ਪਹਿਲਾਂ ‘ਹਰਾ ਨਗਰ ਕੀਰਤਨ’ ਸਫੈਲਾਬਾਦ ਤੋਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚਿਆ
ਸੰਤ ਸੀਚੇਵਾਲ ਨੇ ਨਗਰ ਕੀਰਤਨ ਦੌਰਾਨ ਵੰਡਿਆ 3500 ਬੂਟਿਆਂ ਦਾ ਪ੍ਰਸ਼ਾਦ, ਗੁਰਬਾਣੀ ਦੇ ਨਾਲ-ਨਾਲ ਵਾਤਾਵਰਨ ਦੁਆਲੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 26 ਅਕਤੂਬਰ 2025 - ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਨਗਰ ਕੀਰਤਨ ਗੁਰਦੁਆਰਾ ਗੁਰਸਾਰ ਸਾਹਿਬ ਸਫੈਲਾਬਾਦ ਤੋਂ ਚੱਲਕੇ ਨਿਰਮਲ ਕੁਟੀਆ ਪਵਿੱਤਰ ਵੇਈਂ ਵਿਖੇ ਆ ਕੇ ਸੰਪਨ ਹੋਇਆ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਸ ਨਗਰ ਕੀਰਤਨ ਨੇ 28 ਕਿਲੋਮੀਟਰ ਦਾ ਲੰਮਾ ਪੈਂਡਾ ਤੈਅ ਕੀਤਾ।ਨਗਰ ਕੀਰਤਨ ਦੌਰਾਨ ਪ੍ਰਸ਼ਾਦ ਦੇ ਰੂਪ ਵਿੱਚ 3500 ਬੂਟੇ ਵੰਡੇ। ਸੰਗਤਾਂ ਨੇ ਬੜੇ ਚਾਅ ਤੇ ਸ਼ਰਧਾ ਨਾਲ ਬੂਟਿਆਂ ਦਾ ਪ੍ਰਸ਼ਾਦ ਪ੍ਰਾਪਤ ਕੀਤਾ। ਸੰਤ ਸੀਚੇਵਾਲ ਨੇ ਸਮੁੱਚੇ ਨਗਰ ਕੀਰਤਨ ਦੌਰਾਨ ਜਿੱਥੇ ਗੁਰੁ ਨਾਨਕ ਦੇਵ ਜੀ ਦੀ ਗੁਰਬਾਣੀ ਦੀ ਵਿਆਖਿਆ ਕੀਤੀ ਉਥੇ ਹੀ ਪੰਜਾਬ ਅਤੇ ਪੰਜਾਬ ਵਿੱਚ ਵਾਤਾਵਰਨ ਦੇ ਖੜੇ ਗੰਭੀਰ ਸੰਕਟ ਬਾਰੇ ਚਰਚਾ ਕੀਤੀ। ਕਿਸਾਨਾਂ ਵੱਲੋਂ ਪਰਾਲੀ ਨਾ ਸਾੜ ਕੇ ਸਗੋਂ ਉਸ ਨੂੰ ਖੇਤਾਂ ਵਿੱਚ ਹੀ ਵਹਾਅ ਕੇ ਆਲੂਆਂ ਦੀ ਵੱਧ ਪੈਦਾਵਾਰ ਲਈ ਹੈ।
ਨਗਰ ਕੀਰਤਨ ਦੌਰਾਨ ਹੋਏ ਵੱਖ-ਵੱਖ ਪੜਾਵਾਂ ਦੌਰਾਨ ਵੀ ਉਨ੍ਹਾਂ ਪੰਜਾਬ ਦੇ ਵਿਗੜ ਰਹੇ ਵਾਤਾਵਰਨ ‘ਤੇ ਡੰਘੀ ਚਿੰਤਾ ਪ੍ਰਗਟਾਈ ਅਤੇ ਰਲਮਿਲ ਕੇ ਸਾਂਝੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਸੰਤ ਸੀਚੇਵਾਲ ਨੇ ਸੰਗਤਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੇ 25 ਸਾਲਾਂ ਦੇ ਲੰਮੇ ਅਰਸੇ ਦੌਰਾਨ ਬਾਬੇ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਨਦੀਂ ਨੂੰ ਮੁੜ ਨਿਰਮਲਧਾਰਾ ਵਿੱਚ ਬਦਲ ਕੇ ਰੱਖ ਦਿੱਤਾ ਹੈ। ਇਸੇ ਤਜ਼ਰਬੇ ਨੂੰ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਰਤਿਆ ਜਾ ਰਿਹਾ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਸੀਂ ਨਾ ਤਾਂ ਬਾਬੇ ਨਾਨਕ ਦੀ ਗੱਲ ਮੰਨੀ ਤੇ ਨਾ ਹੀ ਵਿਿਗਆਨ ਦੀ ਤੇ ਨਾ ਹੀ ਸੰਵਿਧਾਨ ਦੀ ਕੋਈ ਗੱਲ ਮੰਨੀ। ਉਨ੍ਹਾਂ ਦੱਸਿਆ ਕਿ ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਦੀ ਗੁਣਵੱਤਾ 1100 ਦੇ ਅੰਕੜੇ ਨੂੰ ਵੀ ਪਾਰ ਕਰ ਗਈ ਸੀ। ਇਸੇ ਤਰ੍ਹਾਂ ਪੰਜਾਬ ਦੀ ਆਬੋ-ਹਵਾ ਵੀ ਸਾਹ ਲੈਣ ਯੋਗ ਨਹੀਂ ਸੀ ਇਹ ਵੀ 400 ਦਾ ਅੰਕੜਾ ਪਾਰ ਕਰ ਗਈ ਸੀ। ਜਦ ਕਿ ਇਹ ਜ਼ੀਰੋਂ ਤੋਂ 50 ਤੱਕ ਹੀ ਚਾਹੀਦਾ ਹੁੰਦਾ ਹੈ।
ਬਾਬੇ ਨਾਨਕ ਨੇ ਹਵਾ, ਪਾਣੀ ਤੇ ਧਰਤੀ ਨੂੰ ਗੁਰੁ, ਪਿਤਾ ਤੇ ਮਾਤਾ ਦਾ ਦਰਜਾ ਦਿੱਤਾ ਸੀ। ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਇਸ ਦੇ ਹਰ ਚੱਪੇ ‘ਤੇ ਬੂਟੇ ਲਗਾਉਣ ਦੀ ਲੋੜ ਹੈ। ਜਿਆਦਾ ਬੂਟੇ ਲਗਾਉਣ ਨਾਲ ਹੀ ਆਲਮੀ ਤਪਸ਼ ਵਰਗੀ ਵਿਸ਼ਵਵਿਆਪੀ ਸਮਸਿਆ ਨੂੰ ਘਟਾਇਆ ਜਾ ਸਕਦਾ ਹੈ।ਸੰਤ ਸੀਚੇਵਾਲ ਨੇ ਕਿਹਾ ਕਿ ਜੇ ਅਸੀਂ ਵੱਡੀ ਪੱਧਰ ‘ਤੇ ਬੂਟੇ ਲਾ ਕੇ ਉਨ੍ਹਾਂ ਨੂੰ ਪਾਲ ਲਿਆ ਤਾਂ ਇਹ ਸਮਝੋਂ ਤੁਸੀਂ ਬਾਬੇ ਨਾਨਕ ਦ ਸੁਨੇਹਾ ਮੰਨ ਲਿਆ।ਹਵਾ,ਪਾਣੀ ਤੇ ਧਰਤੀ ਇੱਕਲੇ ਮਨੁੱਖ ਲਈ ਨਹੀਂ ਸਗੋਂ ਇਸ ਧਰਤੀ ਗ੍ਰਹਿ ਨੂੰ ਬਚਾਉਣ ਲਈ ਪੁੱਟਿਆ ਗਿਆ ਇੱਕ ਕਦਮ ਸਮਝਿਆ ਜਾਵੇਗਾ।
ਇਸ ਤੋਂ ਪਹਿਲਾਂ ਗੁਰਦੁਆਰਾ ਗੁਰਸਰ ਦੇ ਮੁੱਖ ਸੇਵਾਦਾਰ ਸੰਤ ਲੀਡਰ ਸਿੰਘ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਨਗਰ ਕੀਰਤਨ ਰਵਾਨਾ ਹੋਣ ਤੋਂ ਪਹਿਲਾਂ ਗੱਤਕਾ ਖਿਡਾਰੀਆਂ ਨੇ ਆਪਣੇ ਜ਼ੋਹਰ ਦਿਖਾਕੇ ਸੰਗਤਾਂ ਨੂੰ ਨਿਹਾਲ ਕੀਤਾ। ਛੋਟੇ ਬੱਚਿਆਂ ਨੇ ਕੀਰਤਨ ਕਰਕੇ ਸਾਰੀ ਸੰਗਤ ਦਾ ਧਿਆਨ ਆਪਣੀ ਸੁਰੀਲ ਅਵਾਜ਼ ਦੁਆਲੇ ਕੇਂਦਰਿਤ ਕਰ ਲਿਆ। ਇਸ ਮੌਕੇ ਸੰਤ ਅਮਰੀਕ ਸਿੰਘ ਖੁਖਰੈਣ ਵਾਲੇ ਮਹਾਤਮਾ ਮੁਨੀ ਖੈੜਾ ਬੇਟ ਵਾਲੇ, ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਹਲਕਾ ਸੁਲਤਾਨਪੁਰ ਤੋਂ ਆਪ ਦੇ ਇੰਚਾਰਜ਼ ਸੱਜਣ ਸਿੰਘ ਚੀਮਾ ਨੇ ਹਜ਼ਾਰੀਆਂ ਭਰੀਆਂ। ਨਗਰ ਕੀਰਤਨ ਦਾ ਸਵਾਗਤ ਕਰਨ ਵਾਲਿਆਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ, ਯੂਥ ਕਲੱਬਾਂ ਅਤੇ ਇਲਾਕੇ ਦੀਆਂ ਹੋਰ ਸਖਸ਼ੀਅਤਾਂ ਸ਼ਾਮਿਲ ਸਨ।
ਬੂਟੇ ਪਾਲਣ ਵਾਲੇ ਹੋਣਗੇ ਸਨਮਾਨਨਿਤ
ਨਗਰ ਕੀਤਰਨ ਦੌਰਾਨ ਸੰਗਤਾਂ ਬੂਟਿਆਂ ਦਾ ਪ੍ਰਸ਼ਾਦ ਵੰਡਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਬੂਟਿਆਂ ਨੂੰ ਲਾਉਣ ਦਾ ਜਿੰਨਾ ਮਹੱਤਵ ਹੈ, ਬੂਟਿਆਂ ਨੂੰ ਸੰਭਾਲਣ ਉਸ ਤੋਂ ਵੱਧ ਪੁੰਨ ਵਾਲਾ ਕੰਮ ਹੈ। ਉਹਨਾਂ ਕਿਹਾ ਕਿ ਸਾਲ 2008 ਤੋਂ ਨਗਰ ਕੀਰਤਨ ਦੌਰਾਨ ਬੂਟਿਆਂ ਦਾ ਪ੍ਰਸ਼ਾਦ ਵੰਡਣ ਦੀ ਪਾਈ ਗਈ ਨਿਰਮਲ ਰੀਤ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਿਲਆ ਹੈ। ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਹਰ ਸਾਲ ਵੇਈਂ ਦੀ ਕਾਰਸੇਵਾ ਦੀ ਵਰ੍ਹੇਗੰਢ ਮੌਕੇ ਵੱਧ ਤੋਂ ਵੱਧ ਬੂਟੇ ਲਗਾਉਣ ਵਾਲੇ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਵਾਲੀ ਸ਼ਖਸ਼ੀਅਤ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਇਹ ਇੱਕ ਉਮੀਦ ਦੀ ਹੋਰ ਵੱਡੀ ਪੁਲਾਂਘ ਹੋਵੇਗੀ।