ਨਸ਼ਾ ਤਸਕਰਾਂ ਨੂੰ ਬਚਾਉਣ ਤੇ ਉਹਨਾਂ ਨੂੰ ਬੇਨਕਾਬ ਕਰਨ ਵਾਲਿਆਂ ’ਤੇ ਤਸ਼ੱਦਦ ਢਾਹੁਣ ਦੀ ਨੀਤੀ ’ਤੇ ਚਲ ਰਹੀ ਆਪ: ਹਰਸਿਮਰਤ
ਕਿਹਾ ਕਿ ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਨੇ ਇਕ ਨਸ਼ਾ ਤਸਕਰ ਦਾ ਬਚਾਅ ਕੀਤਾ ਤੇ ਸ਼ਿਕਾਇਤ ਕਰਨ ਵਾਲਿਆਂ ਖਿਲਾਫ ਪੁਲਿਸ ਕਾਰਵਾਈ ਕਰਵਾ ਦਿੱਤੀ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ 2026: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨਸ਼ਾ ਤਸਕਰਾਂ ਦਾ ਬਚਾਅ ਕਰਨ ਤੇ ਉਹਨਾਂ ਨੂੰ ਬੇਨਕਾਬ ਕਰਨ ਵਾਲਿਆਂ ’ਤੇ ਤਸ਼ੱਦਦ ਢਾਹੁਣ ਦੀ ਨੀਤੀ ’ਤੇ ਚਲ ਰਹੀ ਹੈ ਤੇ ਇਹ ਗੱਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਰਵੱਈਏ ਤੋਂ ਵੀ ਪਤਾ ਚਲਦਾ ਹੈ ਜਿਹਨਾਂ ਨੇ ਆਪਣੇ ਹਲਕੇ ਵਿਚ ਨਸ਼ਾ ਵੇਚਣ ਵਾਲੇ ਪਾਰਟੀ ਆਗੂ ਦਾ ਬਚਾਅ ਕੀਤਾ ਅਤੇ ਇਸ ਮਾਮਲੇ ਨੂੰ ਜਨਤਕ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਕਾਰਵਾਈ ਕਰਵਾ ਕੇ ਤਸ਼ੱਦਦ ਢਾਹਿਆ।
ਬਠਿੰਡਾ ਦੇ ਐਮ ਪੀ ਨੇ ਲੰਬੀ ਅਤੇ ਗਿੱਦੜਬਾਹਾ ਵਿਚ ’ਮਾਵਾਂ ਧੀਆਂ ਇਨਸਾਫ’ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਕਾਰਜਕਾਰੀ ਮੈਜਿਸਟਰੇਟਰਾਂ ਨੂੰ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਣ ਵਾਸਤੇ ਮਾਰਚਾਂ ਦੀ ਅਗਵਾਈ ਕੀਤੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਗੁਰਮੀਤ ਖੁੱਡੀਆਂ ਜੋ ਸੂਬਾ ਵਿਧਾਨ ਸਭਾ ਵਿਚ ਲੰਬੀ ਦੀ ਪ੍ਰਤੀਨਿਧਤਾ ਕਰਦੇ ਹਨ, ਨੇ ਖੁੱਡੀਆਂ ਲਾਭ ਸਿੰਘ ਵਾਲਾ ਪਿੰਡ ਵਿਚ ਉਸ ਪੰਚਾਇਤ ਮੈਂਬਰ ਦੇ ਪੁੱਤਰ ਦੀ ਸ਼ਰ੍ਹੇਆਮ ਹਮਾਇਤ ਕੀਤੀ ਜੋ ਹਲਕੇ ਵਿਚ ਨਸ਼ਾ ਵੇਚਦਾ ਹੈ ਕਿਉਂਕਿ ਉਹ ਇਕ ਆਪ ਆਗੂ ਹੈ। ਉਹਨਾਂ ਕਿਹਾ ਕਿ ਮੰਤਰੀ ਨੇ ਇਲਾਕੇ ਦੇ ਲੋਕਾਂ ਅਤੇ ਉਸ ਬਜ਼ੁਰਗ ਮਹਿਲਾ ਦੀ ਗੱਲ ਵੀ ਨਹੀਂ ਸੁਣੀ ਜੋ ਉਸ ਨਸ਼ਾ ਤਸਕਰ ਦੇ ਖਿਲਾਫ ਸ਼ਿਕਾਇਤ ਲੈ ਕੇ ਪਹੁੰਚੀ ਸੀ। ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਪ੍ਰਤੀ ਖੁੱਡੀਆਂ ਦੀ ਵਫਾਦਾਰੀ ਇਥੋਂ ਵੀ ਸਾਬਤ ਹੋ ਜਾਂਦੀ ਹੈ ਕਿ ਜਦੋਂ ਇਕ ਨਿਰਪੱਖ ਪੱਤਰਕਾਰ ਨੇ ਨਸ਼ਾ ਤਸਕਰ ਨੂੰ ਬੇਨਕਾਬ ਕੀਤਾ ਅਤੇ ਇਹ ਮਾਮਲਾ ਵਾਇਰਲ ਹੋਇਆ ਤਾਂ ਸ਼ਿਕਾਇਤ ਕਰਤਾ ਦੇ ਖਿਲਾਫ ਪੁਲਿਸ ਭੇਜ ਦਿੱਤੀ ਗਈ ਜਿਸਨੇ ਅੰਨਾ ਤਸ਼ੱਦਦ ਢਾਹਿਆ ਤੇ ਪੱਤਰਕਾਰ ਦੇ ਖਿਲਾਫ ਵੀ ਕੇਸ ਦਰਜ ਕਰ ਦਿੱਤਾ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਕਾਰਨ ਆਪਣੇ ਪੁੱਤਰ ਗੁਆਉਣ ਵਾਲੀਆਂ ਦਾ ਦੁੱਖ ਬਹੁਤ ਵੱਡਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਤਕਲੀਫਦੇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਪ੍ਰਾਪੇਗੰਡੇ ਵਿਚ ਲੱਗੇ ਹਨ ਤੇ ਸੂਬੇ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਰੋਜ਼ਾਨਾ ਨੌਜਵਾਨ ਮੌਤ ਦੇ ਮੂੰਹ ਪੈ ਰਹੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਨਸ਼ਾ ਤਸਕਰੀ ਨੂੰ ਨਕੇਲ ਪਾਉਣ ਵਿਚ ਆਪਣੀ ਅਸਫਲਤਾ ਦਾ ਦੋਸ਼ ਅਕਾਲੀ ਦਲ ਦੇ ਸਿਰ ਮੜ੍ਹਨ ਦਾ ਯਤਨ ਕੀਤਾ ਜੋ 10 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਸੂਬੇ ਦੀਆਂ ਗਲੀਆਂ ਵਿਚ ਨਸ਼ਿਆਂ ਦੀ ਸ਼ਰ੍ਹੇਆਮ ਵਿਕਰੀ ’ਤੇ ਉਹਨਾਂ ਦਾ ਕੋਈ ਕੰਟਰੋਲ ਕਿਉਂ ਨਹੀਂ ਹੈ ਜਦੋਂ ਕਿ ਉਹ ਦਾਅਵਾ ਕਰਦੇ ਹਨ ਕਿ ਉਹਨਾਂ ਨੂੰ ਪਤਾ ਹੈ ਕਿ ਨਸ਼ਾ ਕਿਥੇ ਬਣਦਾ ਹੈ ਤੇ ਕਿਵੇਂ ਵਿਕਦਾ ਹੈ। ਉਹਨਾਂ ਕਿਹਾ ਕਿ ਜਿਹੜੇ ਆਪ ਆਗੂ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਦੇ ਹਨ, ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਅਤੇ ਮੁੱਖ ਮੰਤਰੀ ਦੀ ਨਿਗਰਾਨੀ ਹੇਠ ਨਸ਼ਾ ਤਸਕਰੀ ਵਿਚ 10 ਗੁਣਾ ਵਾਧਾ ਕਿਉਂ ਹੋਇਆ, ਇਸ ਗੱਲ ਦਾ ਕੋਈ ਜਵਾਬ ਨਹੀਂ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਨੌਜਵਾਨਾਂ ਦੀ ਇਕ ਪੀੜੀ ਦੇ ਖ਼ਾਤਮੇ ਵਾਸਤੇ ਬੰਦੂਕਾਂ ਦੀ ਵਰਤੋਂ ਕੀਤੀ ਸੀ ਤੇ ਹੁਣ ਆਪ ਸਰਕਾਰ ਸੂਬੇ ਵਿਚ ਸੱਤਾ ਸੰਭਾਲਣ ਵੇਲੇ ਕੀਤੇ ਚਾਰ ਮਹੀਨਿਆਂ ਵਿਚ ਨਸ਼ਾ ਤਸਕਰੀ ਖਤਮ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਵਿਚ ਅਸਫਲ ਹੋ ਕੇ ਇਕ ਪੀੜੀ ਨੂੰ ਖ਼ਤਰੇ ਵਿਚ ਪਾ ਰਹੀ ਹੈ। ਸਰਦਾਰਨੀ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਵਿਚ ਮਹਿਲਾਵਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਹਨਾਂ ਔਰਤਾਂ ਨਾਲ ਮਾੜਾ ਹੋਇਆ, ਉਹ ਮੁੱਖ ਮੰਤਰੀ ਤੱਕ ਵੀ ਪਹੁੰਚੀਆਂ ਹਨ ਤੇ ਇਹਨਾਂ ਵਿਚੋਂ ਦੋ ਨੇ ਤਾਂ ਇਕ ਮੀਡੀਆ ਇਨਫਲੂਐਂਸਰ ਦੇ ਖਿਲਾਫ ਜ਼ਬਰ ਜਨਾਹ ਦੇ ਕੇਸ ਵੀ ਦਾਇਰ ਕੀਤੇ ਪਰ ਸਰਕਾਰ ਨੇ ਇਹਨਾਂ ਔਰਤਾਂ ਦੀ ਮਦਦ ਵਾਸਤੇ ਕੱਖ ਵੀ ਨਹੀਂ ਕੀਤਾ। ਉਲਟਾ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਨੇ ਜ਼ਬਰ ਜਨਾਹ ਦੇ ਮੁਲਜ਼ਮ ਗੁਰੀ ਚਹਿਲ ਦੇ ਨਜ਼ਦੀਕੀ ਨਾਲ 5 ਕਰੋੜ ਰੁਪਏ ਵਿਚ ਸੌਦਾ ਕੀਤਾ ਤੇ ਯਕੀਨੀ ਬਣਾਇਆ ਕਿ ਉਹ ਜੇਲ੍ਹ ਵਿਚੋਂ ਛੁੱਟ ਜਾਵੇ ਤੇ ਅਮਰੀਕਾ ਭੱਜ ਜਾਵੇ। ਉਹਨਾਂ ਕਿਹਾ ਕਿ ਅਸੀਂ ਜ਼ਬਰ ਜਨਾਹ ਦੇ ਪੀੜਤਾਂ ਵਾਸਤੇ ਇਨਸਾਫ ਅਤੇ ਗੁਰਪ੍ਰੀਤ ਕੌਰ ਖਿਲਾਫ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਮੰਗਦੇ ਹਾਂ।
ਮੰਗ ਪੱਤਰ ਵਿਚ ਇਹ ਵੀ ਆਖਿਆ ਗਿਆ ਕਿ ਆਪ ਸਰਕਾਰ ਔਰਤਾਂ ਨੂੰ ਪ੍ਰਤੀ ਮਹੀਨਾ ਇਕ-ਇਕ ਹਜ਼ਾਰ ਰੁਪਏ ਦੇਣ ਦੇ ਕੀਤੇ ਵਾਅਦੇ ਮੁਤਾਬਕ ਉਹਨਾਂ ਦਾ ਬਣਦਾ 60-60 ਹਜ਼ਾਰ ਰੁਪਏ ਬਕਾਇਆ ਅਦਾ ਕਰੇ। ਉਹਨਾਂ ਕਿਹਾ ਸਾਡੀਆਂ ਔਰਤਾਂ ਨੂੰ 3-3 ਹਜ਼ਾਰ ਰੁਪਏ ਦੇ ਕੇ ਖਰੀਦਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਸਾਡਾ ਹੱਕ ਹੈ ਕਿ ਅਸੀਂ ਹਰ ਔਰਤ ਦਾ ਬਣਦਾ 60-60 ਹਜ਼ਾਰ ਰੁਪਿਆ ਮੰਗੀਏ। ਸਰਕਾਰੀ ਬਾਦਲ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਹਮਾਇਤ ਕਰਨ ਕਿਉਂਕਿ ਅਕਾਲੀ ਦਲ ਨੇ ਹੀ ਪਹਿਲਾਂ ਆਟਾ ਦਾਲ, ਸ਼ਗਨ ਤੇ ਬੁਢਾਪਾ ਪੈਨਸ਼ਨ ਵਰਗੀਆਂ ਨਿਵੇਕਲੀਆਂ ਸਕੀਮਾਂ ਸ਼ੁਰੂ ਕੀਤੀਆਂ ਜਿਸਦਾ ਉਹਨਾਂ ਨੂੰ ਹੁਣ ਤੱਕ ਲਾਭ ਮਿਲਦਾ ਰਿਹਾ ਹੈ ਭਾਵੇਂ ਹੁਣ ਆਪ ਸਰਕਾਰ ਨੇ ਉਹਨਾਂ ਵਿਚ ਕਟੌਤੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਅਸੀਂ ਨਾ ਸਿਰਫ ਇਹਨਾਂ ਸਕੀਮਾਂ ਦੇ ਸਾਰੇ ਲਾਭਪਾਤਰੀਆਂ ਦੇ ਨਾਮ ਬਹਾਲ ਕਰਾਂਗੇ ਜੋ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਕੱਟੇ ਹਨ ਬਲਕਿ ਅਸੀਂ ਤੁਹਾਡੇ ਲਾਭ ਵਿਚ ਵਾਧਾ ਵੀ ਕਰਾਂਗੇ।
- Download Babushahi App
-
-