ਪੰਜਾਬ ਸਰਕਾਰ ਦੀ ਨਾਲਾਇਕੀ ਅਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੇ ਚਲਦੇ ਪੰਜਾਬ ਦੇ ਹੱਕਾਂ ਤੇ ਡਾਕਾ ਵੱਜਿਆ - ਪੰਜ ਮੈਂਬਰੀ ਭਰਤੀ ਕਮੇਟੀ
- ਪੰਜ ਮੈਂਬਰੀ ਭਰਤੀ ਕਮੇਟੀ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ
- ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਪੰਜਾਬ ਦੇ ਮੁੱਦਿਆਂ ਦੀ ਰਾਖੀ ਨਹੀਂ ਕਰ ਸਕਦੀਆਂ, ਪੰਜਾਬ ਬੀਜੇਪੀ ਦੀ ਚੁੱਪੀ ਵੱਡੀ ਸਾਜ਼ਿਸ਼ ਦਾ ਹਿੱਸਾ
ਚੰਡੀਗੜ੍ਹ, 1 ਮਈ 2025 - ਚੰਡੀਗੜ () ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵੱਲੋਂ ਹਰਿਆਣਾ ਨੂੰ ਤਤਕਾਲ ਪ੍ਰਭਾਵ ਨਾਲ 8500 ਕਿਊਸਕ ਪਾਣੀ ਦੇਣ ਮਾਮਲੇ ਤੇ ਪੰਜ ਮੈਂਬਰੀ ਭਰਤੀ ਕਮੇਟੀ ਮੈਂਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰ ਅਤੇ ਬੀਬੀ ਸਤਵੰਤ ਕੌਰ ਨੇ ਸਖ਼ਤ ਵਿਰੋਧ ਕੀਤਾ ਹੈ। ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਨੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਅਤੇ ਸੂਬੇ ਦੇ ਪੱਖ ਨੂੰ ਮਜ਼ਬੂਤੀ ਨਾਲ ਪੇਸ਼ ਨਾ ਕੀਤੇ ਜਾਣ ਦਾ ਖੁਮਿਆਜਾ ਪੰਜਾਬ ਨੂੰ ਭੁਗਤਣਾ ਹੋਵੇਗਾ।
ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਤਮਾਮ ਸਰਵੇ ਵਿੱਚ ਬੜਾ ਸਪੱਸ਼ਟ ਹੋ ਚੁੱਕਾ ਹੈ ਪੰਜਾਬ ਡਾਰਕ ਜ਼ੋਨ ਵਿੱਚ ਪਹੁੰਚ ਚੁੱਕਾ ਹੈ। ਕਈ ਜ਼ਿਲਿਆਂ ਵਿੱਚ ਪਾਣੀ ਦਾ ਪੱਧਰ ਹਜ਼ਾਰ ਫੁੱਟ ਤੋਂ ਡੂੰਘਾ ਹੋ ਚੁੱਕਾ ਹੈ। ਕਈ ਜ਼ਿਲੇ ਸੋਕੇ ਦੀ ਮਾਰ ਸਹਿ ਰਹੇ ਹਨ। ਜੇਕਰ ਡੈਮਾਂ ਵਿੱਚ ਘਟੇ ਪਾਣੀ ਦੇ ਪੱਧਰ ਦੀ ਗੱਲ ਕੀਤੀ ਜਾਵੇ, ਮੀਡੀਆ ਰਿਪੋਰਟ ਅਨੁਸਾਰ ਪਿਛਲੇ ਸਾਲ ਇਹਨਾ ਦਿਨਾਂ ਦੇ ਮੁਕਾਬਲੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 31.87 ਫ਼ੀਸਦ ਘਟ ਚੁੱਕਾ ਹੈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 16.90 ਫ਼ੀਸਦ ਘਟ ਚੁੱਕਾ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 10 ਫ਼ੀਸਦ ਘਟ ਚੁੱਕਾ ਹੈ। ਡੈਮਾਂ ਵਿੱਚ ਘਟੇ ਪਾਣੀ ਦੇ ਪੱਧਰ ਦੀ ਮਾਰ ਵੀ ਪੰਜਾਬ ਦੇ ਕਿਸਾਨਾਂ ਨੂੰ ਅਗਾਮੀ ਫ਼ਸਲ ਦੇ ਸੀਜ਼ਨ ਵਿੱਚ ਝੱਲਣੀ ਪਵੇਗੀ ਅਤੇ ਉਸ ਤੋਂ ਉਪਰ ਦੋਹਰੀ ਮਾਰ ਹਰਿਆਣਾ ਨੂੰ ਦਿੱਤੇ ਜਾਣ ਵਾਲਾ 8500 ਕਿਊਸਕ ਪਾਣੀ ਪਾਵੇਗਾ।
ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਢੇ ਪੰਜ ਘੰਟੇ ਚੱਲੀ ਬੀਬੀਐੱਮਬੀ ਦੀ ਮੀਟਿੰਗ ਵਿੱਚ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਨਹੀਂ ਰੱਖ ਸਕੇ। ਹਰਿਆਣਾ ਵਲੋ ਰੱਖੇ ਮਨੁੱਖੀ ਅਧਾਰ ਦੀ ਰਿਪੋਰਟ ਦੇ ਮੁਕਾਬਲੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਬਣੇ ਸੋਕੇ ਵਰਗੇ ਹਲਾਤਾਂ ਨੂੰ ਤਰਕ ਨਾਲ ਪੇਸ਼ ਕਰਨ ਵਿੱਚ ਨਾਕਾਮ ਰਹੇ।
ਇਸ ਦੇ ਨਾਲ ਹੀ ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਨੇ ਜੋਰ ਦੇਕੇ ਕਿਹਾ ਕਿ, ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਪੰਜਾਬ ਅਤੇ ਪੰਜਾਬ ਨਾਲ ਜੁੜੇ ਮੁੱਦਿਆਂ ਦੀ ਰਾਖੀ ਨਹੀਂ ਕਰ ਸਕਦੀਆਂ। ਇਹੀ ਵਜ੍ਹਾ ਹੈ ਕਿ ਬੀਜੇਪੀ,ਕਾਂਗਰਸ ਅਤੇ ਆਪ ਲੀਡਰਸ਼ਿਪ ਦੇ ਦੋਹਰੇ ਮਾਪਦੰਡਾਂ ਦਾ ਖੁਮਿਆਜਾ ਪੰਜਾਬ ਭੁਗਤ ਰਿਹਾ ਹੈ। ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿ, ਜਿੱਥੇ ਕੇਂਦਰ ਦੀ ਬੀਜੇਪੀ ਸਰਕਾਰ ਨੇ ਪੰਜਾਬ ਨਾਲ ਵੱਡਾ ਧੋਖਾ ਕੀਤਾ ਹੈ ਉਥੇ ਪੰਜਾਬ ਬੀਜੇਪੀ ਲੀਡਰਸ਼ਿਪ ਦੀ ਗਹਿਰੀ ਚੁੱਪੀ ਇਸ ਗੱਲ ਤੇ ਮੋਹਰ ਲਗਾਉਂਦੀ ਹੈ ਕਿ ਆਪਣੇ ਕੇਂਦਰੀ ਮਨਸੂਬਿਆਂ ਨੂੰ ਪੂਰਾ ਕਰਨ ਲਈ ਓਹਨਾ ਦੀ ਪੂਰੀ ਮਿਲੀਭੁਗਤ ਰਹੀ। ਇਸ ਦੇ ਨਾਲ ਹੀ ਆਪ ਸੁਪਰੀਮੋ ਦਾ ਨੀਤੀਗਤ ਦੋਹਰਾ ਸਟੈਂਡ ਵੀ ਪੰਜਾਬ ਲਈ ਘਾਤਕ ਸਾਬਿਤ ਹੋਇਆ। ਹਰਿਆਣਾ ਵਿਧਾਨ ਸਭਾ ਚੋਣਾਂ ਵੇਲੇ ਸਿਆਸੀ ਸਵਾਰਥਾਂ ਹੇਠ ਕੇਜਰੀਵਾਲ ਹਰਿਆਣਾ ਵਾਸੀਆਂ ਨੂੰ ਪੰਜਾਬ ਵਿੱਚ 'ਆਪ' ਸਰਕਾਰ ਹੋਣ ਅਤੇ ਪੰਜਾਬ ਸਰਕਾਰ ਤੋਂ ਆਪਣੀ ਇੱਛਾ ਮੁਤਾਬਿਕ ਕੁਝ ਵੀ ਕਰਵਾ ਲੈਣ ਦੇ ਕੀਤੇ ਦਾਅਵਿਆਂ ਦਾ ਖੁਮਿਆਜਾ ਵੀ ਪੰਜਾਬ ਨੂੰ ਭੁਗਤਣਾ ਪਿਆ। ਮੁੱਖ ਮੰਤਰੀ ਭਗਵੰਤ ਮਾਨ ਵੀ ਅਰਵਿੰਦ ਕੇਜਰੀਵਾਲ ਦੇ ਇਹਨਾ ਦੇ ਦਾਅਵਿਆਂ ਤੇ ਸਮਾਂ ਰਹਿੰਦੇ ਕਦੇ ਵਿਰੋਧ ਦਰਜ ਨਹੀ ਕਰਵਾ ਸਕੇ,ਇਸ ਕਰਕੇ ਬੀਤੇ ਦਿਨ ਬੀਬੀਐਮਬੀ ਦੀ ਮੀਟਿੰਗ ਵਿੱਚ ਉਨਾਂ ਦੀ ਸਿਆਸੀ ਕਮਜੋਰੀ ਦਾ ਨੁਕਸਾਨ ਪੰਜਾਬ ਨੂੰ ਭੁਗਤਣਾ ਪਿਆ।
ਇਸ ਦੇ ਨਾਲ ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਨੇ ਪਾਣੀਆਂ ਦੇ ਨਾਜੁਕ ਮਸਲੇ ਤੇ ਸਾਰੀਆਂ ਸਿਆਸੀ ਧਿਰਾਂ, ਸਮਾਜਿਕ ਜਥੇਬੰਦੀਆਂ, ਕਿਸਾਨ ਆਗੂਆਂ ਨੂੰ ਪੁਰਜੋਰ ਅਪੀਲ ਕੀਤੀ ਕਿ, ਪੰਜਾਬ ਦੇ ਇਸ ਵੱਡੇ ਅਤੇ ਅਹਿਮ ਮੁੱਦੇ ਤੇ ਇੱਕ ਪਲੇਟਫਾਰਮ ਨੂੰ ਅਖ਼ਤਿਆਰ ਕਰਕੇ ਅਗਲੀ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇ। ਭਰਤੀ ਕਮੇਟੀ ਮੈਬਰਾਂ ਨੇ ਪੰਜਾਬ ਪ੍ਰਤੀ ਆਪਣੀ ਵਚਨਬੱਧਤਾ ਨੂੰ ਇਮਾਨਦਾਰੀ ਨਾਲ ਰੱਖਦਿਆਂ ਕਿਹਾ ਕਿ ਓਹ ਪੰਜਾਬ ਦੇ ਮੁੱਦਿਆਂ ਤੇ ਹਮੇਸ਼ ਮੂਹਰਲੀ ਕਤਾਰ ਵਿੱਚ ਖੜ ਕੇ ਫਰਜਾਂ ਦੀ ਪੂਰਤੀ ਕਰਦੇ ਰਹਿਣਗੇ।