ ਨੂੰ ਠੋਸ ਤਰਕ ਵਜੋਂ ਪੇਸ਼ ਨਾ ਕਰਕੇ, ਤਾਲਮੇਲ ਕਮੇਟੀ ਵੱਲੋਂ ਤਕਨੀਕੀ ਅਤੇ ਵਿਗਿਆਨਕ ਅਧਾਰ ਤੇ ਇਹ ਸਾਬਤ ਕਰ ਦੇਣ ਕਿ ਇਹ ਫ਼ੈਕਟਰੀਆਂ ਬਦਬੂ, ਗੰਦਗੀ, ਮੱਖੀ ਮੱਛਰ ਤਾਂ ਪੈਦਾ ਕਰਨਗੀਆਂ ਹੀ ਪਰ ਸਮਾਂ ਪਾਕੇ ਇਹ ਕੈਸਰ ਫ਼ੈਕਟਰੀਆਂ ਬਣ ਜਾਣਗੀਆਂ ਨੂੰ ਅਜੇ ਤੱਕ ਕੋਰਟ ਚ ਪੇਸ਼ ਨਹੀਂ ਕੀਤਾ ਗਿਆ। ਹਾਈਕੋਰਟ 'ਚ ਸੱਚੇ ਹੋਣ ਲਈ ਕਹਿ ਦਿੱਤਾ ਕਿ ਵਿਰੋਧ ਕਰ ਰਹੇ ਲੋਕਾਂ ਅਤੇ ਤਾਲਮੇਲ ਸੰਘਰਸ਼ ਕਮੇਟੀ ਨੂੰ ਅਸੀ ਜਚਾ ਦਿੱਤਾ ਹੈ ਕਿ ਇਹ ਫ਼ੈਕਟਰੀਆਂ ਲੱਗਣ ਨਾਲ ਕੋਈ ਸਮੱਸਿਆ ਪੈਦਾ ਨਹੀ ਹੋਵੇਗੀ ਤਾਂ ਕੋਰਟ ਕੋਲ ਸੱਚੇ ਹੋਣ ਲਈ ਪੰਜਾਬ ਸਰਕਾਰ ਨੇ ਹਾਈਕੋਰਟ ਚ 8 ਫਰਵਰੀ 2025 ਤਰੀਖ ਦੇ ਮੱਦੇ ਨਜ਼ਰ ਪੰਜਾਬ ਪੁਲਸ ਵੱਲੋਂ ਮਿੱਥ ਕੇ ਤਿੰਨੇ ਥਾਵਾਂ ਅਖਾੜਾ, ਭੂੰਦੜੀ, ਮੁਸ਼ਕਾਬਾਦ ਦੇ ਸੰਘਰਸ਼ ਮੋਰਚਿਆਂ ਤੇ ਵੱਡੇ ਪੁਲਸੀਆ ਲਾਮ ਲਸ਼ਕਰ ਨਾਲ ਧਾਵਾ ਬੋਲ ਦਿੱਤਾ ਗਿਆ। ਅਖਾੜਾ ਵਾਸੀਆਂ ਨੂੰ ਗਿਆਨ ਸੀ ਕਿ ਸਰਕਾਰ ਇੰਝ ਕਰ ਸਕਦੀ ਹੈ। ਕਿਓਕਿ ਇਸ ਤੋਂ ਪਹਿਲਾਂ ਦੇ ਸਵੇਰ ਪੁਲਸ ਲੋਕਾਂ ਨੇ ਮੋੜੀ ਸੀ। ਪੁਲਸ ਦੇ ਆਉਂਦੇ ਆਉਂਦੇ ਹੀ ਪਿੰਡ ਵਾਸੀ ਮਰਦ ਔਰਤਾਂ 7 ਫਰਵਰੀ ਨੂੰ ਸਾਜਰੇ ਹੀ ਵੱਡੀ ਗਿਣਤੀ ਚ ਸੜਕ ਤੇ ਝੰਡੇ ਲੈ ਡੱਟ ਗਏ। ਭਾਵੇਂ ਇਸ ਥਾਂ ਪੁਲਸ ਨੇ ਅਗਵਾਈ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂਆਂ ਦੇ ਘਰਾਂ ਛਾਪੇ ਵੀ ਮਾਰੇ ਤੇ ਘਰਾਂ 'ਚ ਨਜ਼ਰਬੰਦ ਵੀ ਕੀਤਾ। ਪਰ ਲੋਕਾਂ ਦੇ ਹੜ੍ਹ ਮੂਹਰੇ ਪੁਲਸ ਦੀ ਧਰਨੇ ਨੂੰ ਉਖਾੜਣ ਦੀ ਚਾਲ ਸਫ਼ਲ ਨਾ ਹੋਈ।
ਇਸੇ ਤਰ੍ਹਾਂ ਪੁਲਸੀ ਧਾੜਾਂ ਨੇ ਪਿੰਡ ਭੂੰਦੜੀ ਵਿਖੇ 7 ਫਰਵਰੀ ਨੂੰ ਧਾਵਾ ਬੋਲ ਕੇ ਕੁੱਝ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਲੋਕਾਂ ਦੇ ਇੱਕਠੇ ਹੋਣ ਤੋਂ ਪਹਿਲਾਂ ਹੀ ਪੁਲਸ ਨੇ ਪੂਰੀ ਗੁੰਡਾਗਰਦੀ ਦਿਖਾਉਂਦਿਆ ਫੈਕਟਰੀ ਮੂਹਰੇ ਲੱਗੇ ਧਰਨੇ ਦਾ ਪੱਕਾ ਸ਼ੈਡ ਜੇ ਸੀ ਬੀ ਲਿਆ ਕੇ ਪੂਰੀ ਤਰਾਂ ਉਖਾੜ ਦਿੱਤਾ ਤੇ ਬਾਕੀ ਸਾਰਾ ਸਮਾਨ ਸਮੇਤ ਤਖ਼ਤਪੋਸ਼, ਮੇਜ਼, ਮੰਜੇ, ਗੱਦੇ, ਲੈਕਚਰ ਸਟੈਂਡ ਵਗੈਰਾ ਸਾਰਾ ਕੁੱਝ ਲੁੱਟ ਕੇ ਲੈ ਗਏ। ਇਸ ਧੱਕੇਸ਼ਾਹੀ ਖ਼ਿਲਾਫ਼ ਪਿੰਡ ਦੀਆਂ ਔਰਤਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਜਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਹੰਬਤਾਂ, ਹਾਕਮ ਸਿੰਘ ਭੱਟੀਆਂ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਤਾਂ ਪੁਲਸ ਨੇ ਔਰਤਾਂ 'ਤੇ ਲਾਠੀਚਾਰਜ ਕਰ ਦਿੱਤਾ। ਦੋਹਾਂ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਗਿੱਦੜਵਿੰਡੀ ਪੁਲਿਸ ਚੌਂਕੀ 'ਚ ਨਜ਼ਰਬੰਦ ਕਰ ਦਿੱਤਾ। ਇਸੇ ਤਰਾਂ ਮੁਸ਼ਕਾਬਾਦ ਵਿਖੇ ਵੀ ਪੁਲਸ ਨੇ ਸੰਘਰਸ਼ ਮੋਰਚੇ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੂੰ ਵੀ ਪੁਲਸ ਨੇ ਰਾਹ 'ਚ ਡੱਕ ਲਿਆ। ਅਖਾੜਾ ਅਤੇ ਮੁਸ਼ਕਾਬਾਦ 'ਚ ਧਰਨੇ ਜੰਮ ਗਏ। ਦੋਨਾਂ ਥਾਵਾਂ ਤੇ ਗ੍ਰਿਫ਼ਤਾਰ ਆਗੂ ਰਿਹਾ ਨਾ ਕਰਨ ਦੀ ਸੂਰਤ 'ਚ ਸੜਕ ਜਾਮ ਕਰਨ ਦੀ ਚਿਤਾਵਨੀ ਦੇਣ ਤੋਂ ਬਾਅਦ ਗ੍ਰਿਫ਼ਤਾਰ ਆਗੂ ਪੁਲਿਸ ਨੂੰ ਰਿਹਾਅ ਕਰਨੇ ਪਏ। ਹਾਲਾਂਕਿ ਹਾਈ ਕੋਰਟ 'ਚ ਸੱਚੇ ਹੋਣ ਲਈ ਪੁਲਸ ਨੇ ਭਾਰੀ ਫੋਰਸ ਨਾਲ ਇੱਕ ਟਰਾਲਾ ਫੈਕਟਰੀ 'ਚ ਦਾਖ਼ਲ ਕਰਾਕੇ ਵੀਡੀਓ ਬਣਾ ਲਈ ਪਰ ਮੁਸ਼ਕਾਬਾਦ ਵਾਸੀ ਵਿਸ਼ੇਸ਼ਕਰ ਔਰਤਾਂ ਨੇ ਅਖਾੜਾ ਪਿੰਡ ਦੀਆਂ ਸਾਥਣਾਂ ਵਾਂਗ ਸੰਘਰਸ਼ ਮਘਾਈ ਰੱਖਿਆ। ਉਪਰੰਤ 16 ਫਰਵਰੀ ਨੂੰ ਲੁਧਿਆਣਾ ਦੇ ਬਦਮਿਜ਼ਾਜ ਡੀਸੀ ਨਾਲ ਮੀਟਿੰਗ 'ਚ ਵੀ ਕੋਈ ਸਿੱਟਾ ਨਾ ਨਿਕਲਣ ਕਾਰਨ ਭੂੰਦੜੀ ਸੰਘਰਸ਼ ਮੋਰਚੇ ਦੇ ਸਾਥੀਆਂ ਨੇ ਬਹੁਤ ਹੀ ਤਨਦੇਹੀ ਨਾਲ ਹਰ ਮੁੱਹਲੇ, ਪੱਤੀ, ਬਸਤੀ 'ਚ ਵਿਸਥਾਰਤ ਮੀਟਿੰਗਾਂ ਕਰਕੇ ਮੁੜ ਸਾਰੇ ਪਿੰਡ ਨੂੰ ਪੂਰੀ ਤਰ੍ਹਾਂ ਲਾਮਬੰਦ ਕਰ ਲਿਆ। ਇਸ ਤੋਂ ਪਹਿਲਾਂ 12 ਫਰਵਰੀ ਨੂੰ ਪਿੰਡ ਦਾ ਵਿਸ਼ਾਲ ਇਕੱਠ ਕਰਕੇ ਪਿੰਡ 'ਚ ਜਬਤਬੱਧ ਮੁਜ਼ਾਹਰਾ ਕਰਕੇ ਪੁਲਸੀਆ ਦਹਿਸ਼ਤ ਦਾ ਮੁੰਹ ਤੋੜ ਜਵਾਬ ਦਿੱਤਾ। ਪਿੰਡ ਵਾਸੀਆਂ ਦੀ ਲਾਮਬੰਦੀ ਉਪਰੰਤ 21 ਫਰਵਰੀ ਨੂੰ ਸੰਘਰਸ਼ ਮੋਰਚੇ ਦੀ ਅਗਵਾਈ 'ਚ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਫੈਕਟਰੀ ਮੂਹਰੇ ਵਿਸ਼ਾਲ ਮਾਰਚ ਕਰਕੇ ਮੁੜ ਧਰਨਾ ਸ਼ੁਰੂ ਕਰ ਦਿੱਤਾ ਗਿਆ। ਮੁਜਾਹਰਾਕਾਰੀਆਂ ਨੂੰ ਰੋਕਣ ਲਈ ਪੁਲਸ ਫੋਰਸ ਤਿੰਨ ਡੀਐਸਪੀ ਦੀ ਅਗਵਾਈ 'ਚ ਧਰਨਾ ਮੁੜ ਲਗਾਉਣ ਤੋਂ ਰੋਕਣ ਲਈ ਤਿਆਰ ਬਰ ਤਿਆਰ ਸੀ ਪਰ ਲੋਕ ਏਕਤਾ ਅਤੇ ਮਰ ਮਿੱਟ ਜਾਣ ਦੇ ਜਜ਼ਬੇ ਮੂਹਰੇ ਪੁਲਸ ਦੀ ਇੱਕ ਨਾ ਚੱਲੀ। ਪੁਲਸ ਦੇ ਲਾਏ ਟਿੱਪਰ ਤੇ ਨਾਕੇ ਲੋਕਾਂ ਨੇ ਪੂਰੀ ਦਲੇਰੀ ਨਾਲ ਭੰਨ੍ਹ ਦਿੱਤੇ। ਪੁਲਸ ਨੇ ਇੱਕ ਵੇਰ ਫਿਰ ਹਲਕਾ ਲਾਠੀਚਾਰਜ ਕਰਕੇ ਲੋਕਾਂ 'ਚ ਦਹਿਸ਼ਤ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਪਰ ਸਭ ਵਿਅਰਥ। ਲੋਕਾਂ ਨੇ ਲੁਧਿਆਣਾ ਧਰਮਕੋਟ ਮੁੱਖ ਸੜਕ ਤੇ ਜਾਮ ਲਾ ਕੇ ਧਰਨਾ ਸ਼ੁਰੂ ਕਰ ਦਿੱਤਾ।
30 ਅਪ੍ਰੈਲ 2024 ਤੋਂ ਅਖਾੜਾ ਪਿੰਡ ਦੀ ਨਿਆਈਂ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦੀ ਖਾਸੀਅਤ ਇਹ ਰਹੀ ਹੈ ਕਿ ਇਸ ਕੈਂਸਰ ਫੈਕਟਰੀ ਲੱਗਣ ਦੇ ਗੰਭੀਰ ਖ਼ਤਰਿਆਂ ਨੂੰ ਭਾਂਪਦਿਆਂ ਪਿੰਡ ਦੇ ਲੋਕਾਂ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਅਗਵਾਈ ਵਿੱਚ ਵੱਡਾ ਇਕੱਠ ਕੀਤਾ ਗਿਆ। ਪਿੰਡ ਦੇ ਲੋਕ ਖ਼ਾਸ ਕਰ ਕਿਸਾਨ-ਮਜ਼ਦੂਰ ਅਤੇ ਹੋਰ ਮਿਹਨਤਕਸ਼ ਤਬਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਗੰਭੀਰ ਵਿਚਾਰਾਂ ਕਰਨ ਉਪਰੰਤ ਪਿੰਡ ਦੇ ਲੋਕਾਂ ਲਈ ਵੱਡੀ ਮੁਸੀਬਤ ਬਣਨ ਵਾਲੀ ਇਸ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ। ਅਨੇਕਾਂ ਵਾਰ ਪੁਲਿਸ ਨੇ ਇਸ ਸੰਘਰਸ਼ ਨੂੰ ਪੁਲਿਸ ਜਬਰ ਰਾਹੀਂ ਦਬਾਉਣ ਦੇ ਯਤਨ ਕੀਤੇ ਪਰ ਪੁਲਿਸ ਦਾ ਹਰ ਯਤਨ ਜਥੇਬੰਦਕ ਲੋਕ ਤਾਕਤ ਦੇ ਬਲ 'ਤੇ ਫੇਲ੍ਹ ਕੀਤਾ ਗਿਆ। 2024 ਵਿੱਚ ਹੋਈਆਂ ਲੋਕ ਸਭਾ ਚੋਣਾਂ ਮੌਕੇ ਮੁਕੰਮਲ ਬਾਈਕਾਟ ਕਰਕੇ ਆਪਣੇ ਏਕੇ ਦਾ ਸਬੂਤ ਦਿੱਤਾ। ਵਾਰ-ਵਾਰ ਚੜ੍ਹਕੇ ਆਈਆਂ ਪੁਲਿਸੀ ਧਾੜਾਂ ਨੂੰ ਪਛਾੜਿਆ। ਜਬਰ ਨਾਕਮੀ ਹੋਰ ਜਬਰ-ਜਦੋਂ ਤੀਕ ਨਾਂ ਮਿਲੇ ਕਬਰ ਦੀ ਇਤਿਹਾਸਕ ਸੱਚਾਈ ਅਨੁਸਾਰ 26 ਮਾਰਚ 2025 ਦਿਨ ਸ਼ੁੱਕਰਵਾਰ ਨੂੰ ਪਿੰਡ ਅਖਾੜਾ ਵਿੱਚ ਬਾਇਓ ਗੈਸ(ਕੈਂਸਰ)ਫੈਕਟਰੀ ਬੰਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਇੱਕ ਵਾਰ ਫੇਰ ਜਾਬਰ ਹੱਲਾ ਬੋਲਦਿਆਂ ਦਿਨ ਚੜ੍ਹਨ ਤੋਂ ਪਹਿਲਾਂ ਹੀ ਮੋਰਚੇ ਨੂੰ ਜ਼ਬਰੀ ਉਖਾੜ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਕੁਲਵੰਤ ਸਿੰਘ ਭਦੌੜ, ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਸ਼ਹਿਣਾ ਬਲਾਕ ਦੇ ਸਕੱਤਰ ਕਾਲਾ ਜੈਦ, ਰਾਏਕੋਟ ਬਲਾਕ ਪ੍ਰਧਾਨ ਸਰਬਜੀਤ ਸਿੰਘ ਧੂਰਕੋਟ, ਬਲਵੰਤ ਸਿੰਘ ਠੀਕਰੀਵਾਲਾ ਸਮੇਤ ਪਿੰਡ ਅਖਾੜਾ ਦੇ ਕਿਸਾਨ ਮਰਦ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਖਾੜਾ ਪਿੰਡ ਵਿੱਚ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਸਪੀਕਰ ਨੂੰ ਵੀ ਬੰਦ ਕਰਵਾ ਦਿੱਤਾ ਗਿਆ। ਅਖਾੜਾ ਪਿੰਡ ਦੇ ਜੁਝਾਰੂ ਕਿਸਾਨ ਮਰਦ-ਔਰਤਾਂ ਨੇ ਜ਼ਬਰ ਦਾ ਪੂਰੀ ਸਿਦਕ ਦਿਲੀ ਨਾਲ ਟਾਕਰਾ ਕੀਤਾ। ਲੁਧਿਆਣਾ ਜ਼ਿਲ੍ਹੇ ਦੇ ਆਗੂਆਂ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਜਗਰਾਓਂ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਜਗਰਾਓਂ ਬਲਾਕ ਦੇ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਨੂੰ ਪਿੰਡ ਬੱਸੂਵਾਲ ਦੀਆਂ ਜੁਝਾਰੂ ਔਰਤਾਂ ਨੇ ਘੇਰਕੇ ਬੇਰੰਗ ਭੇਜਿਆ।
ਇਸ ਜਬਰ ਖ਼ਿਲਾਫ਼ ਟਾਕਰਾ ਕਰਦਿਆਂ ਅਖਾੜਾ ਅਤੇ ਆਲੇ ਦੁਆਲੇ ਦੇ ਪਿੰਡਾਂ ਨੇ ਪੁਲਿਸ ਦਾ ਪਾਲਿਆ ਭਰਮ ਚਕਨਾਚੂਰ ਕਰਦਿਆਂ ਬਰਨਾਲਾ-ਜਗਰਾਓਂ ਸੜਕ ਜਾਮ ਕਰ ਦਿੱਤੀ। ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ -ਮਜ਼ਦੂਰ ਮਰਦ ਔਰਤਾਂ ਦੇ ਕਾਫ਼ਲੇ ਸ਼ਾਮਿਲ ਹੋ ਗਏ ਹਨ। ਭਾਰੀ ਪੁਲਿਸ ਨਫ਼ਰੀ ਦੁਆਰਾ ਕੁੱਝ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਵੀ ਲੋਕਾਂ ਨੇ ਨਾਕਾਮ ਕਰ ਦਿੱਤੀ। ਸਮੁੱਚੇ ਪੰਜਾਬ ਵਿੱਚ ਹਕੂਮਤ ਦੇ ਜ਼ਬਰ ਖ਼ਿਲਾਫ਼ ਰੋਹ ਉਬਾਲੇ ਖਾਣ ਲੱਗਾ। ਜਥੇਬੰਦਕ ਲੋਕ ਸੰਘਰਸ਼ ਨਾਲ ਪੁਲਿਸ ਦੀ ਦਹਿਸ਼ਤ ਪਾਉਣ ਅਤੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਸੰਘਰਸ਼ ਦਾ ਮੈਦਾਨ ਭਖ ਗਿਆ। ਅਜਿਹੇ ਸੰਘਰਸ਼ਾਂ ਵਿੱਚ ਸਭਨਾਂ ਸੰਘਰਸ਼ਸ਼ੀਲ, ਇਨਕਲਾਬੀ, ਜਮਹੂਰੀ, ਜਨਤਕ ਜਥੇਬੰਦੀਆਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਲੋਕ ਕਾਫ਼ਲੇ ਨੇ ਅਖਾੜਾ ਬਾਇਓ ਗੈਸ ਫੈਕਟਰੀ ਬੰਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਪੁਲਿਸ ਜ਼ਬਰ ਰਾਹੀਂ ਤਾਰਪੀਡੋ ਕਰਨ ਦੀ ਸਾਜ਼ਿਸ਼ ਮਿੱਟੀ ਵਿੱਚ ਮਿਲਾ ਦਿੱਤੀ ਹੈ। ਬਾਇਓ ਗੈਸ ਫੈਕਟਰੀ ਅੱਗੇ ਧਰਨਾ ਮੁੜ ਸ਼ੁਰੂ ਹੋ ਗਿਆ ਹੈ। ਗ੍ਰਿਫ਼ਤਾਰ ਕੀਤੇ ਸਾਰੇ ਆਗੂ ਭਾਕਿਯੂ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਲੜੇ ਜਾ ਰਹੇ ਜਥੇਬੰਦਕ ਸੰਘਰਸ਼ ਰਿਹਾਅ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਹਰ ਸੰਘਰਸ਼ ਨੂੰ ਜਿੱਤ ਦੇ ਅੰਜਾਮ ਤੱਕ ਪਹੁੰਚਾਉਣ ਲਈ ਸੰਘਰਸ਼ ਦੀ ਦਿਸ਼ਾ ਤਹਿ ਕਰਨ ਦੀ ਲੋੜ ਹੁੰਦੀ ਹੈ। ਕਿਉਂਕਿ ਗੈਰ ਜਥੇਬੰਦਕ ਲੋਕ ਅਤੇ ਕੁੱਝ ਗੈਰ ਸਮਾਜੀ ਅਨਸਰ ਅਕਸਰ ਹੀ ਘੋਲ ਨੂੰ ਲੀਹੋਂ ਲਾਹੁਣ ਲਈ ਦਿਸ਼ਾ ਹੀਣ ਆਮ ਲੋਕਾਈ ਦੀ ਸਮਝ ਨਾਲੋਂ ਨਿੱਖੜੇ ਹੋਏ ਕਦਮ ਚੁੱਕਣ ਲਈ ਉਕਸਾਉਂਦੇ ਹਨ। ਇਸ ਘੋਲ ਦੀ ਅਗਵਾਈ ਕਰਨ ਵਾਲੀ ਬੀਕੇਯੂ ਏਕਤਾ-ਡਕੌਂਦਾ ਦੀ ਆਗੂ ਟੀਮ ਕੋਲ ਮਹਿਲਕਲਾਂ ਲੋਕ ਘੋਲ ਦੀ ਸਾਂਝੇ ਸੰਗ੍ਰਾਮਾਂ ਦੀ ਵਿਰਾਸਤ ਮੌਜੂਦ ਹੈ। ਮਹਿਲਕਲਾਂ ਲੋਕ ਘੋਲ ਨੇ 'ਭੈਣੋ ਰਲੋ ਭਰਾਵਾਂ ਸੰਗ-ਰਲ ਕੇ ਜਿੱਤੀਏ ਹੱਕੀ ਜੰਗ' ਦੇ ਦਿੱਤੇ ਸੁਨੇਹੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਦਿਆਂ ਔਰਤ ਕਾਰਕੁਨਾਂ ਦੀ ਵੱਡੀ ਸ਼ਮੂਲੀਅਤ ਨੇ ਸੰਘਰਸ਼ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ। ਅਖਾੜਾ ਪਿੰਡ ਦੀ ਅਣਖੀਲੀ ਮਿੱਟੀ ਦੇ ਵਾਰਸਾਂ ਅਤੇ ਸੰਘਰਸ਼ ਦੀ ਅਗਵਾਈ ਕਰਨ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਜੁਝਾਰੂ ਕਾਫ਼ਲਿਆਂ ਨੂੰ ਸਲਾਮ! ਇਸ ਪੂਰੇ ਸੰਘਰਸ਼ ਨੂੰ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਕਰਮੀਆਂ ਨੇ ਆਪਣਾ ਇਖਲਾਕੀ ਫਰਜ ਸਮਝਦਿਆਂ ਕਵਰੇਜ ਕਰਕੇ ਕਲਮ ਕਲਾ ਅਤੇ ਸੰਗਰਾਮ ਦੀ ਜੋਟੀ ਨੂੰ ਪੀਡਾ ਕੀਤਾ ਹੈ। ਸ਼ਾਲਾ ਇਹ ਕਰੰਗੜੀ ਹੋਰ ਮਜ਼ਬੂਤ ਹੋਵੇ।

-
ਨਰਾਇਣ ਦੱਤ, ਲੇਖਕ
ndutt2011@gmail.com
8427511770
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.