ਬਠਿੰਡਾ ਦੇ ਕੈਮਿਸਟ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਦੇ "ਯੁੱਧ ਨਸ਼ਿਆਂ ਵਿਰੁੱਧ" ਦੀ ਹਮਾਇਤ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 1 ਮਈ 2025 : ਬਠਿੰਡਾ ਜ਼ਿਲ੍ਹੇ ਦੇ ਕੈਮਿਸਟ ਭਾਈਚਾਰੇ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ "ਯੁੱਧ ਨਸ਼ਿਆਂ ਵਿਰੁੱਧ" ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਹੈ ਕਿ ਉਹ ਇਸ ਮੁਹਿੰਮ ਦੇ ਪੂਰੀ ਤਰ੍ਹਾਂ ਹੱਕ ਵਿੱਚ ਹਨ ਅਤੇ ਨਸ਼ਿਆਂ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ ਪਰ ਇਸ ਦੀ ਆੜ ਵਿੱਚ ਕਿਸੇ ਵੀ ਬੇਕਸੂਰ ਮੈਡੀਕਲ ਸਟੋਰ ਮਾਲਕ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਰਿਟੇਲ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ, ਕੈਮਿਸਟਾਂ ਨੇ ਇਹ ਫੈਸਲਾ ਲਿਆ । ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਸਾਰੇ ਕੈਮਿਸਟ ਸਮੇਂ-ਸਮੇਂ 'ਤੇ ਸਰਕਾਰ ਵੱਲੋਂ ਸਮਾਜ ਦੀ ਭਲਾਈ ਲਈ ਚਲਾਈ ਜਾ ਰਹੀ ਹਰ ਮੁਹਿੰਮ ਦਾ ਸਮਰਥਨ ਕਰਦੇ ਰਹੇ ਹਨ ਅਤੇ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦਾ ਵੀ ਪੂਰਾ ਸਮਰਥਨ ਕਰਦੇ ਹਨ।
ਜ਼ਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ ਬਾਲਿਆਂਵਾਲੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਨਾਮ 'ਤੇ ਕੈਮਿਸਟਾਂ ਨੂੰ ਤੰਗ ਨਾ ਕਰਨ, ਤਾਂ ਜੋ ਕੈਮਿਸਟ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣਾ ਸਾਫ਼-ਸੁਥਰਾ ਕਾਰੋਬਾਰ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕੈਮਿਸਟਾਂ ਨੂੰ ਪਰੇਸ਼ਾਨ ਕੀਤਾ ਗਿਆ, ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰ ਦੀ ਪਰਚੀ ਤੋਂ ਬਿਨਾਂ ਕੋਈ ਵੀ ਨਾਰਕੋਟਿਕਸ ਡਰੱਗਜ਼ ਅਤੇ ਸ਼ਡਿਊਲ ਐੱਚ 1 ਡਰੱਗਜ਼ ਦੀ ਸੇਲ ਪਰਚੇਜ਼ ਨਾ ਕਰਨ। ਉਨ੍ਹਾਂ ਕਿਹਾ ਕਿ ਡਾਕਟਰੀ ਪਰਚੀ 'ਤੇ ਸੇਲ ਪਰਚੇਜ਼ ਕੀਤੀਆਂ ਜਾਣ ਵਾਲੀਆਂ ਨਾਰਕੋਟਿਕਸ ਡਰੱਗਜ਼ ਅਤੇ ਸ਼ਡਿਊਲ ਐੱਚ 1 ਡਰੱਗਜ਼ ਦਾ ਪੂਰਾ ਰਿਕਾਰਡ ਹਰ ਕੈਮਿਸਟਾਂ ਨੂੰ ਰੱਖਣਾ ਚਾਹੀਦਾ ਹੈ, ਤਾਂ ਜੋ ਡਰੱਗ ਅਥਾਰਟੀ ਦੁਆਰਾ ਪੁੱਛੇ ਜਾਣ 'ਤੇ ਵੇਰਵੇ ਪ੍ਰਦਾਨ ਕੀਤੇ ਜਾ ਸਕਣ।
ਇਸ ਮੌਕੇ ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਆਰਸੀਏ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਚੇਅਰਮੈਨ ਪ੍ਰੀਤਮ ਸਿੰਘ ਵਿਰਕ, ਸੀਨੀਅਰ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਸਾਹਨੀ, ਸਲਾਹਕਾਰ ਐਡਵੋਕੇਟ ਗੁਰਵਿੰਦਰ ਸਿੰਘ, ਸੁਰੇਸ਼ ਤਾਇਲ, ਸਕੱਤਰ ਰਾਜਕੁਮਾਰ ਸਿੰਗਲਾ ਅਤੇ ਪੋਰਿੰਦਰ ਕੁਮਾਰ, ਹਰਮੇਲ ਸਿੰਘ, ਸੰਦੀਪ ਸਿਡਾਨਾ, ਅਸ਼ਵਨੀ ਠਾਕੁਰ, ਰਜਿੰਦਰ ਸੂਦ, ਦਿਨੇਸ਼ ਸਿੰਘ, ਡਾ: ਰਾਮੇਸ਼ ਚੁੱਘ, ਧਰਮਿੰਦਰ ਸਿੰਘ ਗਹਿਰੀ, ਡਾ. ਰਮੇਸ਼ ਕੁਮਾਰ, ਅਰੋੜਾ ਜੀ, ਪ੍ਰਿੰਸ ਗਰਗ, ਪ੍ਰਿੰਸ ਆਈ.ਟੀ.ਆਈ., ਬੌਬੀ ਜਵਾਹਰ ਮੈਡੀਕਲ ਵਾਲੇ, ਗੁਰਪ੍ਰੀਤ ਸਿੰਘ ਗੋਲਡੀ, ਛਿੰਦਰਪਾਲ ਸਿਡਾਨਾ, ਦਲੇਰ ਸਿੰਘ ਅਤੇ ਹੋਰ ਕੈਮਿਸਟ ਹਾਜ਼ਰ ਸਨ।