ਗਮਾਡਾ ਦਫ਼ਤਰ ’ਚ ED ਦੀ ਪਿਛਲੇ 36 ਘੰਟਿਆਂ ਤੋਂ ਰੇਡ ਜਾਰੀ, ਅੱਜ ਰਾਤ ਵੀ ਅਧਿਕਾਰੀ ਦਫ਼ਤਰ 'ਚ ਹੀ ਡਟੇ ਰਹਿਣ ਦੇ ਆਸਾਰ!
ਗਮਾਡਾ 'ਚ ਰਾਤ ਕੱਟਣ ਲਈ ਮੰਗਵਾਏ ਗੱਦੇ, ਆਈ.ਏ.ਐੱਸ. ਅਧਿਕਾਰੀ ਅਤੇ ਮੰਤਰੀ ਦੇ ਕਰੀਬੀ 'ਤੇ ਵੀ ਸ਼ਿਕੰਜਾ
ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਵਿੱਚ ਡਰ ਦਾ ਮਾਹੌਲ ਬਣਾਉਣ ਲਈ ਕੇਂਦਰੀ ਏਜੰਸੀਆਂ ਦਾ ਸਹਾਰਾ ਲੈ ਰਹੀ ਹੈ: AAP
ਐੱਸ.ਏ.ਐੱਸ. ਨਗਰ (ਮੋਹਾਲੀ), 23 ਸਤੰਬਰ 2026- ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ਵਿਖੇ ਈਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਵੱਲੋਂ ਸ਼ੁਰੂ ਕੀਤੀ ਗਈ ਛਾਪੇਮਾਰੀ ਲਗਾਤਾਰ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਈਡੀ ਦੀ ਇਹ ਕਾਰਵਾਈ ਪਿਛਲੇ 36 ਘੰਟਿਆਂ ਤੋਂ ਵੱਧ ਸਮੇਂ ਤੋਂ ਨਿਰੰਤਰ ਚੱਲ ਰਹੀ ਹੈ, ਜਿਸ ਨਾਲ ਸਰਕਾਰੀ ਗਲਿਆਰਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਭਾਰੀ ਹੜਕੰਪ ਮਚਿਆ ਹੋਇਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਸਵੇਰੇ ਲਗਭਗ 11:30 ਵਜੇ ਈਡੀ ਦੀਆਂ ਟੀਮਾਂ ਨੇ ਇੱਕੋ ਸਮੇਂ ਗਮਾਡਾ ਦਫ਼ਤਰ ਵਿੱਚ ਛਾਪਾ ਮਾਰਿਆ ਸੀ। ਦਫ਼ਤਰ ਵਿੱਚ ਦਾਖ਼ਲ ਹੁੰਦਿਆਂ ਹੀ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਪੂਰੇ ਦਫ਼ਤਰ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਅਤੇ ਸਾਰੇ ਰਿਕਾਰਡ, ਦਸਤਾਵੇਜ਼ ਅਤੇ ਕੰਪਿਊਟਰ ਪ੍ਰਣਾਲੀਆਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਵੱਲੋਂ ਦਫ਼ਤਰ ਦੇ ਅੰਦਰ ਮੌਜੂਦ ਸਟਾਫ਼ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਤਾਜ਼ਾ ਸੂਚਨਾ ਅਨੁਸਾਰ, ਅੱਜ ਸ਼ਾਮ ਈਡੀ ਦੀ ਟੀਮ ਵੱਲੋਂ ਗਮਾਡਾ ਦਫ਼ਤਰ ਦੇ ਅੰਦਰ ਹੀ ਗੱਦੇ ਅਤੇ ਹੋਰ ਜ਼ਰੂਰੀ ਸਾਮਾਨ ਮੰਗਵਾਇਆ ਗਿਆ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜਾਂਚ ਦੀ ਪ੍ਰਕਿਰਿਆ ਅਜੇ ਖ਼ਤਮ ਨਹੀਂ ਹੋਈ ਹੈ ਅਤੇ ਈਡੀ ਦੇ ਅਧਿਕਾਰੀ ਅੱਜ ਰਾਤ ਵੀ ਗਮਾਡਾ ਦਫ਼ਤਰ ਵਿੱਚ ਹੀ ਠਹਿਰ ਕੇ ਆਪਣੀ ਕਾਰਵਾਈ ਜਾਰੀ ਰੱਖਣਗੇ। ਲਗਾਤਾਰ ਦੂਜੀ ਰਾਤ ਵੀ ਛਾਪੇਮਾਰੀ ਜਾਰੀ ਰਹਿਣ ਦੀ ਸੰਭਾਵਨਾ ਨੇ ਮਾਮਲੇ ਦੀ ਗੰਭੀਰਤਾ ਨੂੰ ਹੋਰ ਵਧਾ ਦਿੱਤਾ ਹੈ।
ਚੰਡੀਗੜ੍ਹ 'ਚ IAS ਅਫ਼ਸਰ ਦੀ ਰਿਹਾਇਸ਼ 'ਤੇ ਦਸਤਕ
ਗਮਾਡਾ ਦਫ਼ਤਰ 'ਚ ਚੱਲ ਰਹੀ ਕਾਰਵਾਈ ਦੇ ਨਾਲ-ਨਾਲ ਈਡੀ ਵੱਲੋਂ ਆਪਣਾ ਘੇਰਾ ਹੋਰ ਵਿਸ਼ਾਲ ਕੀਤਾ ਗਿਆ ਹੈ। ਅੱਜ ਈਡੀ ਦੀਆਂ ਟੀਮਾਂ ਨੇ ਚੰਡੀਗੜ੍ਹ ਦੇ ਹਾਈ-ਪ੍ਰੋਫ਼ਾਈਲ ਖੇਤਰ ਸੈਕਟਰ 19 ਸਥਿਤ ਪੰਜਾਬ ਦੇ ਇੱਕ ਸੀਨੀਅਰ ਆਈ.ਏ.ਐੱਸ. (IAS) ਅਫ਼ਸਰ ਦੀ ਰਿਹਾਇਸ਼ ਉੱਤੇ ਵੀ ਦਸਤਕ ਦਿੱਤੀ। ਸੂਤਰਾਂ ਅਨੁਸਾਰ, ਈਡੀ ਵੱਲੋਂ ਉਕਤ ਅਧਿਕਾਰੀ ਦੇ ਘਰ ਵੀ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਗਮਾਡਾ ਨਾਲ ਜੁੜੇ ਕੰਮਕਾਜ ਅਤੇ ਵਿੱਤੀ ਲੈਣ-ਦੇਣ ਦੇ ਸਬੰਧ ਵਿੱਚ ਇਸ ਕਾਰਵਾਈ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਈਡੀ ਦੀ ਇਸ ਕਾਰਵਾਈ ਦੀ ਲਪੇਟ ਵਿੱਚ ਪੰਜਾਬ ਦੇ ਸਿਆਸੀ ਆਗੂ ਵੀ ਆਉਂਦੇ ਵਿਖਾਈ ਦੇ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਈਡੀ ਵੱਲੋਂ ਪੰਜਾਬ ਦੇ ਇੱਕ ਵਜ਼ੀਰ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ। ਹਾਲਾਂਕਿ, ਅਜੇ ਤੱਕ ਇਹ ਪੂਰੀ ਤਰ੍ਹਾਂ ਨਾਲ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮੰਤਰੀ ਦੇ ਰਿਸ਼ਤੇਦਾਰ ਦੇ ਘਰ ਇਹ ਰੇਡ ਕਿਸ ਖਾਸ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਹੈ। ਇਸ ਕਾਰਵਾਈ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਵੀ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ।
ਚੋਣਾਂ ਤੋਂ ਪਹਿਲਾਂ ਭਾਜਪਾ ਪੰਜਾਬ ਵਿੱਚ ਡਰ ਦਾ ਮਾਹੌਲ ਬਣਾਉਣ ਲਈ ਕੇਂਦਰੀ ਏਜੰਸੀਆਂ ਦਾ ਸਹਾਰਾ ਲੈ ਰਹੀ ਹੈ: AAP
ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) 'ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਤੋਂ ਬਾਅਦ ਆਮ ਆਦਮੀ ਪਾਰਟੀ (AAP) ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਡਰ ਅਤੇ ਦਬਾਅ ਦਾ ਮਾਹੌਲ ਬਣਾਉਣ ਲਈ ਇੱਕ ਵਾਰ ਫਿਰ ਕੇਂਦਰੀ ਏਜੰਸੀਆਂ ਦਾ ਸਹਾਰਾ ਲੈ ਰਹੀ ਹੈ।
'ਆਪ' ਨੇ ਕਿਹਾ ਕਿ ਅਜਿਹੀ ਕਾਰਵਾਈ ਦਾ ਸਮਾਂ ਅਤੇ ਤਰੀਕਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ, ਖਾਸ ਕਰਕੇ ਜਦੋਂ ਭਗਵੰਤ ਮਾਨ ਸਰਕਾਰ ਪੂਰੇ ਸੂਬੇ ਵਿੱਚ ਜਨ-ਕਲਿਆਣਕਾਰੀ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਦਾ ਵਿਸਥਾਰ ਕਰ ਰਹੀ ਹੈ।
ਇੱਕ ਬਿਆਨ ਵਿੱਚ 'ਆਪ' ਨੇ ਕਿਹਾ, "ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੇਂਦਰੀ ਏਜੰਸੀਆਂ ਰਾਹੀਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਰਾਜਨੀਤਿਕ ਤੌਰ 'ਤੇ ਭਗਵੰਤ ਮਾਨ ਸਰਕਾਰ ਦੇ ਕੰਮਾਂ ਨੂੰ ਰੋਕ ਨਹੀਂ ਸਕਦੀ।
ਦਿੱਲੀ ਚੋਣਾਂ ਤੋਂ ਪਹਿਲਾਂ ਵੀ ਛਾਪੇਮਾਰੀ, ਏਜੰਸੀਆਂ ਦੀ ਵਰਤੋਂ ਅਤੇ ਦਬਾਅ ਦੀ ਇਹੋ ਜਿਹੀ ਰਾਜਨੀਤੀ ਦੇਖੀ ਗਈ ਸੀ। ਹੁਣ ਪੰਜਾਬ ਵਿੱਚ ਵੀ ਉਹੀ ਫਾਰਮੂਲਾ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੰਜਾਬ ਕਿਸੇ ਤੋਂ ਡਰਨ ਵਾਲਾ ਨਹੀਂ ਹੈ।"
'ਆਪ' ਨੇ ਕਿਹਾ, "ਗਮਾਡਾ ਮੋਹਾਲੀ ਦੇ ਯੋਜਨਾਬੱਧ ਵਿਕਾਸ ਅਤੇ ਸੰਸਾਧਨ ਜੁਟਾਉਣ ਵਾਲੀ ਇੱਕ ਮਹੱਤਵਪੂਰਨ ਸੰਸਥਾ ਹੈ। ਇਸ ਦੇ ਅਧਿਕਾਰੀਆਂ ਵਿੱਚ ਡਰ ਦਾ ਮਾਹੌਲ ਬਣਾਉਣ ਨਾਲ ਵਿਕਾਸ ਕਾਰਜਾਂ ਦੀ ਰਫ਼ਤਾਰ 'ਤੇ ਸਿੱਧਾ ਅਸਰ ਪੈ ਸਕਦਾ ਹੈ। ਕੇਂਦਰ ਸਰਕਾਰ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਉਸ ਦੀਆਂ ਏਜੰਸੀਆਂ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੀ ਅਥਾਰਟੀ ਨੂੰ ਨਿਸ਼ਾਨਾ ਕਿਉਂ ਬਣਾ ਰਹੀਆਂ ਹਨ?"
- Download Babushahi App
-
-