Babushahi Special ਖੱਚਰ ਰੇਹੜੇ :ਉੱਚੇ ਮਿਨਾਰਿਆਂ ਤੇ ਜਗਾਈਏ ਕਿੱਦਾਂ ਜੋਤਾਂ ਜਿੰਦਗੀ ਤਾਂ ਸਾਡੀ ਹਨੇਰ ਕੋਠੜੀ
ਅਸ਼ੋਕ ਵਰਮਾ
ਬਠਿੰਡਾ,26 ਅਕਤੂਬਰ 2025: ਸ਼ਹਿਰਾਂ ਤੋਂ ਪਿੰਡਾਂ ਤੱਕ ਭਾੜੇ ’ਤੇ ਸਾਮਾਨ ਢੋਣ ਵਾਲੀਆਂ ਚਿੱਟੇ ਹਾਥੀ ਵਰਗੀਆਂ ਛੋਟੀਆਂ ਗੱਡੀਆਂ ਖੱਚਰ ਰੇਹੜਿਆਂ ਰਾਹੀਂ ਆਪਣੇ ਪ੍ਰੀਵਾਰ ਪਾਲਣ ਵਾਲਿਆਂ ਦੇ ਰੁਜ਼ਗਾਰ ਨੂੰ ਡਾਢੀ ਸੱਟ ਮਾਰਨ ਵਾਲੀਆਂ ਸਾਬਤ ਹੋਈਆਂ ਹਨ। ਰਹਿੰਦੀ ਕਸਰ ਜੁਗਾੜੂ ਮੋਟਰਸਾਈਕਲ ਰੇਹੜੀਆਂ ਨੇ ਕੱਢ ਦਿੱਤੀ ਹੈ ਜਿਨ੍ਹਾਂ ਨੇ ਰੇਹੜਾ ਚਾਲਕਾਂ ਨੂੰ ਆਪਣਾ ਕਿੱਤਾ ਛੱਡ ਕੇ ਮਜ਼ਦੂਰੀ ਕਰਨ ਲਈ ਮਜਬੂਰ ਕਰ ਦਿੱਤਾ ਹੈ। ਹੁਣ ਤਾਂ ਸਥਿਤੀ ਇਹ ਬਣੀ ਹੋਈ ਹੈ ਕਿ ਪਿੰਡਾਂ ’ਚ ਵੱਖ ਵੱਖ ਤਰਾਂ ਦਾ ਸਮਾਨ ਅਤੇ ਮੰਡੀਆਂ ’ਚ ਵਿਕਣ ਲਈ ਨਰਮੇ ਦੀ ਵੱਡੀ ਪੱਧਰ ਤੇ ਢੋਆ-ਢੁਆਈ ਕਰਨ ਵਾਲੇ ਰੇਹੜਾ ਚਾਲਕ ਇੱਕ ਅੱਧਾ ਗੇੜਾ ਲਾਉਣ ਨੂੰ ਤਰਸਣ ਲੱਗੇ ਹਨ। ਕੋਈ ਸਮਾਂ ਸੀ ਕਿ ਜਦੋਂ ਵੱਡੇ ਸ਼ਹਿਰਾਂ ਦੇ 25 ਤੋਂ 30 ਕਿੱਲੋਮੀਟਰ ਦੇ ਦਾਇਰੇ ਹੇਠ ਆਉਣ ਵਾਲੇ ਕਸਬਿਆਂ ਅਤੇ ਪਿੰਡਾਂ ਤੱਕ ਸਮਾਨ ਲਿਜਾਣ ਅਤੇ ਲਿਆਉਣ ਲਈ ਖੱਚਰ ਰੇਹੜਾ ਇੱਕ ਮਹੱਤਵਪੂਰਨ ਸਾਧਨ ਹੁੰਦਾ ਸੀ।
ਟਾਟਾ ਏਸ ਵਰਗੀਆਂ ਛੋਟੀਆਂ ਗੱਡੀਆਂ ਕਾਰਨ ਢੋਆ ਢੁਆਈ ਦੇ ਸਾਧਨਾਂ ’ਚ ਆਈ ਤਬਦੀਲੀ ਕਰਕੇ ਰੇਹੜਾ ਚਾਲਕਾਂ ਦਾ ਰੁਜ਼ਗਾਰ ਡੁੱਬਣ ਕੰਢੇ ਆਇਆ ਸੀ ਜਦੋਂਕਿ ਜੁਗਾੜੂ ਰੇਹੜੀਆਂ ਤਾਂ ਇੰਨ੍ਹਾਂ ਗਰੀਬ ਪ੍ਰੀਵਾਰਾਂ ਦੇ ਜੜੀਂ ਬੈਠ ਗਈਆਂ ਹਨ। ਦਰਅਸਲ ਲੋਕਾਂ ’ਚ ਬਣਿਆ ਤੇਜੀ ਦਾ ਰੁਝਾਨ ਵੀ ਇੰਨ੍ਹਾਂ ਰੇਹੜਾ ਚਾਲਕਾਂ ਲਈ ਮਾਰੂ ਸਿੱਧ ਹੋਇਆ ਹੈ। ਇਹ ਛੋਟੀਆਂ ਅਤੇ ਜੁਗਾੜੂ ਗੱਡੀਆਂ, ਰੇਹੜਿਆਂ ਨਾਲੋਂ ਕਿਰਾਇਆ ਘੱਟ ਲੈਂਦੀਆਂ ਹਨ ਤੇ ਸਮਾਨ ਵੀ ਟਿਕਾਣੇ ਤੇ ਜਲਦੀ ਪੁੱਜਦਾ ਕਰ ਦਿੰਦੀਆਂ ਹਨ ਜੋ ਲੋਕਾਂ ਦੀ ਤਰਜੀਹ ਬਦਲਣ ਦਾ ਕਾਰਨ ਬਣਿਆ ਹੈ। ਇਸੇ ਕਾਰਨ ਜਿਆਦਾਤਰ ਰੇਹੜਾ ਚਾਲਕਾਂ ਨੇ ਆਪਣਾ ਕਿੱਤਾ ਤਿਆਗ ਦਿੱਤਾ ਹੈ ਅਤੇ ਹੋਰ ਕੰਮ ਕਾਜ ਕਰਨ ਲੱਗੇ ਹਨ। ਕਈਆਂ ਨੇ ਮੰਡੀਆਂ ਵਿੱਚ ਮਜ਼ਦੂਰੀ ਜਾਂ ਖੇਤਾਂ ’ਚ ਦਿਹਾੜੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਲੋਕ ਇਸ ਧੰਦੇ ’ਚ ਟਿਕੇ ਹੋਏ ਹਨ ਉਨ੍ਹਾਂ ਨੂੰ ਆਪਣੇ ਪ੍ਰੀਵਾਰ ਪਾਲਣੇ ਔਖੇ ਹੋਏ ਪਏ ਹਨ।
ਜਾਣਕਾਰੀ ਅਨੁਸਾਰ ਇਕੱਲੀ ਬਠਿੰਡਾ ਅਨਾਜ ਮੰਡੀ ਲਾਗੇ ਸਾਲ 1992 ਤੱਕ 90 ਰੇਹੜਾ ਚਾਲਕ ਸ਼ਾਨੋ ਸ਼ੌਕਤ ਨਾਲ ਆਪਣਾ ਰੁਜ਼ਗਾਰ ਚਲਾਉਂਦੇ ਸਨ ਜਿੰਨ੍ਹਾਂ ਦੀ ਗਿਣਤੀ ਹੁਣ ਮਸਾਂ ਅੱਧੀ ਦਰਜਨ ਹੀ ਰਹਿ ਗਈ ਹੈ। ਸ਼ਨੀਵਾਰ ਨੂੰ ਬਠਿੰਡਾ ਦੀ ਅਨਾਜ ਮੰਡੀ ਵਿੱਚ ਸਿਰਫ ਇੱਕ ਹੀ ਰੇਹੜਾ ਚਾਲਕ ਸਾਧੂ ਸਿੰਘ ਖਲੋਤਾ ਸੀ ਜੋ ਗੇੜਾ ਮਿਲਣ ਦਾ ਇੰਤਜਾਰ ਕਰ ਰਿਹਾ ਸੀ। ਨਿਮੋਝੂਣੇ ਸਾਧੂ ਸਿੰਘ ਨੇ ਦੱਸਿਆ ਕਿ ਬਹੁਤੇ ਲੋਕਾਂ ਦੇ ਕੰਮ ਛੱਡਣ ਦਾ ਕਾਰਨ ਮਹਿੰਗਾਈ ਦੇ ਇਸ ਯੁੱਗ ’ਚ ਖੁਦ ਦੇ ਪ੍ਰੀਵਾਰ ਦਾ ਔਖੋ ਹੋਇਆ ਪਾਲਣ ਪੋਸ਼ਣ ਹੈ ,ਬੱਚਿਆਂ ਨੂੰ ਚੰਗੀ ਸਿੱਖਿਆ ਤਾਂ ਦੂਰ ਦੀ ਗੱਲ ਹੈ। ਉਸ ਨੇ ਦੱਸਿਆ ਕਿ ਇਸ ਵੇਲੇ ਕਈ ਰੇਹੜਾ ਚਾਲਕ ਮੰਡੀਆਂ ’ਚ ਕੰਮ ਕਰ ਰਹੇ ਹਨ ਕਿਉਂਕਿ ਇੱਥੇ ਗੇੜਾ ਲੰਗੇ ਡੰਗ ਮਿਲਦਾ ਹੈ। ਉਹ ਆਖਦਾ ਹੈ ਕਿ ਜੁਗਾੜੂ ਮੋਟਰਸਾਈਕਲ ਰੇਹੜੀਆਂ ਨੇ ਤੇ ਉਨ੍ਹਾਂ ਨੂੰ ਕਿਧਰੇ ਦਾ ਨਹੀਂ ਛੱਡਿਆ ਹੈ ।
ਰੇਹੜਾ ਚਾਲਕ ਕ੍ਰਿਸ਼ਨ ਚੰਦ ਨੇ ਦੱਸਿਆ ਕਿ ਨਵਾਂ ਖੱਚਰ-ਰੇਹੜਾ ਤਿਆਰ ਕਰਨ ’ਤੇ 80 ਤੋਂ 85 ਹਜ਼ਾਰ ਰੁਪਏ ਤੱਕ ਖਰਚਾ ਆਉਂਦਾ ਹੈ। ਉਸ ਨੇ ਦੱਸਿਆ ਕਿ ਜੇਕਰ ਕੋਈ ਕਰਜ਼ਾ ਚੁੱਕ ਕੇ ਅਜਿਹਾ ਰੇਹੜਾ ਬਣਾ ਵੀ ਲਵੇ ਤਾਂ ਖੱਚਰ ਸਮੇਤ ਹੱਡ-ਭੰਨਵੀਂ ਕਾਰ ਕਰਨ ਦੇ ਬਾਵਜੂਦ ਪੱਲੇ ਕੁੱਝ ਨਹੀਂ ਪੈਂਦਾ ਹੈ। ਵੱਡੀ ਦਿੱਕਤ ਹੈ ਕਿ ਉਮਰ ਭਰ ਉਸ ਨੂੰ ਕਰਜ਼ੇ ਤੋਂ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ ਹੈ। ਉਸ ਨੇ ਦੱਸਿਆ ਕਿ ਖੱਚਰ ਨੂੰ ਰੋਜ਼ਾਨਾ ਦਿੱਤੀ ਜਾਣ ਵਾਲੀ ਢੁੱਕਵੀਂ ਖੁਰਾਕ ’ਤੇ 300 ਤੋਂ 350 ਰੁਪਏ ਖਰਚ ਕਰਨੇ ਪੈਂਦੇ ਹਨ। ਕੰਮ ਘਟਣ ਕਾਰਨ ਉਹ ਖੱਚਰ ਨੂੰ ਖੁਰਾਕ ਵੀ ਪੂਰੀ ਨਹੀਂ ਦੇ ਸਕਦੇ ਜਿਸ ਕਰਕੇ ਕੰਮਜ਼ੋਰ ਹੋਏ ਪਸ਼ੂ ਦੀ ਕਾਰਜ ਸਮਰੱਥਾ ਤੇ ਵੀ ਅਸਰ ਪੈਂਦਾ ਹੈ । ਕ੍ਰਿਸ਼ਨ ਚੰਦ ਨੇ ਦੱਸਿਆ ਕਿ ਅਜਿਹੀਆਂ ਔਕੜਾਂ ਕਾਰਨ ਕੰਮਜ਼ੋਰੀ ਦੌਰਾਨ ਕੰਮ ਕਰਦੀਆਂ ਖੱਚਰਾਂ ਤਾਂ ਦਮ ਵੀ ਤੋੜ ਦਿੰਦੀਆਂ ਹਨ।
ਸਾਜ਼ੋ ਸਮਾਨ ਵੀ ਮਹਿੰਗਾ
ਜਾਣਕਾਰੀ ਅਨੁਸਾਰ 20 ਸਾਲ ਪਹਿਲਾਂ ਇੱਕ ਖੱਚਰ ਦੇ ਪੈਰਾਂ ਵਿੱਚ 50 ਤੋਂ 60 ਰੁਪਏ ਵਿੱਚ ਖੁਰੀਆਂ ਲੱਗ ਜਾਂਦੀਆਂ ਸਨ ਜਦੋਂਕਿ ਹੁਣ 125 ਤੋਂ 150 ਰੁਪਏ ਲੱਗਦੇ ਹਨ। ਰੇਹੜਾ ਲਗਾਤਾਰ ਚੱਲਣ ਤੇ ਖੁਰੀਆਂ 10 ਤੋਂ 20 ਦਿਨ ਤੱਕ ਹੀ ਚਲਦੀਆਂ ਹਨ ਜਦੋਂਕਿ ਘੱਟ ਕੰਮ ਦੌਰਾਨ ਮਸਾਂ ਮਹੀਨਾ ਲੰਘਦਾ ਹੈ। ਉੱਪਰੋਂ ਹੁਣ ਖੁਰੀਆਂ ਲਾਉਣ ਵਾਲੇ ਮਿਸਤਰੀ ਵੀ ਪਹਿਲਾਂ ਜਿੰਨੇ ਨਹੀਂ ਹਨ ਜੋ ਸਮੱਸਿਆ ਦਾ ਇੱਕ ਹੋਰ ਵੱਡਾ ਪਹਿਲੂ ਹੈ। ਇਸ ਤੋਂ ਇਲਾਵਾ ਪਸ਼ੂ ਦੀ ਖੁਰਾਕ ਅਤੇ ਰੇਹੜੇ ਦੇ ਬਾਕੀ ਸਮਾਨ ਤੇ ਵੀ ਮਹਿੰਗਾਈ ਦੀ ਮਾਰ ਪਈ ਹੈ।
ਸਦਕੇ ਲੋਹੇ ਦੀ ਖੱਚਰ ਦੇ
ਮੋਟਰਸਾਈਕਲ ਰੇਹੜੀ ਤੇ ਖਾਦ ਲਿਜਾ ਰਹੇ ਸ਼ਾਮ ਸੁੰਦਰ ਦਾ ਕਹਿਣਾ ਸੀ ਕਿ ਉਨ੍ਹਾਂ ਆਪਣੇ ਰੇਹੜਾ ਚਾਲਕ ਪਿਤਾ ਨੂੰ ਕਦੇ ਸੌਖਾ ਸਾਹ ਲੈਂਦਾ ਦੇਖਿਆ ਸੀ। ਉਨ੍ਹਾਂ ਕਿਹਾ ‘ਸਦਕੇ ਜਾਈਏ ‘ਲੋਹੇ ਦੀ ਖੱਚਰ’ ਦੇ ਜਿਸਦੇ ਸਿਰ ਤੇ ਪ੍ਰੀਵਾਰ ਮੌਜਾਂ ਕਰਨ ਲੱਗਿਆ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਨਹੀਂ ਪੜ੍ਹ ਸਕਿਆ ਪਰ ਬੱਚੇ ਚੰਗੇ ਸਕੂਲ ’ਚ ਪੜ੍ਹਦੇ ਹਨ।
ਸਰਕਾਰੀ ਨੀਤੀਆਂ ਦੀ ਮਾਰ
ਖੱਬੇ ਪੱਖੀ ਆਗੂ ਕਾਮਰੇਡ ਮਾਹੀਪਾਲ ਦਾ ਕਹਿਣਾ ਸੀ ਕਿ ਸਰਕਾਰਾਂ ਅਜਿਹੇ ਲੋਕਾਂ ਨੂੰ ਪੱਕੇ ਪੈਰੀ ਕਰਨ ਲਈ ਸੁਹਿਰਦ ਨਹੀਂ ਹਨ। ਉਨ੍ਹਾਂ ਕਿਹਾ ਕਿ ਗੈਰਹੁੰਨਰਮੰਦ ਹੋਣ ਕਰਕੇ ਇਹ ਲੋਕ ਹੋਰ ਕੰਮ ਧੰਦੇ ਕਰਨ ਤੋਂ ਅਸਮਰੱਥ ਹਨ ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਉਨ੍ਹਾਂ ਨੂੰ ਸਥਾਈ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾਣ।