ਕੈਨੇਡਾ 'ਚ ਸਿੱਖ ਆਪਣਾ ਰਾਜਨੀਤਕ ਦਬਦਬਾ ਬਣਾ ਰਹੇ ਹਨ: ਬਾਬਾ ਬਲਬੀਰ ਸਿੰਘ 96 ਕਰੋੜੀ
- ਕੈਨੇਡਾ ਦੀ ਪਾਰਲੀਮਾਨੀ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਵਧਾਈ ਦਿਤੀ
ਅੰਮ੍ਰਿਤਸਰ:-1 ਮਈ 2025 - ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਨੇਡਾ ਵਿੱਚ ਹੋਈਆਂ ਪਾਰਲੀਮਾਨੀ ਚੋਣਾਂ ਦੋਰਾਨ ਜਿੱਤ ਪ੍ਰਾਪਤ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿਤੀ ਹੈ ਅਤੇ ਕਿਹਾ ਕਿ ਪੰਜਾਬੀ ਤੇ ਭਾਰਤੀ ਮੂਲ ਦੇ ਚੋਣ ਲੜਨ ਵਾਲੇ ਵਿਸ਼ੇਸ਼ ਤੌਰ ਤੇ ਸਿੱਖ ਭਾਰਾਵਾਂ ਨੂੰ ਕਨੇਡੀਅਨ ਲੋਕਾਂ ਨੇ ਜ਼ਿਆਦਾ ਪਸੰਦ ਕੀਤਾ ਹੈ ਉਨ੍ਹਾਂ ਨੂੰ ਵੋਟਾਂ ਰਾਹੀ ਸ਼ਾਨਦਾਰ ਜਿੱਤ ਦਿਵਾਈ ਹੈ।
ਉਨ੍ਹਾਂ ਕਿਹਾ ਕਿ ਇਹ ਸ਼ੁਭ ਸੰਕੇਤ ਹਨ ਕਿ ਸਿੱਖ ਹੁਣ ਪੂਰੀ ਸੰਸਾਰ ਦੀ ਰਾਜਨੀਤੀ ਵਿੱਚ ਆਪਣਾ ਪੂਰਾ ਦਬਾ ਦਬਾ ਪੈਦਾ ਕਰ ਰਹੇ ਹਨ। ਕੈਨੇਡਾ ਦੀਆਂ ਚੋਣਾਂ `ਚ ਪੰਜਾਬੀ ਭਾਈਚਾਰੇ ਨੇ ਇਤਿਹਾਸ ਰਚਿਆ ਹੈ। ਇਸ ਵਾਰ ਕੁੱਲ 22 ਪੰਜਾਬੀ ਉਮੀਦਵਾਰ ਕਨੇਡੀਅਨ ਸੰਸਦ ਲਈ ਚੁਣੇ ਗਏ ਹਨ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ਼ ਪੰਜਾਬੀ ਭਾਈਚਾਰੇ ਦੇ ਵਧ ਰਹੇ ਰਾਜਨੀਤਿਕ ਪ੍ਰਭਾਵ ਨੂੰ ਦਰਸਾਉਂਦੀ ਹੈ ਬਲਕਿ ਕੈਨੇਡਾ ਦੀ ਵੰਨ-ਸੁਵੰਨਤਾ ਤੇ ਸਮਾਵੇਸ਼ੀ ਰਾਜਨੀਤੀ ਦਾ ਵੀ ਪ੍ਰਤੀਕ ਹੈ।