42ਵਾਂ ਇੰਡੀਅਨ ਆਾਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ
ਇੰਡੀਅਨ ਏਅਰ ਫੋਰਸ ਨੇ ਪੰਜਾਬ ਪੁਲਿਸ ਨੂੰ 3-2 ਨਾਲ ਹਰਾਇਆ
ਜਲੰਧਰ 25 ਅਕਤੂਬਰ 2025- ਉਲੰਪੀਅਨ ਖਿਡਾਰੀਆਂ ਨਾਲ ਸਜੀ ਪੰਜਾਬ ਪੁਲਿਸ ਨੂੰ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਇੰਡੀਅਨ ਏਅਰ ਫੋਰਸ ਹੱਥੋਂ 2-3 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਚਲ ਰਹੇ ਇਸ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਦੌਰ ਦੇ ਦੂਜੇ ਮੈਚ ਵਿੱਚ ਸੀਆਰਪੀਐਫ ਦਿੱਲੀ ਅਤੇ ਭਾਰਤੀ ਰੇਲਵੇ ਦਿੱਲੀ ਦੀਆਂ ਇਕ ਇਕ ਦੀ ਬਰਾਬਰੀ ਤੇ ਰਹੀਆਂ। ਪਹਿਲਾ ਮੈਚ ਪੂਲ ਬੀ ਵਿੱਚ ਇੰਡੀਅਨ ਏਅਰ ਫੋਰਸ ਅਤੇ 10 ਉਲੰਪੀਅਨ ਖਿਡਾਰੀਆਂ ਨਾਲ ਸਜੀ ਪੰਜਾਬ ਪੁਲਿਸ ਜਲੰਧਰ ਦਰਮਿਆਨ ਖੇਡਿਆ ਗਿਆ। ਪੰਜਾਬ ਪੁਲਿਸ ਵਲੋਂ ਪਹਿਲਾ ਗੋਲ ਖੇਡ ਦੇ 7ਵੇਂ ਮਿੰਟ ਵਿੱਚ ਪ੍ਰਭਦੀਪ ਸਿੰਘ ਨੇ ਕਰਕੇ ਸਕੋਰ 1-0 ਕੀਤਾ। ਜਦਕਿ 9ਵੇਂ ਮਿੰਟ ਵਿੱਚ ਇੰਡੀਅਨ ਏਅਰ ਫੋਰਸ ਦੇ ਸੁਮਿਤ ਨੇ ਗੋਲ ਕਰਕੇ ਸਕੋਰ 1-1 ਕੀਤਾ।ਖੇਡ ਦੇ 35ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਉਲੰਪੀਅਨ ਦਿਲਪ੍ਰੀਤ ਸਿੰਘ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦੇ ਪਾਸ ਤੇ ਗੋਲ ਕਰਕੇ ਸਕੋਰ 2-1 ਕੀਤਾ।
ਖੇਡ ਦੇ 39ਵੇਂ ਮਿੰਟ ਵਿੱਚ ਏਅਰ ਫੋਰਸ ਦੇ ਐਮ ਕ੍ਰਿਅੱਪਾ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-2 ਕੀਤਾ। ਖੇਡ ਦੇ 41ਵੇਂ ਮਿੰਟ ਵਿੱਚ ਏਅਰ ਫੋਰਸ ਦੇ ਸਾਗਰ ਸਿੰਗਡੇ ਨੇ ਗੋਲ ਕਰਕੇ ਸਕੋਰ 3-2 ਕੀਤਾ। ਮੈਚ ਦੌਰਾਨ ਪੰਜਾਬ ਪੁਲਿਸ ਨੂੰ 13 ਪੈਨਲਟੀ ਕਾਰਨਰ ਮਿਲੇ ਪਰ ਏਅਰ ਫੋਰਸ ਦੇ ਗੋਲਕੀਪਰ ਪੁਨੰਨਾ ਪਾਲਨਗਡੇ ਨੇ ਭਾਰਤੀ ਟੀਮ ਦੇ ਕਪਤਾਨ ਉਲੰਪੀਅਨ ਹਰਮਨਪ੍ਰੀਤ ਸਿੰਘ ਅਤੇ ਉਲੰਪੀਅਨ ਰੁਪਿੰਦਰਪਾਲ ਸਿੰਘ ਵਲੋਂ ਲਾਏ ਸਾਰੇ ਪੈਨਲਟੀ ਕਾਰਨਰ ਬੇਕਾਰ ਕਰ ਦਿੱਤੇ। ਪੰਜਾਬ ਪੁਲਿਸ ਦੇ ਦੋ ਲੀਗ ਮੈਚਾਂ ਤੋਂ ਤਿੰਨ ਅੰਕ ਹਨ। ਪੰਜਾਬ ਪੁਲਿਸ ਨੇ ਪਹਿਲੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ ਹਰਾਇਆ ਸੀ। ਦੂਜਾ ਮੈਚ ਪੂਲ ਏ ਵਿੱਚ ਸੀਆਰਪੀਐਫ ਦਿੱਲੀ ਅਤੇ ਭਾਰਤੀ ਰੇਲਵੇ ਦਿੱਲੀ ਦਰਮਿਆਨ ਖੇਡਿਆ ਗਿਆ।ਖੇਡ ਦੇ ਅੱਧੇ ਸਮੇਂ ਤੱਕ ਦੋਵੇਂ ਟੀਮਾਂ 0-0 ਤੇ ਬਰਾਬਰ ਸਨ। ਖੇਡ ਦੇ 57ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਸ੍ਰੀਆਸ ਭਾਵਿਕਦਾਸ ਦੂਬੇ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 59ਵੇਂ ਮਿੰਟ ਵਿੱਚ ਸੀਆਰਪੀਐਫ ਦੇ ਸ਼ਮਸ਼ੇਰ ਨੇ ਪੈਨਲਟੀ ਸਟਰੋਕ ਰਾਹੀਂ ਗੋਲ ਕਰਕੇ ਸਕੋਰ 1-1 ਕੀਤਾ।
ਮੈਚ ਬਰਾਬਰੀ ਤੇ ਰਹਿਣ ਕਰਕੇ ਦੋਵੇਂ ਟੀਮਾਂ ਨੂੰ ਇਕ ਇਕ ਅੰਕ ਮਿਿਲਆ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਗੁਰਮੇਲ ਸਿੰਘ, ਅਰਜੁਨ ਐਵਾਰਡੀ ਰਾਜਬੀਰ ਕੌਰ, ਮੇਅਰ ਨਗਰ ਨਿਗਮ ਜਲੰਧਰ ਵਨੀਤ ਧੀਰ, ਐਨਆਰਆਈ ਰਣਜੀਤ ਸਿੰਘ ਟੁੱਟ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਉਲੰਪੀਅਨ ਰਜਿੰਦਰ ਸਿੰਘ, ਉਲੰਪੀਅਨ ਮੁਖਬੈਨ ਸਿੰਘ, ਮੁੱਖਵਿੰਦਰ ਸਿੰਘ, ਲਖਵਿੰਦਰ ਪਾਲ ਸਿੰਘ ਖਹਿਰਾ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁੱਲੂ, ਰਾਮ ਪ੍ਰਤਾਪ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਐਲ ਆਰ ਨਈਅਰ, ਬਲਜੀਤ ਸਿੰਘ ਉਲੰਪੀਅਨ ਸੁਰਜੀਤ ਸਿੰਘ ਦੇ ਵੱਡੇ ਭਰਾ, ਹਰਿੰਦਰ ਸੰਘਾ, ਗੁਰਿੰਦਰ ਸੰਘਾ, ਰਣਬੀਰ ਟੁੱਟ, ਨਰਿੰਦਰ ਪਾਲ ਸਿੰਘ ਜੱਜ, ਨੱਥਾ ਸਿੰਘ ਗਾਖਲ, ਗੌਰਵ ਮਹਾਜਨ, ਕੁਲਵਿੰਦਰ ਸਿੰਘ ਥਿਆੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
26 ਅਕਤੂਬਰ ਦੇ ਮੈਚ
- ਭਾਰਤ ਪੈਟਰੋਲੀਅਮ ਬਨਾਮ ਬੀਐਸਐਫ ਜਲੰਧਰ - 4-30 ਵਜੇ
- ਇੰਡੀਅਨ ਆਇਲ ਮੁੰਬਈ ਬਨਾਮ ਰੇਲ ਕੋਚ ਫੈਕਟਰੀ ਕਪੂਰਥਲਾ –5-45 ਵਜੇ