ਸਿੱਖ ਵਿਰੋਧੀ ਧਿਰਾਂ ਦਾ ਹੋਵੇ ਸਮਾਜਿਕ ਬਾਈਕਾਟ! ਖਾਲੜਾ ਮਿਸ਼ਨ ਦਾ ਵੱਡਾ ਬਿਆਨ; ਕੀਤੀ ਮੰਗ- ਸ੍ਰੀ ਅਕਾਲ ਤਖ਼ਤ ਸਾਹਿਬ ਬਣਾਵੇ ਜਾਂਚ ਕਮਿਸ਼ਨ
ਝੂਠੇ ਮੁਕਾਬਲਿਆਂ ਤੇ ਬੇਅਦਬੀਆਂ ਦੇ ਦੋਸ਼ੀਆਂ ਦੇ ਬਾਈਕਾਟ ਦੀ ਉੱਠੀ ਮੰਗ, ਖਾਲੜਾ ਮਿਸ਼ਨ ਨੇ ਘੇਰੀਆਂ ਸਿਆਸੀ ਪਾਰਟੀਆਂ
ਅੰਮ੍ਰਿਤਸਰ/ਚੰਡੀਗੜ੍ਹ, 9 ਜੁਲਾਈ 2026- ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ (KMO) ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਵੱਲੋਂ ਅੱਜ ਇੱਕ ਅਹਿਮ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਕੌਮ ਨੂੰ ਵੱਡੀ ਅਪੀਲ ਕੀਤੀ ਗਈ ਹੈ। ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ 14 ਜੁਲਾਈ ਨੂੰ ਹੋ ਰਹੇ ਅਰਦਾਸ ਸਮਾਗਮ ਦੇ ਮੌਕੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84 ਕਤਲੇਆਮ, ਨਸ਼ਿਆਂ ਅਤੇ ਬੇਅਦਬੀਆਂ ਵਿੱਚ ਸ਼ਾਮਿਲ ਸਾਰੀਆਂ ਧਿਰਾਂ (ਕਾਂਗਰਸ, ਭਾਜਪਾ, ਬਾਦਲ ਦਲ ਅਤੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ) ਦਾ ਪੂਰਨ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਜਾਵੇ।
ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਵਿੱਚ ਮਾਰੇ ਗਏ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਅਤੇ ਜੂਨ 1984 ਦੇ ਫੌਜੀ ਹਮਲੇ ਦੀ ਅਸਲ ਸੱਚਾਈ ਸਾਹਮਣੇ ਲਿਆਉਣ ਲਈ ਇੱਕ ਵਿਸ਼ੇਸ਼ ਜਾਂਚ ਕਮਿਸ਼ਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਾਂ ਦੀ ਨਸਲਕੁਸ਼ੀ ਦਾ ਸੱਚ ਦੁਨੀਆ ਸਾਹਮਣੇ ਆਵੇਗਾ ਅਤੇ ਸਿੱਖੀ ਨਾਲ ਵੈਰ ਕਮਾ ਰਹੀਆਂ ਧਿਰਾਂ ਦੇ ਚਿਹਰੇ ਨੰਗੇ ਹੋਣਗੇ। ਖਾਲੜਾ ਮਿਸ਼ਨ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਅਤੇ ਨਵੰਬਰ-84 ਦਾ ਕਤਲੇਆਮ, ਮੰਨੂਵਾਦੀ ਸੋਚ ਵੱਲੋਂ ਸਿੱਖੀ ਉੱਪਰ ਕੀਤਾ ਗਿਆ ਇੱਕ ਯੋਜਨਾਬੱਧ ਹਮਲਾ ਸੀ, ਜੋ ਸਰਬੱਤ ਦੇ ਭਲੇ ਅਤੇ ਹਲੇਮੀ ਰਾਜ ਦੇ ਸੰਦੇਸ਼ ਨੂੰ ਦਬਾਉਣ ਲਈ ਕੀਤਾ ਗਿਆ ਸੀ।
ਜਥੇਬੰਦੀ ਨੇ ਵੱਖ-ਵੱਖ ਸਿਆਸੀ ਆਗੂਆਂ ਅਤੇ ਪਾਰਟੀਆਂ ਦੇ ਕਿਰਦਾਰ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਪ੍ਰਕਾਸ਼ ਸਿੰਘ ਬਾਦਲ ਅਤੇ ਕੇ.ਪੀ.ਐਸ. ਗਿੱਲ ਵਿਚਾਲੇ ਹੋਈਆਂ ਗੁਪਤ ਮੁਲਾਕਾਤਾਂ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ, ਜਿਸ ਕਾਰਨ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ। ਭਾਜਪਾ ਜੂਨ-84 ਦੇ ਹਮਲੇ ਦੇ ਹੱਕ ਵਿੱਚ ਕਿਉਂ ਖੜ੍ਹੀ ਹੋਈ? ਅਤੇ ਸਿੱਖਾਂ ਦੀ ਕੁੱਲ ਨਾਸ਼ ਦੇ ਦੋਸ਼ੀ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੂੰ 'ਭਾਰਤ ਰਤਨ' ਕਿਉਂ ਦਿੱਤਾ ਗਿਆ? ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਕੋਲ ਪੇਸ਼ ਕਰਵਾਏ ਗਏ 21 ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਕਿਉਂ ਖ਼ਤਮ ਕੀਤਾ ਗਿਆ?
"ਖਾਲੜਾ ਦੇ ਕਾਤਲ DSP ਨੂੰ ਆਜ਼ਾਦ ਕਰਕੇ ਨੰਗੀ ਹੋਈ ਆਪ"
ਜਥੇਬੰਦੀ ਨੇ ਮੌਜੂਦਾ ਪੰਜਾਬ ਸਰਕਾਰ 'ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ 'ਆਮ ਆਦਮੀ ਪਾਰਟੀ' ਨੇ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲ ਡੀ.ਐਸ.ਪੀ. (DSP) ਜਸਪਾਲ ਸਿੰਘ ਨੂੰ ਜੇਲ੍ਹ ਵਿੱਚੋਂ ਆਜ਼ਾਦ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਕਾਂਗਰਸ, ਭਾਜਪਾ ਅਤੇ ਬਾਦਲਾਂ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੀ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਲੁਟੇਰੀਆਂ ਪਾਰਟੀਆਂ ਦੇ ਆਗੂਆਂ ਨੂੰ ਮੂੰਹ ਨਾ ਲਾਇਆ ਜਾਵੇ ਅਤੇ ਗੁਰੂ ਘਰਾਂ ਵਿੱਚ ਇਨ੍ਹਾਂ ਦਾ ਸਨਮਾਨ ਬੰਦ ਕੀਤਾ ਜਾਵੇ।
ਇਸ ਮੌਕੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲਾ, ਹਰਮਨਦੀਪ ਸਿੰਘ, ਸਤਵਿੰਦਰ ਸਿੰਘ, ਬਲਦੇਵ ਸਿੰਘ ਸਾਘਣਾ, ਬੌਬੀ ਕੁਮਾਰ, ਸਤਵੰਤ ਸਿੰਘ ਮਾਣਕ, ਗੋਪਾਲ ਸਿੰਘ ਖਾਲੜਾ, ਜਸਬੀਰ ਸਿੰਘ ਨੌਸ਼ਿਹਰਾ, ਬਾਬਾ ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਤਰਨਤਾਰਨ, ਦਲਬੀਰ ਸਿੰਘ ਭਿੱਲੋਵਾਲ, ਸੁਖਦੇਵ ਸਿੰਘ ਤਰਨਤਾਰਨ ਅਤੇ ਕਾਬਲ ਸਿੰਘ ਜੋਧਪੁਰ ਸਮੇਤ ਕਈ ਪ੍ਰਮੁੱਖ ਆਗੂ ਹਾਜ਼ਰ ਸਨ।
- Download Babushahi App
-
-